ਪੁਲੀਸ ਜੁਆਨਾਂ ਤੇ ਅਰਧ ਸੈਨਿਕ ਬਲਾਂ ਦੀ ਸ਼ਹਾਦਤ ਸਾਡੇ ਲਈ ਪ੍ਰੇਰਨਾ ਸ੍ਰੋਤ
ਜ਼ਿਲ੍ਹਾ ਪੁਲੀਸ ਨੇ ਪੁਲੀਸ ਜੁਆਨਾਂ ਦਾ ਸ਼ਹੀਦੀ ਦਿਵਸ ਮਨਾਇਆ
ਸ਼ਹੀਦਾਂ ਦੇ ਵਾਰਸਾਂ ਨੂੰ ਸਨਮਾਨਿਆ ਗਿਆ
ਨਵਾਂ ਸ਼ਹਿਰ, 21 ਅਕਤੂਬਰ 2019 - ਜ਼ਿਲ੍ਹਾ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਐਸ.ਐਸ.ਪੀ. ਅਲਕਾ ਮੀਨਾ ਦੀ ਅਗਵਾਈ ’ਚ ਪੁਲਿਸ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਆਈ ਟੀ ਆਈ ਗਰਾਊਂਡ ਨਵਾਂਸ਼ਹਿਰ ਵਿਖੇ ਪੁਲਿਸ ਸ਼ਹੀਦੀ ਦਿਵਸ ਮੌਕੇ ‘ਸ਼ੋਕ ਪਰੇਡ’ ਕੀਤੀ ਗਈ, ਜਿਸ ਵਿੱਚ ਜ਼ਿਲ੍ਹੇ ਦੇ 28 ਪੁਲਿਸ/ਹੋਮਗਾਰਡ ਨਾਲ ਸਬੰਧਤ ਸ਼ਹੀਦਾਂ ਦੇ ਪਰਿਵਾਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਸਮਾਗਮ ’ਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਣਧੀਰ ਵਰਮਾ, ਸਿਵਲ ਜੱਜ (ਸੀਨੀਅਰ ਡਵੀਜ਼ਨ) ਯੁਕਤੀ ਗੋਇਲ, ਸੀ ਜੇ ਐਮ ਰਮਨ ਸ਼ਰਮਾ ਤੇ ਬੰਗਾ ਦੇ ਐਸ ਡੀ ਐਮ ਗੌਤਮ ਜੈਨ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
ਐਸ ਐਸ ਪੀ ਅਲਕਾ ਮੀਨਾ ਨੇ ਸ਼ਹੀਦ ਪੁਲਿਸ ਜੁਆਨਾਂ ਅਤੇ ਅਰਧ ਸੈਨਿਕ ਬਲਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਦਾ ਅਤਿਵਾਦ ਵਿਰੁੱਧ ਲੜਾਈ ’ਚ ਮਹੱਤਵਪੂ੍ਰਣ ਯੋਗਦਾਨ ਰਿਹਾ ਹੈ। ਪੁਲਿਸ ਦੇ ਜੁਆਨਾਂ ਨੇ ਤਾਂ ਅੱਗੇ ਹੋ ਕੇ ਲੜਾਈ ਲੜੀ ਹੀ ਪਰ ਉਨ੍ਹਾਂ ਦੇ ਪਰਿਵਾਰਾਂ ਨੇ ਵੀ ਇਸ ਅਮਨ ਦੀ ਜੰਗ ’ਚ ਹਿੱਸਾ ਲਿਆ। ਜਿਸ ਕਾਰਨ ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ ਪਰਿਵਾਰਾਂ ਨੂੰ ਵੀ ਨਿਸ਼ਾਨਾ ਬਣਨਾ ਪਿਆ। ਉਨ੍ਹਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਪੁਲੀਸ ਜੁਆਨਾਂ ਅਤੇ ਅਰਧ ਸੈਨਿਕ ਬਲਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਆਖਿਆ ਕਿ ਪੰਜਾਬ ’ਚੋਂ ਅਤਿਵਾਦ ਦਾ ਖਾਤਮਾ ਕਰਕੇ ਸ਼ਾਂਤੀ ਦੀ ਬਹਾਲੀ ਕਰਨ ’ਚ ਪੁਲਿਸ ਅਧਿਕਾਰੀਆਂ ਤੇ ਜੁਆਨਾਂ ਦੀ ਬਹਾਦਰੀ ਭਰੀ ਗਾਥਾ ਦਾ ਯੋਗਦਾਨ ਲਾ-ਮਿਸਾਲ ਅਤੇ ਅਭੁੱਲ ਹੈ ਕਿਉਂ ਜੋ ਦੁਨੀਆਂ ਦੇ ਬਹੁਤ ਸਾਰੇ ਦੇਸ਼ ਅੱਜ ਵੀ ਅਤਿਵਾਦ ਦੀ ਗੰਭੀਰ ਸਮੱਸਿਆ ਨਾਲ ਜੂਝਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਤੇ ਜੁਆਨਾਂ ਦੀ ਸ਼ਹਾਦਤ ਸਾਡੇ ਲਈ ਪ੍ਰੇਰਨਾ ਸ੍ਰੋਤ ਹੈ ਅਤੇ ਸਾਨੂੰ ਹਰ ਪਲ ਇਹ ਯਾਦ ਕਰਵਾਉਂਦੀ ਹੈ ਕਿ ਦੇਸ਼ ਨੂੰ ਜੇਕਰ ਸਾਡੀ ਵੀ ਕੁਰਬਾਨੀ ਦੀ ਲੋੜ ਪਵੇ ਤਾਂ ਕਦੇ ਵੀ ਪਿੱਛੇ ਨਹੀਂ ਹਟਾਂਗੇ।
ਐਸ ਪੀ (ਐਚ) ਬਲਵਿੰਦਰ ਸਿੰਘ ਭੀਖੀ ਨੇ ਇਸ ਮੌਕੇ ਪਿਛਲੇ ਸਾਲ ਦੌਰਾਨ ਸ਼ਹੀਦ ਹੋਏ ਦੇਸ਼ ਦੇ 292 ਪੁਲੀਸ ਜੁਆਨਾਂ ਅਤੇ ਅਰਧ ਸੈਨਿਕ ਬਲਾਂ ਅਤੇ ਅਤਿਵਾਦ ਦੌਰਾਨ ਸ਼ਹੀਦ ਹੋਏ ਜ਼ਿਲ੍ਹੇ ਦੇ 28 ਪੁਲੀਸ ਤੇ ਹੋਮਗਾਰਡ ਜੁਆਨਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਤਿਵਾਦ ਦੇ ਦੌਰ ਦੌਰਾਨ 1785 ਪੁਲੀਸ ਤੇ ਹੋਮ ਗਾਰਡ ਜੁਆਨਾਂ ਅਤੇ 262 ਪਰਿਵਾਰਿਕ ਮੈਂਬਰਾਂ ਨੂੰ ਏਕਤਾ ਤੇ ਅਖੰਡਤਾ ਦੀ ਲੜਾਈ ਦੌਰਾਨ ਆਪਣੀਆਂ ਜਾਨਾਂ ਦੀ ਕੁਰਬਾਨੀ ਦੇਣੀ ਪਈ। ਉਨ੍ਹਾਂ ਦੱਸਿਆ ਕਿ 21 ਅਕਤੂਬਰ 1959 ਨੂੰ ਲਦਾਖ ਨੇੜੇ ਹਾਟ ਸਪਿ੍ਰੰਗ ਵਿਖੇ ਦੇਸ਼ ਦੀ ਰਾਖੀ ਲਈ ਸ਼ਹੀਦ ਹੋਏ ਪੁਲੀਸ ਜੁਆਨਾਂ ਦੀ ਯਾਦ ਵਿੱਚ 1960 ਤੋਂ ਅੱਜ ਦੇ ਦਿਨ ਨੂੰ ਸੋਗ ਪਰੇਡ ਵਜੋਂ ਮਨਾਇਆ ਜਾਂਦਾ ਹੈ।
ਇਸ ਮੌਕੇ ਡੀ ਐਸ ਪੀ ਦੀਪਿਕਾ ਸਿੰਘ ਦੀ ਅਗਵਾਈ ਵਿੱਚ ਪੁਲੀਸ ਜੁਆਨਾਂ ਵੱਲੋਂ ਹਥਿਆਰ ਉਲਟੇ ਕਰਕੇ ਸ਼ੋਕ ਸਲਾਮੀ ਦਿੱਤੀ ਗਈ ਅਤੇ ਸਮਾਗਮ ’ਚ ਮੌਜੂਦ ਸਾਰੇ ਅਧਿਕਾਰੀਆਂ ਅਤੇ ਹਾਜ਼ਰੀਨਾਂ ਵੱਲੋਂ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਐਸ.ਐਸ.ਪੀ. ਅਲਕਾ ਮੀਨਾ ਵੱਲੋਂ ਸਮਾਗਮ ਤੋਂ ਬਾਅਦ ਸ਼ਹੀਦਾਂ ਪਰਿਵਾਰਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਗਈਆਂ ਅਤੇ ਮੌਕੇ ’ਤੇ ਹੀ ਅਧਿਕਾਰੀਆਂ ਨੂੰ ਨਿਪਟਾਰੇ ਲਈ ਹਦਾਇਤਾਂ ਕੀਤੀਆਂ ਗਈਆਂ।
ਇਸ ਮੌਕੇ ਐਸ.ਪੀ. (ਡੀ) ਵਜ਼ੀਰ ਸਿੰਘ ਖਹਿਰਾ, ਐਸ ਪੀ (ਪੀ ਬੀ ਆਈ) ਮਨਵਿੰਦਰ ਸਿੰਘ, ਡੀ.ਐਸ.ਪੀ. ਨਵਾਂਸ਼ਹਿਰ ਹਰਨੀਲ ਸਿੰਘ, ਡੀ ਐਸ ਪੀ (ਜਾਂਚ) ਹਰਜੀਤ ਸਿੰਘ ਰੰਧਾਵਾ, ਡੀ ਐਸ ਪੀ (ਕ੍ਰਾਈਮ ਅਗੇਨਸਟ ਪ੍ਰਾਪਰਟੀ) ਰਾਜ ਕੁਮਾਰ, ਜ਼ਿਲ੍ਹਾ ਸਿਖਿਆ ਅਫ਼ਸਰ (ਸੈਕੰਡਰੀ) ਹਰਚਰਨ ਸਿੰਘ, ਜੀ.ਓ.ਜੀਜ਼ (ਖੁਸ਼ਹਾਲੀ ਦੇ ਰਾਖੇ) ਦੇ ਜ਼ਿਲ੍ਹਾ ਪ੍ਰਮੁੱਖ ਸੇਵਾ ਮੁਕਤ ਕਰਨਲ ਚੂਹੜ ਸਿੰਘ, ਜ਼ਿਲ੍ਹਾ ਪੁਲਿਸ ਪੈਨਸ਼ਨਰ ਵੈਲਫ਼ੇਰ ਐਸੋਸੀਏਸ਼ਨ ਦੇ ਪ੍ਰਧਾਨ ਸੇਵਾਮੁਕਤ ਇੰਸਪੈਕਟਰ ਹਰਬੰਸ ਸਿੰਘ ਤੇ ਹੋਰ ਸੇਵਾਮੁਕਤ ਪੁਲਿਸ ਅਧਿਕਾਰੀ ਤੇ ਮੁਲਾਜ਼ਮ, ਸਾਂਝ ਕਮੇਟੀਆਂ ਦੇ ਮੈਂਬਰ, ਐਸ ਐਚ ਓਜ਼ ਅਤੇ ਜ਼ਿਲ੍ਹੇ ਦੇ ਸ਼ਹੀਦ ਪੁਲੀਸ ਕਰਮਚਾਰੀਆਂ ਦੇ ਪਰਿਵਾਰਾਂ ਨੇ ਭਾਗ ਲਿਆ।
ਸਮਾਗਮ ਦੇ ਅਖ਼ੀਰ ਵਿੱਚ ਜ਼ਿਲ੍ਹੇ ਦੇ ਸ਼ਹੀਦ ਹੋਏ ਅਧਿਕਾਰੀਆਂ ਤੇ ਜੁਆਨਾਂ ਇੰਸਪੈਕਟਰ ਹਰਜੀਤ ਸਿੰਘ, ਐਸ.ਆਈ. ਗਿਆਨ ਚੰਦ, ਐਸ.ਆਈ. ਹਰਦਿਆਲ ਸਿੰਘ, ਐਸ.ਆਈ. ਪ੍ਰੇਮ ਚੰਦ, ਏ.ਐਸ.ਆਈ. ਅਵਤਾਰ ਸਿੰਘ, ਏ.ਐਸ.ਆਈ. ਰਾਮ ਸਰੂਪ, ਏ.ਐਸ.ਆਈ. ਪ੍ਰਕਾਸ਼ ਚੰਦ, ਮੁੱਖ ਸਿਪਾਹੀ ਕਰਮ ਚੰਦ, ਮੁੱਖ ਸਿਪਾਹੀ ਪਰਵੀਨ ਕੁਮਾਰ, ਮੁੱਖ ਸਿਪਾਹੀ ਬਲਦੇਵ ਸਿੰਘ, ਸਿਪਾਹੀ ਜਸਪਾਲ ਰਾਮ, ਸੀ-ਟੂ ਹੁਸਨ ਲਾਲ, ਸਿਪਾਹੀ ਜਸਵੀਰ ਸਿੰਘ, ਸਿਪਾਹੀ ਕੇਵਲ ਸਿੰਘ, ਸਿਪਾਹੀ ਕੇਵਲ ਕਿ੍ਰਸ਼ਨ, ਸਿਪਾਹੀ ਜਗਦੀਸ਼ ਸਿੰਘ, ਸਿਪਾਹੀ ਸਦਾ ਰਾਮ, ਸਿਪਾਹੀ ਰੌਸ਼ਨ ਲਾਲ, ਸਿਪਾਹੀ ਪਰਮਜੀਤ ਸਿੰਘ, ਸਿਪਾਹੀ ਗੁਰਦਾਵਰ ਰਾਮ, ਸਿਪਾਹੀ ਰਾਮਜੀ ਦਾਸ, ਪੰਜਾਬ ਹੋਮਗਾਰਡ ਜੁਆਨਾਂ/ਐਸ ਪੀ ਓਜ਼ ਅਜੀਤ ਸਿੰਘ, ਧਿਆਨ ਸਿੰਘ, ਸੁਸ਼ੀਲ ਕੁਮਾਰ, ਅਵਤਾਰ ਸਿੰਘ, ਸੋਮ ਨਾਥ, ਅਮਰਜੀਤ ਸਿੰਘ ਅਤੇ ਦਿਲਬਾਗ਼ ਸਿੰਘ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।