ਗੁਰਨਾਮ ਸਿੱਧੂ
ਫਿਰੋਜ਼ਪੁਰ 21 ਅਕਤੂਬਰ : ਪੰਜਾਬ ਦੇ ਅੰਦਰ ਆਏ ਦਿਨ ਹੀ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨੈ ਹੁਣ ਤੱਕ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਅਜਿਹਾ ਨਹੀਂ ਬਚਿਆ ਹੋਣਾ, ਜਿੱਥੇ ਬੇਅਦਬੀ ਦੀ ਘਟਨਾ ਨਾ ਵਾਪਰੀ ਹੋਵੇ। ਧਾਰਮਿਕ ਗ੍ਰੰਥਾਂ ਦੀਆਂ ਹੋ ਰਹੀਆਂ ਬੇਅਦਬੀਆਂ ਅਤੇ ਸ਼ਾਰਟ ਸਰਕਟ ਦੇ ਕਾਰਨ ਅਗਨਭੇਂਟ ਹੋ ਰਹੇ ਸਰੂਪਾਂ ਨਾਲ ਕਈ ਲੋਕਾਂ ਦੇ ਮਨਾਂ ਨੂੰ ਕਾਫ਼ੀ ਜ਼ਿਆਦਾ ਠੇਸ ਪਹੁੰਚ ਰਹੀ ਹੈ। ਤਾਜ਼ਾ ਜੇਕਰ ਅਗਨਭੇਂਟ ਹੋਏ ਧਾਰਮਿਕ ਗ੍ਰੰਥ ਫਿਰੋਜ਼ਪੁਰ ਸ਼ਹਿਰ ਦੇ ਨਜ਼ਦੀਕ ਹੀ ਪੈਂਦੀ ਬਸਤੀ ਸੁੰਨਵਾਂ ਵਿਖੇ ਭਗਵਾਨ ਵਾਲਮੀਕ ਮੰਦਰ ਦੇ ਅੰਦਰ ਬਿਰਾਜਮਾਨ ਰਮਾਇਣ ਦੇ ਸਰੂਪਾਂ ਨੂੰ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸੂਰਤਾਂ ਦੇ ਹਵਾਲੇ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਬਸਤੀ ਸੁੰਨਵਾਂ ਵਿਖੇ ਘਰਾਂ ਦੇ ਨਜ਼ਦੀਕ ਹੀ ਭਗਵਾਨ ਵਾਲਮੀਕ ਜੀ ਦੇ ਮੰਦਰ ਬਣਿਆ ਹੋਇਆ ਹੈ, ਜਿਸ ਦੇ ਵਿਚ ਪਾਠੀ ਸਿੰਘ ਸੇਵਾ ਕਰਨ ਵਾਸਤੇ ਰੋਜ਼ਾਨਾ ਆਉਂਦੇ ਸਨ, ਪਰ ਅੱਜ ਜਦੋਂ ਇਲਾਕੇ ਦੇ ਲੋਕਾਂ ਨੇ ਸਵੇਰੇ ਭਗਵਾਨ ਵਾਲਮੀਕ ਜੀ ਦੇ ਮੰਦਰ ਵਿਚ ਵੇਖਿਆ ਤਾਂ ਜਿੱਥੇ ਰਮਾਇਣ ਦੇ ਸਰੂਪ ਬਿਰਾਜਮਾਨ ਸੀ, ਉਸ ਕਮਰੇ ਵਿੱਚੋਂ ਧੂੰਆਂ ਨਿਕਲ ਰਿਹਾ ਸੀ।
ਇਲਾਕੇ ਦੇ ਲੋਕ ਜਦੋਂ ਇਕੱਠੇ ਹੋ ਕੇ ਭਗਵਾਨ ਵਾਲਮੀਕ ਜੀ ਦੇ ਮੰਦਰ ਵਿਖੇ ਪਹੁੰਚੇ ਤਾਂ ਵੇਖਿਆ ਕਿ ਰਮਾਇਣ ਦੇ ਸਰੂਪਾਂ ਨੂੰ ਅੱਗ ਲੱਗੀ ਹੋਈ ਸੀ, ਜਿਸ ਨੂੰ ਇਲਾਕੇ ਨਿਕਾਸੀਆਂ ਦੇ ਵੱਲੋਂ ਪਾਣੀ ਆਦਿ ਦੀ ਮਦਦ ਦੇ ਨਾਲ ਬੁਝਾ ਦਿੱਤਾ ਗਿਆ। ਇਲਾਕਾ ਨਿਵਾਸੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਅਗਨਭੇਂਟ ਹੋਏ ਰਮਾਇਣ ਦੇ ਸਰੂਪਾਂ ਸਬੰਧੀ ਉਨ੍ਹਾਂ ਦੇ ਵੱਲੋਂ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਾਂਚ ਦੀ ਮੰਗ ਕੀਤੀ ਹੈ। ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਅਧਿਕਾਰੀਆਂ ਨੇ ਇਨ੍ਹਾਂ ਕਹਿ ਕੇ ਪੱਲਾ ਝਾੜ ਦਿੱਤਾ ਕਿ ਉਨ੍ਹਾਂ ਦੀ ਡਿਊਟੀ ਜ਼ਿਮਨੀ ਚੋਣਾਂ ਦੇ ਵਿੱਚ ਲੱਗੀ ਹੋਈ ਹੈ, ਜਿਸ ਦੇ ਕਾਰਨ ਉਹ ਚੋਣ ਡਿਊਟੀ ਤੋਂ ਵਿਹਲੇ ਹੋ ਕੇ ਹੀ ਭਗਵਾਨ ਵਾਲਮੀਕ ਜੀ ਦੇ ਮੰਦਰ ਵਿਚ ਲੱਗੀ ਅੱਗ ਦੇ ਕਾਰਨ ਅਗਨਭੇਂਟ ਹੋਏ ਰਮਾਇਣ ਦੇ ਸਰੂਪਾਂ ਬਾਰੇ ਜਾਂਚ ਕਰਨਗੇ।