← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 07 ਨਵੰਬਰ 2019: ਬਠਿੰਡਾ ਜਿਲੇ ਦੇ ਥਾਣਾ ਨੇਹੀਆਂ ਵਾਲਾ ਅਧੀਨ ਪੈਂਦੇ ਪਿੰਡ ਗੰਗਾ ਅਬਲੂ ਰੋਡ ਤੇ ਦੋ ਦਿਨ ਪੁਰਾਣੀ ਤਕਰਾਰ ਨੂੰ ਲੈਕੇ ਇੱਕ ਨੌਜਵਾਨ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਨੇਹੀਆਂ ਵਾਲਾ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਗੁਰਵਿੰਦਰ ਸਿੰਘ ਉਰਫ ਗਿੰਦੂ ਪੁੱਤਰ ਦਰਬਾਰਾ ਸਿੰਘ ਵਾਸੀ ਕੋਠੇ ਲਾਲ ਸਿੰਘ ਨੇ ਦੱਸਿਆ ਹੈ ਕਿ ਉਹ ਤੇ ਉਸ ਦਾ ਭਰਾ ਸੁਖਦੇਵ ਸਿੰਘ ਬੁੱਧਵਾਰ ਨੂੰ ਗੰਗਾ ਅਬਲੂ ਰੋਡ ਤੇ ਇੱਕ ਸ਼ੈਲਰ ’ਚ ਝੋਨਾ ਸੁੱਟ ਕੇ ਕਰੀਬ 7.30 ਵਜੇ ਆਪਣੇ ਟਰੈਕਟਰ ’ਤੇ ਕੋਠੇ ਲਾਲ ਸਿੰਘ ਪਰਤ ਰਹੇ ਸਨ ਤਾਂ ਇੱਕ ਸਫੈਦ ਰੰਗ ਦੀ ਕਾਰ ਟਰੈਕਟਰ ਅੱਗੇ ਆ ਕੇ ਰੁਕ ਗਈ। ਕਾਰ ਵਿਚ ਸਵਾਰ ਨੌਜਵਾਨ ਨੇ ਗਾਲੀ ਗਲੋਚ ਸ਼ੁਰੂ ਕਰ ਦਿੱਤਾ ਅਤੇ ਮੇਰੇ ਭਰਾ ਨਾਲ ਦੁਰਵਿਹਾਰ ਕੀਤਾ। ਇਸੇ ਦੌਰਾਨ ਉਸ ਨੇ ਫੋਨ ਕਰਕੇ ਆਪਣੇ ਸਾਥੀ ਅਕਾਸ਼ਦੀਪ ਸਿੰਘ ਪੁੱਤਰ ਜਸਪਾਲ ਸਿੰਘ ਨੂੰ ਸੱਦ ਲਿਆ। ਦੋਵਾਂ ਨੇ ਮੇਰੇ ਭਰਾ ਨਾਲ ਖਿੱਚ ਧੂਹ ਕਰ ਦਿੱਤੀ ਅਤੇ ਦੇਖਦਿਆਂ ਹੀ ਦੇਖਦਿਆਂ ਅਕਾਸ਼ਦੀਪ ਨੇ ਤੇਜਧਾਰ ਹਥਿਆਰ ਨਾਲ ਸੁਖਦੇਵ ਸਿੰਘ ਤੇ ਵਾਰ ਕਰ ਦਿੱਤਾ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਕਾਸ਼ਦੀਪ ਨੇ ਉਸ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੋਂ ਭੱਜਣ ਕਰਕੇ ਉਸ ਨੂੰ ਕੋਈ ਸੱਟ ਫੇਟ ਨਹੀਂ ਲੱਗੀ। ਇਸ ਹਮਲੇ ’ਚ ਸੁਖਦੇਵ ਸਿੰਘ ਬੁਰੀ ਤਰਾਂ ਜਖਮੀ ਹੋ ਗਿਆ ਜਿਸ ਨੂੰ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ। ਗੁਰਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਲੰਘੀ 4 ਤਰੀਕ ਨੂੰ ਮੈਂ ਅਤੇ ਮੇਰੇ ਭਰਾ ਤੋਂ ਇਲਾਵਾ ਪਿੰਡ ਦੇ ਕੁਝ ਨੌਜਵਾਨ ਸ਼ਾਮ ਨੂੰ ਸੈਰ ਕਰਦਿਆਂ ਅਕਾਸ਼ਦੀਪ ਦੇ ਪੋਲਟਰੀ ਫਾਰਮ ਕੋਲ ਦੀ ਲੰਘ ਰਹੇ ਸਾਂ ਤਾਂ ਅਕਾਸ਼ਦੀਪ ਅਤੇ ਉਸ ਦੇ 8-10 ਦੋਸਤਾਂ ਨੇ ਉਨਾਂ ਨਾਲ ਬਦਸਲੂਕੀ ਕੀਤ ਅਤੇ ਦੇਖ ਲੈਣ ਦੀਆਂ ਕਥਿਤ ਧਮਕੀਆਂ ਦਿੱਤੀਆਂ ਸਨ। ਉਸ ਨੇ ਦੱਸਿਆ ਕਿ ਇਸ ਮੌਕੇ ਹੋਈ ਤਕਰਾਰ ਦੀ ਰੰਜਿਸ਼ ਵਿਚ ਦੋਵਾਂ ਨੇ ਮਿਲ ਕੇ ਉਸ ਦੇ ਭਰਾ ਦੀ ਹੱਤਿਆ ਕਰ ਦਿੱਤੀ ਹੈ। ਥਾਣਾ ਨੇਹੀਆਂ ਵਾਲਾ ਦੇ ਮੁੱਖ ਥਾਣਾ ਅਫਸਰ ਰਜੇਸ਼ ਕੁਮਾਰ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਉਰਫ ਗਿੰਦੂ ਦੇ ਬਿਆਨਾਂ ਦੇ ਅਧਾਰ ਤੇ ਅਕਾਸ਼ਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਅਬਲੂ ਅਤੇ ਗੁਰਪਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਜੀਦਾ ਖਿਲਾਫ ਧਾਰਾ 302,34 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਉਨਾਂ ਦੱਸਿਆ ਕਿ ਮੁਲਜਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਿੰਨਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਏਗਾ। ਮਿ੍ਤਕ ਸੁਖਦੇਵ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।
Total Responses : 934