← ਪਿਛੇ ਪਰਤੋ
ਜੀ ਐੱਸ ਪੰਨੂ
ਪਟਿਆਲਾ, 26 ਅਕਤੂਬਰ 2019 - ਪਟਿਆਲਾ ਵਾਸੀਆਂ ਨੂੰ ਦਰਪੇਸ਼ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਦਾ ਆਪਣਾ ਵਾਅਦਾ ਪੂਰਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਪਟਿਆਲਾ ਸ਼ਹਿਰ ਨਿਵਾਸੀਆਂ ਨੂੂੰ ਨਹਿਰੀ ਪਾਣੀ 'ਤੇ ਅਧਾਰਤ ਜਲ ਸਪਲਾਈ ਦੇ ਬਹੁ ਕਰੋੜੀ ਪ੍ਰਾਜੈਕਟ ਦੇ ਰੂਪ 'ਚ ਦੀਵਾਲੀ ਦਾ ਤੋਹਫ਼ਾ ਦਿੱਤਾ ਹੈ। ਸ਼ਹਿਰ ਦੀ 5 ਲੱਖ ਦੇ ਲਗਪਗ ਆਬਾਦੀ ਨੂੰ ਨਿਰਵਿਘਨ ਤੇ 24 ਘੰਟੇ ਪੀਣ ਵਾਲੇ ਸਾਫ਼ ਅਤੇ ਸ਼ੁੱਧ ਪਾਣੀ ਦੀ ਪੂਰਤੀ ਲਈ ਕਰੀਬ 650 ਕਰੋੜ ਰੁਪਏ ਦੇ ਇਸ ਅਹਿਮ ਅਤੇ ਮਹੱਤਵਪੂਰਨ ਪ੍ਰਾਜੈਕਟ ਦੇ ਪਹਿਲੇ ਗੇੜ ਤਹਿਤ ਪੰਜਾਬ ਦੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਨੇ 323 ਕਰੋੜ ਰੁਪਏ ਦਾ ਬਕਾਇਦਾ ਟੈਂਡਰ ਵੀ ਜਾਰੀ ਕਰ ਦਿੱਤਾ ਹੈ। ਜਿਸ ਅਧੀਨ ਜਲ ਸ਼ੁੱਧੀਕਰਨ ਪਲਾਂਟ, ਜ਼ਮੀਨਦੋਜ਼ ਸਰਵਿਸ ਜਲ ਭੰਡਾਰਨ ਸਮੇਤ ਪਾਣੀ ਦੀਆਂ ਟੈਂਕੀਆਂ ਦੀ ਉਸਾਰੀ ਸਮੇਤ ਪਾਣੀ ਦੀ ਪੂਰਤੀ ਲਈ ਨਵੀਆਂ ਲਾਇਨਾਂ ਵਿਛਾਈਆਂ ਜਾਣਗੀਆਂ। ਜਦੋਂ ਕਿ ਦੂਜੇ ਗੇੜ ਤਹਿਤ ਬਾਕੀ ਦੇ ਰਹਿੰਦੇ ਕੰਮ ਨਿਪਟਾਏ ਜਾਣਗੇ। ਵਿਭਾਗ ਨੇ ਇਸ ਟੈਂਡਰ ਦੀ ਅਲਾਟਮੈਂਟ ਮਗਰੋਂ ਪ੍ਰਾਜੈਕਟ ਦੇ ਕੰਮ ਦੀ ਤੁਰੰਤ ਸ਼ੁਰੂਆਤ ਕਰਕੇ ਇਸ ਨੂੰ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਨਿਪਟਾਉਣ ਦਾ ਅਹਿਦ ਲਿਆ ਹੈ। ਹੁਣ ਸ਼ਹਿਰ ਨਿਵਾਸੀਆਂ ਨੂੰ ਸਾਫ਼ ਅਤੇ ਸ਼ੁੱਧ ਪਾਣੀ ਦੀ ਪੂਰਤੀ 24 ਘੰਟੇ ਹੋਵੇਗੀ ਅਤੇ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਕਿੱਲਤ ਨਹੀਂ ਹੋਵੇਗੀ। ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਕਿਹਾ ਕਿ ਪਿਛਲੀ ਸਰਕਾਰ ਦੇ 10 ਸਾਲਾਂ ਦੌਰਾਨ ਪਟਿਆਲਾ ਨੂੰ ਅੱਖੋਂ ਪਰੋਖੇ ਕਰਕੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਪਰੰਤੂ ਕੈਪਟਨ ਅਮਰਿੰਦਰ ਸਿੰਘ ਨੇ ਵਿਤਕਰੇ ਦੀ ਰਾਜਨੀਤੀ ਤੋਂ ਉਪਰ ਉਠਕੇ ਸ਼ਹਿਰ ਦਾ ਸਮੁੱਚਾ ਵਿਕਾਸ ਆਪਣੇ ਹੱਥਾਂ ਵਿੱਚ ਲਿਆ, ਜਿਸ ਦਾ ਲਾਭ ਹਰ ਨਾਗਰਿਕ ਨੂੰ ਪਹੁੰਚ ਰਿਹਾ ਹੈ।
Total Responses : 267