ਰਜਨੀਸ਼ ਸਰੀਨ
ਨਵਾਂਸ਼ਹਿਰ, 22 ਅਕਤੂਬਰ 2019 - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ ’ਚ ਝੋਨੇ ਦੀ ਖਰੀਦ 1.70 ਲੱਖ ਮੀਟ੍ਰਿਕ ਟਨ ’ਤੇ ਪੁੱਜ ਗਈ ਹੈ, ਜਿਸ ਵਿੱਚੋਂ 85000 ਮੀਟ੍ਰਿਕ ਟਨ ਦੀ ਲਿਫ਼ਟਿੰਗ ਹੋ ਚੁੱਕੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਖਰੀਦ ਸੀਜ਼ਨ ਸਿਖ਼ਰਾਂ ’ਤੇ ਹੋਣ ਕਾਰਨ ਆਮਦ ਵਿੱਚ ਵੀ ਚੋਖਾ ਵਾਧਾ ਹੋ ਗਿਆ ਹੈ, ਜਿਸ ਲਈ ਉੱਪ ਮੰਡਲ ਮੈਜਿਸਟ੍ਰੇਟਾਂ ਅਤੇ ਖਰੀਦ ਏਜੰਸੀਆਂ ਨੂੰ ਲਿਫ਼ਟਿੰਗ ਵੀ ਤੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਕਿਸਾਨਾਂ ਨੂੰ ਝੋਨੇ ਦੀ 176 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਅਦਾਇਗੀ ਹੋ ਚੁੱਕੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਹੈ। ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਵੱਲੋਂ ਆਮਦ ਮੁਤਾਬਕ ਤੇਜ਼ੀ ਨਾਲ ਖਰੀਦ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਜ਼ਿਮੀਂਦਾਰ ਨੂੰ ਮੰਡੀ ’ਚ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਮੰਡੀਆਂ ’ਚ ਸੁੱਕੀ ਜਿਣਸ ਲਿਆਉਣ, ਕੰਬਾਈਨ ਰਾਹੀਂ ਸ਼ਾਮ 7 ਵਜੇ ਤੋਂ ਬਾਅਦ ਅਤੇ ਸਵੇਰੇ 10 ਵਜੇ ਤੋਂ ਪਹਿਲਾਂ ਵਾਢੀ ਨਾ ਕਰਵਾਉਣ ਅਤੇ ਝੋਨਾ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ ’ਤੇ ਨਾ ਵੇਚਣ ਦੀ ਅਪੀਲ ਕੀਤੀ ਹੈ।