- ਸੰਗਤ ਦੀ ਸਹੂਲਤ ਲਈ 8 ਟਿਊਬਵੈੱਲ, 131 ਵਾਟਰ ਸਟੋਰੇਜ ਟੈਂਕ, 107 ਸਟੀਲ ਦੇ ਪਿਆਊ ਤੇ 10 ਵਾਟਰ ਏਟੀਐਮਜ਼ ਦਾ ਕੀਤਾ ਗਿਆ ਪ੍ਰਬੰਧ
ਚੰਡੀਗੜ੍ਹ/ਸੁਲਤਾਨਪੁਰ ਲੋਧੀ, 6 ਨਵੰਬਰ 2019 - ਸੁਲਤਾਨਪੁਰ ਲੋਧੀ ਵਿਖੇ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮੱਦੇਨਜ਼ਰ ਸੰਗਤ ਦੀ ਸੇਵਾ ਲਈ ਲਾਏ ਗਏ ਵਾਟਰ ਏਟੀਐਮ ਖਿੱਚ ਦਾ ਕੇਂਦਰ ਬਣੇ ਹੋਏ ਹਨ। ਪੂਰੇ ਇਲਾਕੇ ਵਿਚ 10 ਵਾਟਰ ਏਟੀਐਮ ਸਥਾਪਿਤ ਕੀਤੇ ਗਏ ਹਨ। ਇਕ ਏਟੀਐੈਮ ਮਸ਼ੀਨ ਵਾਂਗ ਹੀ ਇਨਾਂ ਵਾਟਰ ਏਟੀਐਮਜ਼ 'ਤੇ ਐਡੀਈਡੀ ਸਕਰੀਨ ਲੱਗੀ ਹੋਈ ਹੈ, ਜਿਸ 'ਤੇ ਪਾਣੀ ਬਚਾਉਣ ਦਾ ਸੰਦੇਸ਼ ਚੱਲਦਾ ਰਹਿੰਦਾ ਹੈ। ਇੱਥੇ ਸੰਗਤ ਨੂੰ 24 ਘੰਟੇ ਪੀਣ ਦਾ ਸਾਫ ਪਾਣੀ ਉਪਲੱਬਧ ਕਰਵਾਇਆ ਜਾ ਰਿਹਾ ਹੈ। ਵਾਟਰ ਏਟੀਐਮ ਦੇ ਨਾਲ ਹੀ ਟੈਪਿੰਗ ਮਸ਼ੀਨਾਂ ਵੀ ਲਾਈਆਂ ਗਈਆਂ ਹਨ ਜਿੱਥੇ ਜ਼ਰੂਰਤ ਅਨੁਸਾਰ ਪਾਣੀ ਲਿਆ ਜਾ ਸਕਦਾ ਹੈ।
ਪਾਣੀ ਬਚਾਉਣ ਦਾ ਸੰਦੇਸ਼ ਦੇਣ ਲਈ ਇਨਾਂ ਟੂਟੀਆਂ ਦੇ ਬਟਨ ਦਾ ਕੰਟਰੋਲ ਪੈਰਾਂ ਕੋਲ ਦਿੱਤਾ ਗਿਆ ਹੈ ਜਿਸ ਨੂੰ ਦਬਾ ਕੇ ਜ਼ਰੂਰਤ ਅਨੁਸਾਰ ਪਾਣੀ ਕੱਢਿਆ ਜਾ ਸਕਦਾ ਹੈ। ਪਾਣੀ ਦੀ ਬਰਬਾਦੀ ਇੱਥੇ ਸੰਭਵ ਹੀ ਨਹੀਂ। ਇਸੇ ਤਰਾਂ ਵਾਟਰ ਬਟਨ ਦਬਾਉਣ 'ਤੇ ਸਿਰਫ ਜਰੂਰਤ ਮੁਤਾਬਿਕ ਹੀ ਪਾਣੀ ਕੰਢਿਆ ਜਾ ਸਕਦਾ ਹੈ। ਡੇਰਾ ਬਾਬਾ ਨਾਨਕ ਤੋਂ ਆਏ ਗੁਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇੱਥੇ ਸੰਗਤ ਲਈ ਜੋ ਪ੍ਰਬੰਧ ਕੀਤੇ ਗਏ ਹਨ, ਉਹ ਸ਼ਲਾਘਾਯੋਗ ਹਨ। ਉਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਪਹੁੰਚਣ ਤੋਂ ਲੈ ਕੇ ਇੱਥੇ ਗੁਰਦੁਆਰਾ ਸਾਹਿਬ ਜਾਣ ਤੱਕ ਸੰਗਤ ਦੀ ਸੇਵਾ ਲਈ ਵੱਡੇ ਇੰਤਜ਼ਾਮ ਕੀਤੇ ਗਏ ਹਨ। ਗੁਰਦਾਪੁਰ ਤੋਂ ਗੁਰੂ ਘਰ ਸੀਸ ਨਿਵਾਉਣ ਆਏ ਬੰਤ ਸਿੰਘ ਨੇ ਕਿਹਾ ਕਿ ਇੱਥੇ ਮੂਫਤ ਬੱਸਾਂ, ਈ ਰਿਕਸ਼ਾ, ਲੋਕਾਂ ਦੇ ਰਹਿਣ ਲਈ ਟੈਂਟ ਸਿਟੀ ਸਮੇਤ ਹੋਰ ਕਈ ਇੰਤਜ਼ਾਮ ਕੀਤੇ ਗਏ ਹਨ, ਜੋ ਆਪਣੇ ਆਪ ਵਿਚ ਮਿਸਾਲ ਹਨ।
ਡਿਪਟੀ ਕਮਿਸ਼ਨਰ ਕਪੂਰਥਲਾ ਡੀਪੀਐਸ ਖਰਬੰੰਦਾ ਨੇ ਦੱਸਿਆ ਕਿ ਸੰਗਤ ਨੂੰ ਸ਼ੁੱਧ ਪਾਣੀ ਮੁਹੱਈਆ ਕਰਾਉਣ ਲਈ ਇੱਥੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਪੂਰੇ ਇਲਾਕੇ ਵਿਚ 8 ਟਿਊਬਵੈਲ ਲਾਏ ਹਨ, ਜੋ ਲਗਾਤਾਰ ਪਾਣੀ ਦੀ ਸਪਲਾਈ ਦੇ ਰਹੇ ਹਨ। ਇੱਥੇ 131 ਐਚਡੀਪੀਈ ਵਾਟਰ ਸਟੋਰੇਜ ਟੈਂਕ ਸਥਾਪਿਤ ਕੀਤੇ ਹਨ। 107 ਸਟੇਨਲੈੱਸਟੀਲ ਟੈਪਿੰਗ ਸਿਸਟਮ ਹਨ ਤੇ 10 ਵਾਟਰ ਏਟੀਐਮ ਲੱਗੇ ਹੋਏ ਹਨ। ਪੂਰੇ ਇਲਾਕੇ ਵਿਚ ਜਗਾ ਜਗਾ ਪਾਣੀ ਦਾ ਪ੍ਰਬੰਧ ਹੈ ਅਤੇ ਜ਼ਿਲਾ ਪ੍ਰਸ਼ਾਸਨ ਲੋਕਾਂ ਨੂੰ 24 ਘੰਟੇ ਸਾਫ ਪਾਣੀ ਮੁਹੱਈਆ ਕਰਾਊਣ ਲਈ ਵਚਨਬੱਧ ਹੈ, ਜਿਸ ਲਈ ਸਾਡੀਆਂ ਟੀਮਾਂ ਲਗਾਤਾਰ ਫੀਲਡ ਵਿਚ ਕੰਮ ਕਰ ਰਹੀਆਂ ਹਨ। ਉਨਾਂ ਕਿਹਾ ਕਿ ਲੋਕਾਂ ਦੀ ਸੇਵਾ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੇ।