ਰਜਨੀਸ਼ ਸਰੀਨ
14 ਨੂੰ ਸਕੂਲ ਪੱਧਰੀ, 19 ਨੂੰ ਕਲੱਸਟਰ ਪੱਧਰੀ,
23 ਨੂੰ ਬਲਾਕ ਪੱਧਰੀ ਤੇ 30 ਨੂੰ ਜ਼ਿਲ੍ਹਾ ਪੱਧਰੀ ਮੁਕਾਬਲੇ ਹੋਣਗੇ
ਐੱਸ.ਏ.ਐੱਸ.ਨਗਰ 22 ਅਗਸਤ ,2019 - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆ ਭਰ ਵਿੱਚ ਸਮਾਗਮ ਕੀਤੇ ਜਾ ਰਹੇ ਹਨ, ਸਕੂਲ ਸਿੱਖਿਆ ਵਿਭਾਗ ਵੱਲੋਂ ਇਹਨਾਂ ਸਮਾਗਮਾਂ ਦੀ ਲੜੀ ਵਿੱਚ ਭਰਵੀਂ ਸ਼ਮੂਲੀਅਤ ਕਰਦਿਆਂ ਮਿਤੀ 14 ਨਵੰਬਰ, 2019 ਤੋਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ- ਵਿੱਦਿਅਕ ਮੁਕਾਬਲੇ ਰਾਜ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਕਰਵਾਏ ਜਾ ਰਹੇ ਹਨ|
ਇੰਦਰਜੀਤ ਸਿੰਘ ਡਾਇਰੈਕਟਰ ਐੱਸ.ਸੀ.ਈ.ਆਰ.ਟੀ. -ਕਮ- ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ ਨੇ ਦੱਸਿਆ ਕਿ ਇਹ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ ਪ੍ਰੀ- ਪ੍ਰਾਇਮਰੀ, ਪ੍ਰਾਇਮਰੀ ਜਮਾਤਾਂ ਅਤੇ ਕੁੱਝ ਗਤੀਵਿਧੀਆਂ ਵਿੱਚ ਅਧਿਆਪਕਾਂ ਦੇ ਮਿਤੀ 14 ਨਵੰਬਰ ਨੂੰ ਸਕੂਲ ਪੱਧਰ, 19 ਨਵੰਬਰ ਨੂੰ ਕਲੱਸਟਰ ਪੱਧਰ, 23 ਨਵੰਬਰ ਨੂੰ ਬਲਾਕ ਪੱਧਰ ਅਤੇ 30 ਨਵੰਬਰ ਨੂੰ ਜ਼ਿਲ੍ਹਾ ਪੱਧਰ 'ਤੇ ਕਰਵਾਏ ਜਾ ਰਹੇ ਹਨ|
ਇੰਦਰਜੀਤ ਸਿੰਘ ਡਾਇਰੈਕਟਰ ਐੱਸ.ਸੀ.ਈ.ਆਰ.ਟੀ. -ਕਮ- ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਪ੍ਰੀ- ਪ੍ਰਾਇਮਰੀ ਵਰਗ ਵਿੱਚ ਵਿਦਿਆਰਥੀਆਂ ਲਈ ਵਰਗੀਕਰਨ ਕਰਵਾਉਣਾ, ਕ੍ਰਮ ਵਿੱਚ ਲਗਾਉਣਾ, ਪਜ਼ਲ ਹੱਲ ਕਰਨੇ , ਕੁਇਜ਼ ਮੁਕਾਬਲੇ ਅਤੇ ਰਾਈਮਜ਼ ਆਦਿ ਗਤੀਵਿਧੀਆਂ ਕਰਵਾਈਆਂ ਜਾਣਗੀਆਂ| ਪ੍ਰਾਇਮਰੀ ਵਰਗ ਵਿੱਚ ਵਿਦਿਆਰਥੀਆਂ ਦੇ ਜਮਾਤਵਾਰ ਪੰਜਾਬੀ ਵਿਸ਼ੇ ਦੇ ਸੁੰਦਰ ਲਿਖਾਈ ਮੁਕਾਬਲੇ, ਭਾਸ਼ਣ ਮੁਕਾਬਲੇ, ਕਵਿਤਾ ਗਾਇਨ ਮੁਕਾਬਲੇ, ਪੜ੍ਹਨ ਮੁਕਾਬਲੇ, ਬੋਲ-ਲਿਖਤ ਮੁਕਾਬਲੇ, ਅੰਗਰੇਜ਼ੀ ਵਿਸ਼ੇ ਦੇ ਜਮਾਤਵਾਰ ਭਾਸ਼ਣ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲੇ, ਪੜ੍ਹਨ ਮੁਕਾਬਲੇ, ਬੋਲ ਲਿਖਤ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲੇ, ਗਣਿਤ ਵਿਸ਼ੇ ਦੇ ਜਮਾਤਵਾਰ ਪਹਾੜਿਆਂ ਦੇ ਮੁਕਾਬਲੇ ਅਤੇ ਜਨਰਲ ਵਿਸ਼ੇ ਚਿੱਤਰਕਾਰੀ ਅਤੇ ਆਮ-ਗਿਆਨ ਮੁਕਾਬਲੇ ਕਰਵਾਏ ਜਾਣਗੇ| ਇਸੇ ਤਰ੍ਹਾਂ ਅਧਿਆਪਕ ਵਰਗ ਵਿੱਚ ਸੁੰਦਰ ਲਿਖਾਈ (ਪੰਜਾਬੀ ਅਤੇ ਅੰਗਰੇਜ਼ੀ) ਮੁਕਾਬਲੇ ਕਰਵਾਏ ਜਾਣਗੇ| ਵਿਭਾਗੀ ਹਦਾਇਤਾਂ ਅਨੁਸਾਰ ਇਹਨਾਂ ਮੁਕਾਬਲਿਆਂ ਵਿੱਚ ਸਕੂਲ ਪੱਧਰ 'ਤੇ ਹਰੇਕ ਵਿਦਿਆਰਥੀ ਅਤੇ ਅਧਿਆਪਕ ਦੀ ਸ਼ਮੂਲੀਅਤ ਲਾਜ਼ਮੀ ਹੋਵੇਗੀ ਅਤੇ ਸਬੰਧਿਤ ਮੁਕਾਬਲਿਆਂ ਵਿੱਚੋਂ ਜਮਾਤਵਾਰ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਅਤੇ ਅਧਿਆਪਕ ਕ੍ਰਮਵਾਰ ਕਲੱਸਟਰ ਪੱਧਰ, ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ 'ਤੇ ਭਾਗ ਲੈਣਗੇ|
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਵਿਸ਼ੇਸ਼ ਮੌਕੇ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਗੁਣਾਤਮਿਕਤਾ ਤੇ ਆਧਾਰਿਤ ਵਿੱਦਿਅਕ ਮੁਕਾਬਲਿਆਂ ਬਾਰੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਸਾਰੇ ਵਿਦਿਆਰਥੀ ਅਤੇ ਉਹਨਾਂ ਨੂੰ ਪੜ੍ਹਾ ਰਹੇ ਸਾਰੇ ਅਧਿਆਪਕ ਭਾਗ ਲੈਣ ਲਈ ਉਤਾਵਲੇ ਹਨ| ਇਹ ਮੁਕਾਬਲੇ ਵਿਦਿਆਰਥੀਆਂ ਵਿੱਚ ਵਿੱਦਿਅਕ ਗੁਣਾਂ ਦੀ ਬਿਹਤਰੀ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਦਾ ਵੀ ਵਾਧਾ ਕਰਨ ਵਿੱਚ ਸਹਾਈ ਹੋਣਗੇ| ਉਹਨਾਂ ਕਿਹਾ ਕਿ ਸਮੇਂ-ਸਮੇਂ ਤੇ ਸਿਖਲਾਈ ਵਰਕਸ਼ਾਪਾਂ ਵਿੱਚ ਅਧਿਆਪਕ ਸਿੱਖਿਆ ਵਿਭਾਗ ਤੋਂ ਮੰਗ ਕਰਦੇ ਰਹੇ ਹਨ ਕਿ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਵਿਦਿਆਰਥੀਆਂ ਲਈ ਵਿੱਦਿਅਕ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਜਾਵੇ ਅਤੇ ਇਹਨਾਂ ਮੁਕਾਬਲਿਆਂ ਲਈ ਇਹ ਸਮਾਂ ਬਹੁਤ ਹੀ ਢੁੱਕਵਾਂ ਅਤੇ ਸਮਰਪਨ ਭਾਵਨਾ ਭਰਪੂਰ ਹੈ| ਉਹਨਾਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਵਿਦਿਆਰਥੀਆਂ ਨੂੰ ਬਹੁਤ ਹੀ ਲਗਨ ਨਾਲ ਪੜ੍ਹਾ ਰਹੇ ਹਨ ਅਤੇ ਵਿਦਿਆਰਥੀਆਂ ਵਿੱਚ ਆਤਮ-ਵਿਸਵਾਸ਼ ਦੀ ਝਲਕ ਇਹਨਾਂ ਮੁਕਾਬਲਿਆਂ ਵਿੱਚ ਸੁਭਾਵਿਕ ਹੀ ਨਜ਼ਰ ਆਵੇਗੀ|
ਜਾਰੀ ਹਦਾਇਤਾਂ ਅਨੁਸਾਰ ਇਹ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲਿਆਂ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿੱ:), ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸਮੁੱਚੀ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਟੀਮ ਅਤੇ ਸੈਂਟਰ ਹੈੱਡ ਟੀਚਰ ਮਿਲ ਕੇ ਯੋਜਨਾਬੰਦੀ ਕਰਨਗੇ| ਮੁਕਾਬਲੇ ਵਾਲ਼ੇ ਦਿਨ ਹਰੇਕ ਸਕੂਲ ਵਿੱਚ ਸਿੱਖਣ ਸਿਖਾਉਣ ਸਮੱਗਰੀ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ| ਵਿਭਾਗ ਦੇ ਨਿਰਦੇਸ਼ਾਂ ਤਹਿਤ ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਅਤੇ ਸਮੁਦਾਇ ਦੀ ਭਾਗੀਦਾਰੀ ਬਣਾਉਣ ਲਈ ਸਕੂਲ ਮੁਖੀ ਵੱਲੋਂ ਉਹਨਾਂ ਨੂੰ ਅਗਾਊਂ ਸੂਚਨਾ ਦਿੱਤੀ ਜਾਵੇ ਤਾਂ ਕਿ ਉਹਨਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇ| ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ ਭਾਗ ਲੈਣ ਵਾਲ਼ੇ ਸਾਰੇ ਵਿਦਿਆਰਥੀਆਂ ਨੂੰ ਸਬੰਧਿਤ ਅਧਿਕਾਰੀਆਂ ਵੱਲੋਂ ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ|
ਡਾ: ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਦੱਸਿਆ ਕਿ ਇਹ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ ਰਾਜ ਸਿੱਖਿਆ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ,ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਏ ਜਾ ਰਹੇ ਹਨ| ਸਕੂਲਾਂ ਵਿੱਚ ਇਹਨਾਂ ਮੁਕਾਬਲਿਆਂ ਲਈ ਅਧਿਆਪਕਾਂ ਵੱਲੋਂ ਤਿਆਰੀ ਮਿਆਰੀ ਢੰਗ ਨਾਲ ਕਰਵਾਈ ਜਾ ਰਹੀ ਹੈ ਅਤੇ ਭਵਿੱਖ ਵਿੱਚ ਇਹਨਾਂ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲਿਆਂ ਦੇ ਸਾਰਥਕ ਨਤੀਜੇ ਵੀ ਸਾਹਮਣੇ ਆਉਣਗੇ|