ਸਕੱਤਰ ਸਕੂਲ ਸਿੱਖਿਆ ਨੇ ਮੁਖੀਆਂ ਨੂੰ ਯੋਗ ਅਗਵਾਈ ਕਰਨ ਲਈ ਪ੍ਰੇਰਿਆ
ਐੱਸ.ਏ.ਐੱਸ. ਨਗਰ 23 ਅਕਤੂਬਰ,2019: ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਹੇਠ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਸਕੂਲ ਮੁਖੀਆਂ ਦੀ ਵਿਸ਼ੇਸ਼ ਸਿਖਲਾਈ ਵਰਕਸ਼ਾਪ ਕਰਵਾਈ ਜਾ ਰਹੀ| ਜ਼ਿਲ੍ਹਾ ਗੁਰਦਾਸਪੁਰ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਲਗਭਗ 150 ਮੁਖੀਆਂ ਨੂੰ ਲੀਡਰਸ਼ਿਪ ਦੇ ਗੁਣਾਂ ਸਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਗਈ|
ਇਸ ਮੌਕੇ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਸਕੂਲ ਪ੍ਰਿੰਸੀਪਲਾਂ ਨੂੰ ਸਕੂਲ ਲੀਡਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਕੌਸ਼ਲ ਨਿਖਾਰਣ, ਦੂਰ-ਦਰਸ਼ੀ ਹੋਣ ਅਤੇ ਸਕੂਲ ਦੇ ਕੰਮਾਂ ਵਿੱਚ ਪ੍ਰਾਪਤੀਆਂ ਦੇ ਮੁਲੰਕਣ ਨੂੰ ਧਿਆਨ ਵਿੱਚ ਰੱਖਣ ਹਿੱਤ ਸਿਖਲਾਈ ਦੇਣ ਲਈ ਇੰਡੀਆ ਸਕੂਲ ਲੀਡਰਸ਼ਿਪ ਇੰਸਟੀਚਿਊਟ ਵੱਲੋਂ ਜਯੰਤ, ਛਵੀ ਭਾਰਦਵਾਜ ਅਤੇ ਕੰਵਲਜੀਤ ਕੌਰ ਨੇ ਰਿਸੋਰਸ ਪਰਸਨ ਵੱਜੋਂ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ|
ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਖਲਾਈ ਵਰਕਸ਼ਾਪ ਦੇ ਦੂਜੇ ਦਿਨ ਸਕੱਤਰ ਸਕੂਲ ਸਿੱਖਿਆ ਨੇ ਸਮੂਹ ਸਕੂਲ ਮੁਖੀਆਂ ਨੂੰ ਇੱਕ ਟੀਮ ਵੱਜੋਂ ਸਕੂਲਾਂ ਵਿੱਚ ਕੰਮ ਕਰਦੇ ਹੋਏ ਸਰਕਾਰੀ ਸਕੂਲਾਂ ਦਾ ਵਕਾਰ ਬਣਾਈ ਰੱਖਣ, ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣ, ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਵਾਉਣ, ਸੌ ਫੀਸਦੀ ਨਤੀਜੇ ਲੈਣ ਲਈ ਯੋਜਨਾਬੰਦੀ ਕਰਨ, ਸਕੂਲਾਂ ਵਿੱਚ ਈ ਕੰਟੈਂਟ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਨ ਅਤੇ ਅਧਿਆਪਕਾਂ ਦੀ ਤੰਦਰੁਸਤੀ ਲਈ ਫਿਟ ਗੁਰੂ ਮੁਹਿੰਮ ਲਈ ਵੀ ਪ੍ਰੇਰਿਆ|
ਤਿੰਨ ਦਿਨਾਂ ਦੇ ਸਿਖਲਾਈ ਵਰਕਸ਼ਾਪ ਦੇ ਆਖਰੀ ਅਤੇ ਤੀਜੇ ਦਿਨ ਵਿੱਚ ਈ-ਕੰਟੈਂਟ ਦੀ ਵਰਤੋਂ ਸਬੰਧੀ ਬਲਵਿੰਦਰ ਸਿੰਘ ਏਐੱਸਪੀਡੀ ਸਕੂਲੀ ਸਿੱਖਿਆ ਸੁਧਾਰ ਨੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ|
ਇਸਤੋਂ ਇਲਾਵਾ ਇਸ ਪ੍ਰੋਗਰਾਮ ਦੌਰਾਨ ਸਿੱਖਿਆ ਵਿਭਾਗ ਵੱਲੋਂ ਮਨੋਜ ਕੁਮਾਰ ਡਿਪਟੀ ਐੱਸਪੀਡੀ, ਜ਼ਿਲ੍ਹਾ ਗੁਰਦਾਸਪੁਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਬਲਦੇਵ ਕੁਮਾਰ, ਸਿਮਰਨਪਾਲ ਸਿੰਘ ਅਤੇ ਵਿਭਾਗ ਦੇ ਹੋਰ ਆਹਲਾ ਅਧਿਕਾਰੀ ਵੀ ਹਾਜ਼ਰ ਰਹੇ