ਸਰੀ, 23 ਅਕਤੂਬਰ, 2019 : ਐਨਡੀਪੀ ਆਗੂ ਹਰਜੀਤ ਗਿੱਲ ਨੇ ਸਰੀ ਨਿਊਟਨ ਤੋਂ ਚੁਣੇ ਗਏ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਨੂੰ ਮੁਬਾਰਕਾਬਾਦ ਦਿੰਦਿਆਂ ਆਸ ਪ੍ਰਗਟ ਕੀਤੀ ਹੈ ਕਿ ਸ੍ਰੀ ਧਾਲੀਵਾਲ ਲੋਕਾਂ ਦੇ ਦਿੱਤੇ ਫ਼ਤਵੇ ਦਾ ਮਾਣ ਰੱਖਣਗੇ ਤੇ ਸਰੀ ਸ਼ਹਿਰ ਨੂੰ ਦਰਪੇਸ਼ ਮੁਸ਼ਕਿਲਾਂ ਲਈ ਪਹਿਲ ਦੇ ਅਧਾਰ ਤੇ ਕੰਮ ਕਰਨਗੇ।
ਸਰੀ ਦੇ ਰਿਵਰਸਾਈਡ ਸਿਗਨੇਚਰ ਹਾਲ ਵਿਚ ਆਪਣੇ ਸਮੱਰਥਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਗਿੱਲ ਨੇ ਕਿਹਾ ਕਿ “ਤੁਸੀਂ ਮੇਰੀ ਚੋਣ ਮੁਹਿੰਮ ਨੂੰ ਆਪਣੀ ਸਮਝ ਕੇ ਚਲਾਇਆ, ਆਪਣੀ ਪਰਿਵਾਰਕ ਜ਼ਿੰਦਗੀ ਚੋਂ ਹਰ ਰੋਜ਼ 3-4 ਘੰਟੇ ਕੱਢ ਕੇ ਹਾਜ਼ਰੀ ਲਵਾਉਂਦੇ ਰਹੇ। ਸੱਤ ਸਮੁੰਦਰੋਂ ਪਾਰ ਵਸਦੇ ਸ਼ੁਭਚਿੰਤਕਾਂ ਦਾ ਵੀ ਧੰਨਵਾਦ ਜੋ ਮੇਰੀ ਜਿੱਤ ਲਈ ਦੁਆਵਾਂ ਕਰਦੇ ਰਹੇ। ਆਪਾਂ ਚੋਣ ਮੈਦਾਨ ਵਿੱਚ ਪਹਿਲੀ ਵਾਰ ਨਿੱਤਰੇ ਸੀ ਪਰ ਤੁਹਾਡੇ ਹੌਂਸਲੇ ਸਦਕਾ ਆਪਾਂ ਬਹੁਤ ਹੀ ਸਾਫ ਸੁਥਰੀ ਤੇ ਨਸ਼ਾ ਮੁਕਤ ਮੁਹਿੰਮ ਚਲਾਈ। 12000 ਵੋਟਾਂ ਲੈ ਕੇ ਕੈਨੇਡਾ ਚ ਆਮ ਹੀ MP ਬਣ ਜਾਂਦੇ ਨੇ| ਆਪਾਂ ਵੀ 12 ਹਜ਼ਾਰ ਦੇ ਕਰੀਬ ਵੋਟਾਂ ਹਾਸਿਲ ਕੀਤੀਆਂ ਜੋ ਕੇ ਬਹੁਤ ਵੱਡੀ ਗੱਲ ਹੈ। ਕਿੱਥੇ 20 ਸਾਲ ਦਾ ਰਾਜਨੀਤਕ ਸਫ਼ਰ ਤੇ ਕਿੱਥੇ 36 ਦਿਨ ਦਾ ਆਪਣਾ ਚੋਣ ਪ੍ਰਚਾਰ। ਪਰ ਫ਼ੇਰ ਵੀ ਆਪਾਂ 15 ਸਤੰਬਰ ਤੋਂ ਲੈ ਕੇ 21 ਅਕਤੂਬਰ ਤੱਕ ਵਿਰੋਧੀਆਂ ਨੂੰ ਚੰਗੀ ਤਰ੍ਹਾਂ ਸੌਣ ਨਹੀਂ ਦਿੱਤਾ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਤੇ ਮੁੱਦੇ ਚੁੱਕ ਕੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਸਰਕਾਰ ਨੂੰ ਅਗਾਹ ਕੀਤਾ ਕਿ ਲੋਕਾਂ ਦੀ ਆਵਾਜ਼ ਨੂੰ ਅਣਸੁਣਿਆ ਨਹੀਂ ਕੀਤਾ ਜਾ ਸਕਦਾ।“
ਅਖੀਰ ਵਿਚ ਹਰਜੀਤ ਸਿੰਘ ਗਿੱਲ ਵਾਅਦਾ ਕੀਤਾ ਕਿ ਉਹ ਹਮੇਸ਼ਾ ਵਾਂਗ ਲੋਕਾਂ ਦੇ ਹੱਕਾਂ ਦਾ ਪਹਿਰੇਦਾਰ ਬਣ ਕੇ ਵਿਚਰਦੇ ਰਹਿਣਗੇ ਤੇ ਹੱਕ ਸੱਚ ਦਾ ਹੋਕਾ ਦਿੰਦਾ ਰਹਿਣਗੇ।