"ਯੇ ਦੀਵਾਲੀ ਹੈਲਮਟ ਵਾਲੀ" ਸਲੋਗਨ ਨਾਲ ਦੀਵਾਲੀ ਗਿਫਟ ਮੁਹਿੰਮ ਦਾ ਆਗਾਜ਼ ਕੀਤਾ
ਫ਼ਿਰੋਜ਼ਪੁਰ 21 ਅਕਤੂਬਰ 2019: ਦੀਵਾਲੀ ਹਰ ਪਾਸੇ ਬੜਾ ਧੂਮ ਧਾਮ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ। ਹਰ ਇਨਸਾਨ ਇਸ ਦਿਹਾੜੇ 'ਤੇ ਆਪਣੇ ਸਕੇ ਸਬੰਧੀਆਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਗਿਫਟ ਦੇ ਕੇ ਇਸ ਤਿਉਹਾਰ ਦੀ ਖੁਸ਼ੀ ਨੂੰ ਸਾਂਝਾ ਕਰਦਾ ਹੈ । ਮਯੰਕ ਫਾਊਂਡੇਸ਼ਨ ਫਿਰੋਜ਼ਪੁਰ ਵੱਲੋਂ ਇਸ ਵਾਰ ਦੀਵਾਲੀ ਦੇ ਮੌਕੇ 'ਤੇ ਟਰੈਫਿਕ ਨਿਯਮਾਂ ਦੀ ਪਾਲਣਾ ਹਿੱਤ ਆਪਣੇ ਸਕੇ ਸਬੰਧੀਆਂ ਨੂੰ ਗਿਫਟ ਦੀ ਜਗ੍ਹਾ ਹੈਲਮਟ ਦੇਣ ਦੀ ਪਹਿਲ ਕਦਮੀ ਕੀਤੀ ਜਾ ਰਹੀ ਹੈ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਇਹ ਹੀ ਸੁਝਾਅ ਦਿੱਤਾ ਜਾ ਰਿਹਾ ਹੈ ਕਿ ਇਸ ਵਾਰ ਦੀਵਾਲੀ ਦੇ ਸ਼ੁਭ ਦਿਹਾੜੇ 'ਤੇ ਤੁਸੀਂ ਸਾਰੇ ਆਪਣੇ ਸਕੇ ਸਬੰਧੀਆਂ ਨੂੰ, ਬੌਸ ਨੂੰ, ਭੈਣ ਭਰਾ ਨੂੰ, ਆਪਣੇ ਚਹੇਤਿਆਂ ਨੂੰ ਹੈਲਮਟ ਗਿਫਟ ਕਰੋ ਤਾਂ ਜੋ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ ਅਤੇ ਸੜਕੀ ਦੁਰਘਟਨਾਵਾਂ ਵਿੱਚ ਹੈਲਮਟ ਨਾ ਪਹਿਨਣ ਕਾਰਨ ਵਿਛੜਨ ਵਾਲੀਆਂ ਕੀਮਤੀ ਜਾਨਾਂ ਨੂੰ ਰੋਕਿਆ ਜਾ ਸਕੇ । ਇਸ ਮੌਕੇ ਸੌਰਭ ਨਾਰੰਗ ਤੇ ਮਨੋਜ ਗੁਪਤਾ ਨੇ ਦੱਸਿਆ ਕਿ ਸਾਨੂੰ ਇਹ ਅਨਮੋਲ ਜੀਵਨ ਵਾਰ-ਵਾਰ ਨਹੀਂ ਮਿਲਣਾ, ਸਾਡਾ ਬਚਾਉ ਵਿੱਚ ਹੀ ਬਚਾਉ ਹੈ ਅਤੇ ਸਾਨੂੰ ਸਾਰਿਆਂ ਨੂੰ ਹਰ ਰੋਜ਼ ਸੜਕਾਂ 'ਤੇ ਹੋ ਰਹੀਆਂ ਦੁਰਘਟਨਾਵਾਂ ਤੋਂ ਖੁਦ ਜਾਣੂ ਹੁੰਦੇ ਹੋਏ ਆਮ ਪਬਲਿਕ ਨੂੰ ਵੀ ਹੈਲਮਟ ਅਤੇ ਸੀਟ ਬੈਲਟ ਦੀ ਵਰਤੋਂ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰਨਾ ਚਾਹੀਦਾ ਹੈ । ਦੀਵਾਲੀ ਦੇ ਮੋਕੇ 'ਤੇ ਅਸੀਂ ਹਰ ਸਾਲ ਸੁਣਦੇ ਹਾਂ ਕਿ ਇਸ ਸ਼ਹਿਰ ਵਿੱਚ ਪਟਾਖਿਆਂ ਕਾਰਨ ਅੱਗ ਲੱਗਣ ਨਾਲ ਇੰਨੇ ਵਿਅਕਤੀਆਂ ਦੀ ਮੌਤ ਹੋ ਗਈ ਪਰ ਅਸੀਂ ਸਮਝਦੇ ਫਿਰ ਵੀ ਨਹੀਂ । ਸਾਨੂੰ ਸਾਰਿਆਂ ਨੂੰ ਇਸ ਵਾਰ ਦੀਵਾਲੀ ਦੇ ਮੌਕੇ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਦੀਵਾਲੀ ਵਾਲੇ ਦਿਨ ਪਟਾਖੇ ਬਿਲਕੁਲ ਨਾ ਚਲਾਏ ਜਾਣ ਅਤੇ ਪ੍ਰਦੂਸ਼ਣ ਰਹਿਤ ਹਰੀ ਦੀਵਾਲੀ ਮਨਾਈ ਜਾਵੇ ਅਤੇ ਦੀਵਾਲੀ ਵਾਲੇ ਦਿਨ ਹਰ ਇਕ ਪਰਿਵਾਰ ਦਾ ਮੈਂਬਰ ਘੱਟੋ ਘੱਟ ਇਕ ਪੌਦਾ ਜ਼ਰੂਰ ਲਗਾਏ । ਮਯੰਕ ਫਾਊਂਡੇਸ਼ਨ ਵੱਲੋਂ ਸ਼ੁਰੂ ਕੀਤੀ ਟਰੈਫਿਕ ਜਾਗਰੂਕਤਾ ਮੁਹਿੰਮ ਤਹਿਤ ਇਸ ਦੀਵਾਲੀ 'ਤੇ ਗਿਫਟ ਵਜੋਂ ਪਹਿਲਾ ਹੈਲਮਟ ਬੱਤਰਾ ਪਰਿਵਾਰ ਨੂੰ ਭੇਂਟ ਕੀਤਾ । ਇਸ ਮੌਕੇ ਦੀਪਕ ਗਰੋਵਰ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਜੋ ਟਰੈਫਿਕ ਜਾਗਰੂਕਤਾ ਦਾ ਬੀੜਾ ਚੁੱਕਿਆ ਗਿਆ ਹੈ ਇਹ ਉਸੇ ਮੁਹਿੰਮ ਦੀ ਇੱਕ ਕੜੀ ਹੈ । ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਮਹਿਤਾ, ਰਾਕੇਸ਼ ਕੁਮਾਰ, ਡਾ. ਗ਼ਜ਼ਲਪਰੀਤ ਸਿੰਘ, ਦੀਪਕ ਨਰੂਲਾ, ਅਸ਼ਵਨੀ ਸ਼ਰਮਾ, ਐਡਵੋਕੇਟ ਰਣਵਿਕ ਮਹਿਤਾ, ਵਿਕਾਸ ਪਾਸੀ, ਸੰਜੀਵ ਟੰਡਨ, ਦਿਨੇਸ਼ ਗੁਪਤਾ, ਅਮਿਤ ਆਨੰਦ, ਸੰਦੀਪ ਸਹਿਗਲ, ਯੋਗੇਸ਼ ਤਲਵਾੜ, ਰਾਕੇਸ਼ ਮਾਹਰ, ਗੁਰਪ੍ਰੀਤ ਭੁੱਲਰ, ਸਵੀਟਨ ਅਰੋੜਾ ਅਤੇ ਅਨਿਲ ਮਛਰਾਲ ਵੀ ਮੌਜੂਦ ਸਨ ।