ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਦੇ ਸੱਦੇ ਤੇ ਪੰਜਾਬ ਸਿਵਲ ਸਕੱਤਰੇਤ, ਡਾਇਰੈਕਟੋਰੇਟਜ਼ ਤੋਂ ਲੈ ਕੇ ਪੰਜਾਬ ਦੇ ਜਿਲ੍ਹਾ ਹੈਡਕੁਆਟਰਾਂ ਤੋਂ ਤਹਿਸੀਲ ਅਤੇ ਬਲਾਕ ਪੱਧਰ ਤੱਕ ਮੁਲਾਜ਼ਮਾਂ ਨੇ ਕਲਮ ਛੋੜ ਕਰਕੇ ਸਰਕਾਰੀ ਕੰਮ ਕਾਜ ਮੁਕੰਮਲ ਠੱਪ ਰੱਖਿਆ
ਚੰਡੀਗੜ੍ਹ, 21 ਅਕਤੂਬਰ 2019 - ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਦੀ ਹਾਈ ਪਾਵਰ ਕਮੇਟੀ ਮੈਬਰਾਂ ਅਤੇ ਕੁਆਰਡੀਨੇਟਰਾਂ ਦੀ ਹੰਗਾਮੀ ਮੀਟਿੰਗ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਹੋਈ ਇਸ ਵਿੱਚ ਹਾਜ਼ਰ ਲੀਡਰਸ਼ਿਪ ਵੱਲੋਂ ਪਿਛਲੀ 17 ਅਕਤੂਬਰ, 2019 ਤੋਂ ਚੱਲੀ ਆ ਰਹੀ ਕਲਮ ਛੋੜ ਹੜਤਾਲ ਅਤੇ ਮਿਤੀ 18-10-2019 ਨੂੰ ਮੁੱਲਾਂਪੁਰ ਦਾਖਾ ਵਿਖੇ ਕੀਤੇ ਵਿਸ਼ਾਲ ਝੰਡਾ ਮਾਰਚ ਅਤੇ ਸਫਲ ਰੋਸ ਰੈਲੀ ਦੀ ਸਮੀਖਿਆ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਇੱਕਤਰਫਾ ਨਕਾਰਆਤਮਿਕ ਰਵੱਈਏ ਖਾਸ ਕਰਕੇ ਵਿੱਤ ਮੰਤਰੀ, ਪੰਜਾਬ ਵੱਲੋਂ ਹਾਈ ਪਾਵਰ ਕਮੇਟੀ ਮੈਂਬਰਾਂ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਲਈ ਬੁਲਾ ਕੇ ਮੀਟਿੰਗ ਨਾ ਕਰਨ ਦੇ ਹੰਕਾਰੀ ਅਤੇ ਵਾਅਦਾ ਖਿਲਾਫ਼ੀ ਦੇ ਵਤੀਰੇ ਦੀ ਪੁਰਜ਼ੋਰ ਨਿੰਦਾ ਕਰਦਿਆਂ ਮੁਲਾਜ਼ਮ ਆਗੂਆਂ ਨੇ ਮਹਿਸੂਸ ਕੀਤਾ ਕਿ ਚਾਹੇ ਪੰਜਾਬ ਸਰਕਾਰ ਵੱਲੋਂ 3 ਫੀਸਦੀ ਮਹਿੰਗਾਈ ਭੱਤੇ ਨੂੰ ਨਵੰਬਰ, 2019 ਤੋਂ ਦੇਣਾ ਐਲਾਨ ਕੇ ਇੱਕ ਤਰ੍ਹਾਂ ਨਾਲ ਮੁੜ ਡੀ.ਏ. ਨੂੰ ਕੇਂਦਰ ਸਰਕਾਰ ਤੋਂ D-Link ਕਰਨ ਦੀ ਕੋਸ਼ਿਸ਼ ਕੀਤੀ ਸੀ ਪਰੰਤੂ ਹੁਣ ਤੱਕ ਦੇ ਸਫਲ ਐਕਸ਼ਨ ਦੇ ਦਬਾਅ ਵਿੱਚ ਸਰਕਾਰ ਇਹ ਕਿਸ਼ਤ ਜਨਵਰੀ, 2018 ਤੋਂ ਦੇਣ ਲਈ ਮਜ਼ਬੂਰ ਹੋਈ ਹੈ ।
ਮੰਚ ਵੱਲੋਂ ਇਹ ਵੀ ਮਹਿਸੂਸ ਕੀਤਾ ਗਿਆ ਕਿ ਜਿਵੇਂ ਪੰਜਾਬ ਸਰਕਾਰ ਆਪਣਾ ਖਜ਼ਾਨਾ ਖਾਲੀ ਹੋਣ ਦਾ ਢੰਡੋਰਾ ਪਿੱਟ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀ.ਏ., ਬਕਾਇਆ ਕਿਸ਼ਤਾਂ ਅਤੇ ਛੇਵਾਂ ਤਨਖਾਹ ਕਮਿਸ਼ਨ ਦੱਬ ਕੇ ਬੈਠੀ ਹੈ । ਇਸ ਤਰ੍ਹਾਂ ਖਜ਼ਾਨਾ ਖਾਲੀ ਅਤੇ ਮੁਲਾਜ਼ਮ ਹੜਤਾਲ ਦਾ ਬਹਾਨਾ ਬਣਾ ਕੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮਨਾਉਣ ਦੀਆਂ ਤਿਆਰੀਆਂ, ਕਰਤਾਰਪੁਰ ਸਾਹਿਬ ਦੇ ਕੋਰੀਡੋਰ ਲਾਂਘੇ ਨੂੰ ਸਮੇਂ ਸਿਰ ਮੁਕੰਮਲ ਕਰਨ ਤੋਂ ਅਤੇ ਕਿਸਾਨਾਂ ਵੱਲੋਂ ਕੀਤੀ ਜਾਣ ਵਾਲੀ ਹਾੜੀ ਦੀ ਬਿਜਾਈ ਦੇ ਮੱਦੇ ਨਜ਼ਰ ਵਿੱਤੀ ਲੋੜਾਂ ਪੂਰੀਆਂ ਕਰਨ ਤੋਂ ਭੱਜਣਾ ਚਾਹੁੰਦੀ ਹੈ। ਕਿਉਂਜੋ ਹੁਣ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਅਤੇ ਮੰਚ ਦੇ ਆਗੂ ਦਰਜਾ-4 ਸਾਥੀਆਂ ਦੀ ਲੀਡਰਸ਼ਿਪ ਦੀ ਬੇਨਤੀ ਤੇ ਇਹ ਚਾਹੁੰਦੇ ਹਨ ਕਿ ਦਰਜਾ-4 ਸਾਥੀਆਂ ਨੂੰ ਫੈਸਟੀਵੈਲ ਲੋਨ ਦੀਆਂ ਅਦਾਇਗੀਆਂ ਦੀਵਾਲੀ ਤੋਂ ਪਹਿਲਾਂ ਹੋਣੀਆਂ ਚਾਹੀਦੀਆਂ ਹਨ ।
ਸਾਂਝਾ ਮੁਲਾਜ਼ਮ ਮੰਚ ਦੇ ਹਾਈ ਪਾਵਰ ਕਮੇਟੀ ਮੈਂਬਰਾਂ ਅਤੇ ਕੁਆਰਡੀਨੇਟਰਾਂ ਨੇ ਸਰਵਸੰਮਤੀ ਨਾਲ ਲੋਕ ਹਿੱਤਾਂ ਮੁਲਾਜ਼ਮ ਹਿੱਤਾਂ ਨੂੰ ਮੁੱਖ ਰੱਖਦਿਆਂ ਅਤੇ ਦੀਵਾਲੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ 5 ਨਵੰਬਰ ਤੋਂ 15 ਨਵੰਬਰ, 2019 ਮਨਾਏ ਜਾਣ ਦੇ ਤੁਰੰਤ ਬਾਅਦ 16 ਨਵੰਬਰ, 2019 ਨੂੰ ਅਗਲੇ ਐਕਸ਼ਨ ਦੀ ਵਿਉਂਤਬੰਦੀ ਉਲੀਕਣ ਲਈ ਮੰਚ ਦੀ ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ 16 ਨਵੰਬਰ, 2019 ਨੂੰ ਕਰਨ ਦਾ ਫੈਸਲਾ ਕੀਤਾ ਅਤੇ ਮੌਜੂਦਾ ਦਬਾਅ ਨੂੰ ਬਰਕਰਾਰ ਰੱਖਦਿਆਂ ਇਹ ਫੈਸਲਾ ਕੀਤਾ ਹੈ ਕਿ 24 ਅਕਤੂਬਰ,2019 ਨੂੰ ਮੁਲਾਜ਼ਮਾਂ ਵੱਲੋਂ ਪੰਜਾਬ ਸਿਵਲ ਸਕੱਤਰੇਤ, ਡਾਇਰੈਕਟੋਰੇਟਜ਼ ਅਤੇ ਜਿਲ੍ਹਾ ਹੈਡ ਕੁਆਟਰਾਂ ਤੇ ਗੇਟ ਰੈਲੀਆਂ ਕਰਕੇ ਵਿੱਤੀ ਕਾਲੀ ਦੀਵਾਲੀ (ਸਰਕਾਰ ਦਾ ਦੀਵਾਲਾ ਦਿਵਸ) ਮਨਾਉਣ ਦਾ ਫੈਸਲਾ ਕੀਤਾ ਗਿਆ ਹੈ[
ਮੰਚ ਦੇ ਕਨਵੀਨਰਾਂ ਅਤੇ ਕੁਆਰਡੀਨੇਟਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਜਾਬਤਾ ਲੱਗਣ ਵਾਲੇ ਦਿਨ 10 ਮਾਰਚ ਨੂੰ ਕਈ ਮੰਗਾਂ ਪ੍ਰਵਾਨ ਕਰਦਿਆਂ ਵਾਅਦਾ ਕੀਤਾ ਸੀ ਕਿ ਚੋਣ ਜਾਬਤਾ ਖਤਮ ਹੁੰਦਿਆਂ ਹੀ ਮੰਨੀਆਂ ਮੰਗਾਂ ਲਾਗੂ ਕਰ ਦਿੱਤੀਆਂ ਜਾਣਗੀਆਂ ਅਤੇ ਕੁੱਝ ਮੰਗਾਂ ਤੇ ਕਮੇਟੀਆਂ ਬਣਾ ਕੇ ਰਿਪੋਰਟਾਂ ਲੈਣ ਬਾਦ 31 ਜੁਲਾਈ ਤੱਕ ਫੈਸਲੇ ਲਏ ਜਾਣਗੇ ਪਰੰਤੂ ਅਸਲੀਅਤ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਾਂ ਲੈਣ ਲਈ ਕੀਤੇ ਵਾਅਦਿਆਂ ਮੁਤਾਬਕ ਲੋਕ ਸਭਾ ਚੋਣਾਂ ਵਿੱਚ ਮੁਲਾਜ਼ਮਾਂ ਦੀਆਂ ਵੋਟਾਂ ਹਥਿਆਉਣ ਲਈ ਕੀਤੇ ਝੂਠੇ ਵਾਅਦੇ ਹੀ ਪ੍ਰਤੀਤ ਹੋ ਰਹੇ ਹਨ.ਇਸ ਕਾਰਨ ਸਮੁੱਚੇ ਮੁਲਾਜ਼ਮ ਵਰਗ ਵਿੱਚ ਰੋਸ ਪਾਇਆ ਜਾ ਰਿਹਾ ਹੈ. ਲੰਬਿਤ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿੰਗਾਈ ਭੱਤੇ ਦੀਆਂ ਪਿਛਲੀਆਂ ਤਿੰਨ ਕਿਸ਼ਤਾਂ ਵਿੱਚ ਸ਼ਾਮਿਲ ਜੁਲਾਈ 2018,ਜਨਵਰੀ 2019 ਅਤੇ ਜੁਲਾਈ 2019 ਦੀ ਕਿਸ਼ਤ ਸਮੇਤ ਮਹਿੰਗਾਈ ਭੱਤੇ ਦਾ ਮਿਤੀ 1-1-2016 ਤੋ ਸਾਰਾ ਬਕਾਇਆ ਨਕਦ ਦਿੱਤਾ ਜਾਵੇ. ਛੇਵਾਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ, ਸਾਲ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪ੍ਰੋਬੇਸ਼ਨ ਸਮੇਂ ਨੂੰ ਕੁਆਲੀਫਾਇੰਗ ਸਰਵਿਸ ਮੰਨਣਾ, ਬਰਾਬਰ ਕੰਮ ਬਰਾਬਰ ਤਨਖਾਹ ਦੇ ਸਿਧਾਂਤ ਨੂੰ ਲਾਗੂ ਕਰਨ, 200/- ਰੁਪਏ ਵਿਕਾਸ ਟੈਕਸ ਵਾਪਸ ਲੈਣ, ਕੈਸ਼ਲੈਸ ਹੈਲਥ ਸਕੀਮ ਲਾਗੂ ਕਰਨ, ਕੱਚੇ ਆਊਟ ਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ, ਸਟੈਨੋ ਕਾਡਰ ਦੀਆਂ ਮੰਗਾਂ ਤੋਂ ਇਲਾਵਾ ਸਿੱਖਿਆ ਵਿਭਾਗ ਵਿੱਚ ਬਦਲਾ ਲਊ ਭਾਵਨਾ ਨਾਲ ਵੱਡੇ ਪੱਧਰ ਤੇ 7, 8 ਅਤੇ 9 ਅਗੱਸਤ 2018 ਨੂੰ ਕੀਤੀਆਂ ਕਲੈਰੀਕਲ ਕਾਮਿਆਂ ਦੀਆਂ ਬਦਲੀਆਂ ਰੱਦ ਕਰਨ ਬਾਰੇ ਹਨ।
ਇਸ ਮੌਕੇ ਸ਼੍ਰੀ ਸੁਖਚੈਨ ਸਿੰਘ ਖਹਿਰਾ, ਕਨਵੀਨਰ ਸਾਂਝਾ ਮੁਲਾਜ਼ਮ ਮੰਚ ਨਾਲ ਹੋਈ ਗੱਲਬਾਤ ਅਨੁਸਾਰ ਉਹਨਾਂ ਦੱਸਿਆ ਕਿ ਮਿਤੀ 21-10-2019 ਦੀ ਕਲਮ ਛੋੜ ਹੜਤਾਲ ਪੂਰੇ ਪੰਜਾਬ ਦੇ ਸਰਕਾਰੀ ਦਫਤਰਾਂ ਵਿੱਚ ਪੂਰਨ ਸਫਲ ਰਹੀ ਅਤੇ ਚੰਡੀਗੜ੍ਹ ਅਤੇ ਮੋਹਾਲੀ ਦੇ ਸਮੂਹ ਡਾਇਰੈਕਟੋਰੇਟਜ਼ ਦੇ ਨਾਲ-ਨਾਲ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਵਿੱਚ ਕਲਮ ਛੋੜ ਦੇ ਨਾਲ-ਨਾਲ ਗੇਟ ਰੈਲੀਆਂ ਵੀ ਕੀਤੀਆਂ ਗਈਆਂ। ਇਸਤੋਂ ਇਲਾਵਾ ਪੰਚਾਇਤ ਵਿਭਾਗ, ਮੋਹਾਲੀ ਵਿਖੇ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਅਤੇ ਸ਼ਾਮ ਨੂੰ ਮਿੰਨੀ ਸਕੱਤਰੇਤ ਵਿਖੇ ਸ਼੍ਰੀ ਚੌਪਈ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।