ਚੰਡੀਗੜ੍ਹ, 21 ਅਕਤੂਬਰ 2019 - ਡੀ.ਏ. ਦੀ ਬਣਦੀ ਅਦਾਇਗੀ ਅਤੇ ਹੋਰ ਅਹਿਮ ਮੰਗਾਂ ਨੂੰ ਲੈ ਕੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਦੇ ਮੁਲਾਜ਼ਮ ਲਗਾਤਾਰ ਤੀਜੇ ਦਿਨ ਕਲਮ ਛੱਡੋ ਹੜਤਾਲ ਤੇ ਚਲੇ ਗਏ ਹਨ। ਸਕੱਤਰੇਤ, ਜੋ ਕਿ ਸੂਬਾ ਸਰਕਾਰ ਦਾ ਮੁੱਖ ਦਫਤਰ ਮੰਨਿਆ ਜਾਂਦਾ ਹੈ, ਦੇ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਲੰਘੇ ਵੀਰਵਾਰ ਨੂੰ ਕਲਮ ਛੱਡੋ ਹੜਤਾਲ ਸ਼ੁਰੂ ਕੀਤੀ ਸੀ । ਉਸ ਤੋਂ ਬਾਅਦ ਸ਼ੁੱਕਰਵਾਰ ਨੂੰ ਵੀ ਇਹ ਹੜਤਾਲ ਜਾਰੀ ਰਹੀ।
ਸਰਕਾਰ ਨੂੰ ਜਾਪਦਾ ਸੀ ਕਿ ਸ਼ੁੱਕਰਵਾਰ ਨੂੰ ਮੁਲਾਜ਼ਮਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ, ਪ੍ਰੰਤੂ ਮੁਲਾਜ਼ਮਾਂ ਵਿੱਚ ਸਰਕਾਰ ਖ਼ਿਲਾਫ਼ ਇੰਨਾ ਜ਼ਿਆਦਾ ਰੋਸ ਹੈ ਕਿ ਮੁਲਾਜ਼ਮ ਅੱਜ ਸੋਮਵਾਰ ਨੂੰ ਵੀ ਕਲਮ ਛੱਡੋ ਹੜਤਾਲ ਤੇ ਚਲੇ ਗਏ ਹਨ । ਜਾਣਕਾਰਾਂ ਦਾ ਕਹਿਣਾ ਹੈ ਕਿ ਲਗਾਤਾਰ ਕਲਮ ਛੱਡੋ ਹੜਤਾਲ ਕਾਰਨ ਪੰਜਾਬ ਸਰਕਾਰ ਦੀਆਂ ਕਈ ਅਹਿਮ ਫਾਈਲਾਂ ਰੁਕ ਗਈਆਂ ਹਨ । ਇਹ ਫਾਈਲਾਂ ਖਾਸ ਤੌਰ ਤੇ ਸਰਕਾਰ ਦੇ ਗ੍ਰਹਿ ਵਿਭਾਗ, ਵਿੱਤ ਵਿਭਾਗ, ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਨਾਲ ਸਬੰਧਤ ਹਨ। ਮੁਲਾਜ਼ਮਾਂ ਨੇ ਐਲਾਨ ਕੀਤਾ ਹੈ ਕਿ ਅੱਜ ਵੀ ਨਾ ਤਾਂ ਕੋਈ ਫਾਈਲ ਜਾਂ ਪੱਤਰ ਰਿਸੀਵ ਕੀਤਾ ਜਾਵੇਗਾ ਅਤੇ ਨਾ ਹੀ ਕੋਈ ਸਰਕਾਰੀ ਪੱਤਰ ਜਾਰੀ ਕੀਤਾ ਜਾਵੇਗਾ ।
ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ ਟੀ ਦੇ ਆਗੂ ਅਤੇ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਮੁੱਖ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਦੋਵਾਂ ਵਿੱਚ ਹੀ ਰੈਲੀਆਂ ਕਰਕੇ ਮੁਲਾਜ਼ਮਾਂ ਨੇ ਕਲਮ ਛੱਡੋ ਹੜਤਾਲ ਕੀਤੀ ਹੈ । ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਤੋਂ ਸਰਕਾਰ ਨੇ ਜਿਸ ਤਰ੍ਹਾਂ ਅੱਖਾਂ ਫੇਰੀਆਂ ਹਨ, ਸਰਕਾਰ ਦੇ ਅਜਿਹੇ ਰਵੱਈਏ ਖ਼ਿਲਾਫ਼ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮਾਂ ਵੱਲੋਂ ਵੱਡੇ ਸੰਘਰਸ਼ ਵਿੱਢੇ ਜਾਣਗੇ, ਜੋਕਿ ਮੁਲਾਜ਼ਮ ਸੰਘਰਸ਼ ਦਾ ਨਵਾਂ ਇਤਿਹਾਸ ਸਿਰਜਣਗੇ ।