ਬਠਿੰਡਾ, 22 ਅਕਤੂਬਰ 2019 - ਭਾਰਤੀ ਕਪਾਹ ਨਿਗਮ ਵੱਲੋਂ ਨਰਮਾ ਖਰੀਦਣ ਤੋਂ ਪਾਸਾ ਵੱਟਣ ਨੂੰ ਲੈਕੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਸੀਸੀਆਈ ਦਫਤਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨਾਂ ਦੀ ਮੰਗ ਨਾਂ ਮੰਨੀ ਗਈ ਤਾਂ ਉਹ ਸੰਘਰਸ਼ ਤੇਜ ਕਰਨਗੇ। ਕਿਸਾਨ ਆਗੂਆਂ ਨੇ ਦੋਸ਼ ਲਾਏ ਕਿ ਇੱਕ ਸਾਜਿਸ਼ ਤਹਿਤ ਕਿਸਾਨਾਂ ਦੀ ਫਸਲ ਨੂੰ ਰੋਲਿਆ ਜਾ ਰਿਹਾ ਹੈ ਤਾਂ ਜੋ ਉਹ ਅੱਕ ਕੇ ਪ੍ਰਾਈਵੇਟ ਵਪਾਰੀਆਂ ਅੱਗੇ ਢੇਰੀ ਕਰ ਦੇਣ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਸੀਨੀਅਰ ਪ੍ਰਧਾਨ ਕਾਕਾ ਸਿੰਘ ਕੋਟੜਾ ਅਤੇ ਸੂਬਾ ਆਗੂ ਪ੍ਰਗਟ ਸਿੰਘ ਫਾਜਿਲਕਾ ਨੇ ਕਿਹਾ ਕਿ ਜੱਥੇਬੰਦੀ ਨੇ ਕੁਝ ਦਿਨ ਪਹਿਲਾਂ ਜਿਲਾ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦੇਕੇ ਕਪਾਹ ਨਿਗਮ ਨੂੰ ਮੰਡੀਆਂ ’ਚ ਦਾਖਲ ਹੋਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ ਤਾਂ ਅਫਸਰਾਂ ਨੇ ਮਸਲੇ ਦੇ ਹੱਲ ਦਾ ਭਰੋਸਾ ਦਿਵਾਇਆ ਸੀ । ਹੁਣ ਜਦੋਂ ਮੰਡੀਆਂ ’ਚ ਹਾਲਾਤ ਵਿਗਙ ਗਏ ਹਨ ਤਾਂ ਅੱਕ ਕੇ ਨਿਗਮ ਦਫਤਰ ਅੱਗੇ ਧਰਨਾ ਲਾਉਣਾ ਪਿਆ ਹੈ।
ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨੂੰ ਧਰਤੀ ਹੇਠਲਾ ਪਾਣੀ ਹੋਰ ਨੀਵਾਂ ਜਾਣ ਤੋਂ ਰੋਕਣ ਦੀ ਅਪੀਲ ਤਹਿਤ ਕਿਸਾਨਾਂ ਨੇ ਝੋਨੇ ਦੀ ਥਾਂ ਨਰਮਾ ਬੀਜੀਆ ਸੀ ਪਰ ਹੁਣ ਖਰੀਦ ਮੌਕੇ ਪੰਜਾਬ ਸਰਕਾਰ ਪਾਸਾ ਵੱਟੀ ਬੈਠੀ ਹੈ ਉਨਾਂ ਆਖਿਆ ਕਿ ਜਦੋਂ ਤੱਕ ਕਪਾਹ ਨਿਗਮ ਦੇ ਅਧਿਕਾਰੀ ਵਪਾਰੀਆਂ ਦੇ ਬਰਾਬਰ ਖੜ ਕੇ ਬੋਲੀ ਨਹੀਂ ਲਾਉਂਦੇ ਓਨਾਂ ਚਿਰ ਕਿਸਾਨ ਦੀ ਲੁੱਟ ਖਤਮ ਹੋਣੀ ਮੁਸ਼ਕਲ ਹੈ ਇਸ ਲਈ ਨਿਗਮ ਨੂੰ ਫੌਰੀ ਤੌਰ ਤੇ ਮੰਡੀਆਂ ’ਚ ਦਾਖਲ ਹੋਣਾ ਚਾਹੀਦਾ ਹੈ । ਜੱਥੇਬੰਦੀ ਦੇ ਜਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਚੋਂ ਬਾਹਰ ਕੱਢਣ ਅਤੇ ਜਮੀਨ ਧਨਾਢ ਘਰਾਣਿਆਂ ਹਵਾਲੇ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ । ਉਨਾਂ ਆਖਿਆ ਕਿ ਜੋ ਕਿਸਾਨ ਆਪਣੀ ਜੱਦੀ ਪੁਸ਼ਤੀ ਜਮੀਨ ’ਚ ਕਿਸੇ ਵੀ ਕੰਪਨੀ ਨੂੰ ਪੈਰ ਨਹੀਂ ਧਰਨ ਦੇਣਗੇ। ਕਿਸਾਨ ਆਗੂ ਮਲੂਕ ਸਿੰਘ ਮਾਨਸਾ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਮੁੱਦਾ ਉਠਾਇਆ । ਉਨਾਂ ਆਖਿਆ ਕਿ ਮੰਡੀਆਂ ‘ਚ ਨਰਮਾ ਉਤਪਾਦਕ ਕਿਸਾਨਾਂ ਦੀ ਲੁੱਟ ਨਹੀਂ ਹੋਣ ਦਿੱਤੀ ਜਾਏਗੀ। ਇਸ ਮੌਕੇ ਕਿਸਾਨ ਆਗੂਆਂ ਮੁਖਤਿਆਰ ਸਿੰਘ ਰਾਜਗੜ ਕੁੱਬੇ,ਰੂਪ ਸਿੰਘ ਬਰਨਾਲਾ,ਸੁਰਜੀਤ ਸਿੰਘ ਸੰਗਰੂਰ,ਰਣਜੀਤ ਸਿੰਘ ਜੀਦਾ ਅਤੇ ਯੋਧਾ ਸਿੰਘ ਨੰਗਲਾ ਨੇ ਵੀ ਸੰਬੋਧਨ ਕੀਤਾ। ਭਾਰਤੀ ਕਪਾਹ ਨਿਗਮ ਦੇ ਖੇਤਰੀ ਦਫਤਰ ਦੇ ਜਰਨਲ ਮੈਨੇਜਰ ਨੀਰਜ ਕੁਮਾਰ ਨੇ ਆਖਿਆ ਕਿ ਮੰਡੀਆਂ ’ਚ ਨਮੀ ਜਿਅਦਾ ਵਾਲਾ ਨਰਮਾ ਆ ਰਿਹਾ ਹੈ ਜਦੋਂਕਿ ਉਨਾਂ ਨੂੰ 12 ਫੀਸਦੀ ਤੱਕ ਦੀ ਸਿੱਲ ਵਾਲਾ ਨਰਮਾ ਖਰੀਦਣ ਦੇ ਆਦੇਸ਼ ਹਨ।