ਬਠਿੰਡਾ ਮੰਡੀ ਵਿਚ ਵਿਕਣ ਲਈ ਆਇਆ ਝੋਨਾ
ਅਸ਼ੋਕ ਵਰਮਾ
ਮੰਡੀਆਂ ’ਚ 7-7 ਦਿਨਾਂ ਤੋਂ ਰੁਲ ਰਹੇ ਨੇ ਕਿਸਾਨ
ਬਠਿੰਡਾ, 07 ਨਵੰਬਰ 2019: ਝੋਨੇ ਦੇ ਘਟੇ ਝਾੜ ਅਤੇ ਵਿਕਣ ’ਚ ਆ ਰਹੀਆਂ ਮੁਸ਼ਕਲਾਂ ਕਾਰਨ ਕਿਸਾਨਾਂ ਦੀਆਂ ਖੁਸ਼ੀਆਂ ਖੰਭ ਲਾਕੇ ਉੱਡ ਗਈਆਂ ਹਨ। ਉਪਰੋਂ ਬੁੱਧਵਾਰ ਰਾਤ ਨੂੰ ਪਈ ਬਾਰਸ਼ ਨੇ ਕਿਸਾਨਾਂ ਦੇ ਫਿਕਰਾਂ ’ਚ ਵਾਧਾ ਕਰ ਦਿੱਤਾ ਹੈ। ਕਿਸਾਨਾਂ ਨੂੰ ਤਾਂ ਪਹਿਲਾਂ ਹੀ ਹਫਤਾ ਹਫਤਾ ਮੰਡੀਆਂ ’ਚ ਰੁਲਣਾ ਪੈ ਰਿਹਾ ਸੀ ਜਦੋਂਕਿ ਮੀਂਹ ਕਾਰਨ ਸਿੱਲੇ ਹੋਏ ਝੋਨੇ ਨੇ ਹੋਰ ਵੀ ਰੋਲ ਦੇਣਾ ਹੈ। ਕਿਸਾਨਾਂ ਨੂੰ ਉਮੀਦ ਸੀ ਕਿ ਐਤਕੀਂ ਝੋਨਾ ਉਨਾਂ ਲਈ ਲਾਹਵੰਦ ਸਾਬਤ ਹੋਏਗਾ ਪਰ ਬੇਮੌਸਮੀ ਬਰਸਾਤਾਂ ਨੇ ਮਾਰ ਪਾ ਦਿੱਤੀ ਹੈ। ਬਠਿੰਡਾ ਦੀ ਅਨਾਜ ਮੰਡੀ ’ਚ ਬੈਠੇ ਕਈ ਕਿਸਾਨਾਂ ਨੇ ਗਿਲਾ ਕੀਤਾ ਕਿ ਐਤਕੀਂ ਕਪਤਾਨੀ ਹਕੂਮਤ ਉਨਾਂ ਦੀਆਂ ਜਿਣਸਾਂ ਲਈ ਚੰਗੀ ਸਾਬਤ ਨਹੀਂ ਹੋਈ ਹੈ। ਇਸ ਮੰਡੀ ‘ਚ ਚਾਰ ਚੁਫੇਰੇ ਝੋਨਾ ਖਿਲਾਰਿਆ ਹੋਇਆ ਹੈ ਅਤੇ ਕਿਸੇ ਤਰਫ ਵੀ ਜਿਣਸ ਸੁੱਟਣ ਜੋਗੀ ਥਾਂ ਨਹੀਂ ਹੈ। ਫਸਲ ਕਾਰਨ ਆਵਾਜਾਈ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ ਜਦੋਂਕਿ ਕਿਸਾਨ ਆਪਣੀ ਖੱਜਲ ਖੁਆਰੀ ਦੀ ਗੱਲ ਕਰ ਰਹੇ ਹਨ। ਮਜਦੂਰ ਝੋਨੇ ਦੀ ਸਾਫ ਸਫਾਈ ਕਰ ਰਹੇ ਹਨ । ਤੁਲਾਈ ਅਤੇ ਚੁਕਾਈ ਨਾ ਹੋਣ ਕਰਕੇ ਕਿਸਾਨਾਂ ਨੇ ਝੋਨੇ ਦੀਆਂ ਢੇਰੀਆਂ ਨੂੰ ਹੀ ਹਮਸਫਰ ਬਣਾ ਲਿਆ ਹੈ। ਮੰਡੀ ’ਚ ਪਿਛਲੇ 8 ਦਿਨਾਂ ਤੋਂ ਝੋਨਾ ਵਿਕਣ ਦੀ ਉਡੀਕ ’ਚ ਬੈਠੇ ਜੱਸੀ ਪੌ ਵਾਲੀ ਦੇ ਕਿਸਾਨ ਰਾਜਬੀਰ ਸਿੰਘ ਨੇ ਦੱਸਿਆ ਕਿ ਬਾਰਸ਼ ਨੇ ਖਰੀਦ ਨੂੰ ਹੋਰ ਵੀ ਪ੍ਰਭਾਵਿਤ ਕਰ ਦਿੱਤਾ ਹੈ। ਉਨਾਂ ਦੱਸਿਆ ਕਿ ਖਰੀਦ ਇੰਸਪੈਕਟਰਾਂ ਦੇ ਨਖਰੇ ਹੀ ਮਾਣ ਨਹੀਂ ਹਨ ਜਦੋਂਕਿ ਕਿਸਾਨਾਂ ਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਫਸਲ ਪਾਲੀ ਹੈ। ਉਨਾਂ ਆਖਿਆ ਕਿ ਐਤਕੀਂ ਦੀ ਪਾਰੀ ’ਚ ਤਾਂ ਕੈਪਟਨ ਹਕੂਮਤ ਦੀ ਪੁਰਾਣੀ ਭੱਲ ਖਤਮ ਹੋ ਗਈ ਹੈ। ਇਸੇ ਹੀ ਪਿੰਡ ਦੇ ਕਿਸਾਨ ਹਰਜੱਸ ਸਿੰਘ ਦਾ ਕਹਿਣਾ ਸੀ ਕਿ ਝੋਨੇ ਦਾ ਝਾੜ ਪ੍ਰਤੀ ਏਕੜ 10 ਤੋਂ 20 ਮਣ ਤੱਕ ਘੱਟ ਨਿਕਲਿਆ ਹੈ ਉੱਪਰੋਂ ਵੇਚਣ ਲਈ ਰੁਲਣਾ ਪੈ ਰਿਹਾ ਵੱਖਰਾ ਹੈ। ਉਨਾਂ ਦੱਸਿਆ ਕਿ ਦਿਨ ਵੇਲੇ ਝੋਨੇ ’ਚ ਨਮੀ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਅਗਲੇ ਦਿਨ ਇਸਪੈਕਟਰ ਵੱਧ ਹੋਣ ਦੀ ਗੱਲ ਕਹਿ ਕੇ ਚਲੇ ਜਾਂਦੇ ਹਨ। ਪਿੰਡ ਜੱਸੀ ਪੌ ਵਾਲੀ ਦੇ ਕਿਸਾਨ ਬਲਵਿੰਦਰ ਸਿੰਘ ਦਾ ਪ੍ਰਤੀਕਰਮ ਸੀ ਸਾਰੀਆਂ ਮਾਰਾਂ ਜੱਟ ਨੂੰ ਪੈਂਦੀਆਂ ਹਨ ਅਤੇ ਹਕੂਮਤਾਂ ਬਾਂਹ ਫੜਨ ਤੋਂ ਆਕੀ ਹਨ। ਬਠਿੰਡਾ ਦੀ ਲਾਲ ਸਿੰਘ ਬਸਤੀ ਦੇ ਦੋ ਕਿਸਾਨਾਂ ਰਾਮ ਸਿੰਘ ਅਤੇ ਕਰਨੈਲ ਸਿੰਘ ਨਾਲ ਤਾਂ ਜੱਗੋਂ ਤੇਰਵੀਂ ਹੋਈ ਹੈ। ਬੁੱਧਵਾਰ ਨੂੰ ਪਏ ਮੀਂਹ ਨੇ ਇੰਨਾਂ ਪਿਕਸਾਨਾਂ ਦੇ ਸੁਫਨਿਆਂ ਤੇ ਪਾਣੀ ਫੇਰ ਦਿੱਤਾ ਹੈ। ਰਾਮ ਸਿੰਘ ਨੇ ਆਪਣਾ ਝੋਨਾ ਖੁੱਲੇ ਥਾਂ ’ਚ ਸੁੱਟਿਆ ਸੀ ਤਾਂ ਜੋ ਧੁੱਪ ਨਾਲ ਸੁੱਕ ਜਾਵੇ। ਜਦੋਂ ਰਾਤ ਨੂੰ ਬਾਰਸ਼ ਪਈ ਤਾਂ ਦੋਵਾਂ ਸ਼ੈਡਾਂ ਦਾ ਪਾਣੀ ਉਨਾਂ ਦੇ ਝੋਨੇ ਹੇਠਾਂ ਵੜ ਗਿਆ। ਕਿਸਾਨ ਕਰਨੈਲ ਸਿੰਘ ਨੇ ਦੱਸਿਆ ਕਿ 7 ਦਿਨ ਤਾਂ ਪਹਿਲਾਂ ਫੁੱਟ ਗਏ ਹਨ ਤੇ ਹੁਣ ਕਿੰਨਾਂ ਸਮਾਂ ਲੱਗੇਗਾ ਇਹ ਇੰਸਪੈਕਟਰ ਦੀ ਮਿਹਰਬਾਨੀ ਤੇ ਨਿਰਭਰ ਕਰਦਾ ਹੈ। ਉਨਾਂ ਆਖਿਆ ਕਿ ਜੇਕਰ ਲਿਫਟਿੰਗ ਕੀਤੀ ਹੁੰਦੀ ਤਾਂ ਉਨਾਂ ਦੀ ਫਸਲ ਸ਼ੈਡਾਂ ਹੇਠ ਲਹਿਣੀ ਸੀ ਪਰ ਅਜਿਹਾ ਨਹੀਂ ਹੋਇਆ ਹੈ। ਮੰਡੀ ਵਿਚ ਬੈਠੇ ਕਿਸਾਨ ਬਲਬੀਰ ਸਿੰਘ ਦਾ ਕਹਿਣਾ ਸੀ ਕਿ ਮੁਨਾਫਿਆਂ ਦੀ ਖੇਤੀ ਤਾਂ ਹੁਣ ਸੁਫਨਾ ਬਣ ਗਈ ਹੈ। ਕਿਸਾਨ ਹਰਨਾਮ ਸਿੰਘ ਨੇ ਕਿਹਾ ਕਿ ਉਨਾਂ ਨੂੰ ਪ੍ਰਤੀ ਏਕੜ 15 ਹਜਾਰ ਰੁਪਏ ਦਾ ਘਾਟਾ ਪਿਆ ਹੈ ਜਦੋਂਕਿ ਮਹਿੰਗੇ ਭਾਅ ਤੇ ਜਮੀਨ ਠੇਕੇ ਤੇ ਲੈਣ ਵਾਲੇ ਕਿਸਾਨ ਤਾਂ ਰਗੜੇ ਗਏ ਹਨ। ਉਨਾਂ ਦੱਸਿਆ ਕਿ ਝੋਨੇ ਦਾ ਜੋ ਝਾੜ ਪਿਛਲੇ ਵਰੇ 75 ਤੋਂ 90 ਮਣ ਪ੍ਰਤੀ ਏਕੜ ਦਾ ਸੀ, ਉਹ ਹੁਣ 65 ਤੋਂ 70 ਮਣ ਪ੍ਰਤੀ ਏਕੜ ’ਤੇ ਅਟਕ ਗਿਆ ਹੈ । ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਬਿਜਾਂਦ ’ਚ ਦੇਰੀ ਉਨਾਂ ਦੇ ਜੜੀਂ ਬੈਠ ਗਈ ਹੈ। ਬਠਿੰਡਾ ਦੇ ਕਿਸਾਨ ਰਾਜਵਿੰਦਰ ਸਿੰਘ ਨੇ ਕਿਹਾ ਕਿ ਝੋਨਾ ਵਿਕਣ ’ਚ ਦੇਰੀ ਦਾ ਪ੍ਰਭਾਵ ਕਣਕ ਦੀ ਬਿਜਾਈ ਤੇ ਪਵੇਗਾ ਜਿਸ ਦਾ ਸਿੱਧਾ ਅਸਰ ਝਾੜ ਤੇ ਪੈ ਸਕਦਾ ਹੈ ।
ਸਹੀ ਮਾਤਰਾ ’ਚ ਸਿੱਲ ਵਾਲੇ ਝੋਨੇ ਦੀ ਫੌਰੀ ਖਰੀਦ
ਡਿਪਟੀ ਕਮਿਸ਼ਨਰ ਬਠਿੰਡਾ ਬੀ ਸ਼ੀਨਿਵਾਸਨ ਦਾ ਕਹਿਣਾ ਸੀ ਕਿ ਫਸਲ ਵਿਕਣ ’ਚ ਦੇਰੀ ਦਾ ਕਾਰਨ ਸਿੱਲ ਹੈ ਹੋਰ ਕੋਈ ਸਮੱਸਿਆ ਨਹੀਂ ਹੈ ਉਨਾਂ ਆਖਿਆ ਕਿ 17 ਫੀਸਦੀ ਸਿੱਲ ਵਾਲਾ ਝੋਨਾ ਨਾਲੋ ਨਾਲ ਖਰੀਦਿਆ ਜਾ ਰਿਹਾ ਹੈ। ਉਨਾਂ ਆਖਿਆ ਕਿ ਖਰੀਦੀ ਫਸਲ ਦੀ ਚੁਕਾਈ ਕਰਨ ਲਈ ਵੀ ਕਿਹਾ ਗਿਆ ਹੈ। ਉਨਾਂ ਕਿਹਾ ਕਿ ਖਰੀਦ ਸਟਾਫ ਨੂੰ ਝੋਨਾ ਖਰੀਦਣ ਦੇ ਮਾਮਲੇ ’ਚ ਪੂਰੀ ਚੌਕਸੀ ਵਰਤਣ ਦੇ ਹੁਕਮ ਦਿੱਤੇ ਗਏ ਹਨ।
ਸਰਕਾਰੀ ਨੀਤੀਆਂ ਨੇ ਰੋਲਿਆ ਖੇਤੀ ਖੇਤਰ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਸਰਕਾਰਾਂ ਦੀਆਂ ਧਨਾਢਾਂ ਅਤੇ ਕਾਰਪੋਰੇਟ ਕੰਪਨੀਆਂ ਪੱਖੀ ਨੀਤੀਆਂ ਨੇ ਖੇਤੀ ਖੇਤਰ ਨੂੰ ਰੋਲ ਕੇ ਰੱਖ ਦਿੱਤਾ ਹੈ। ਉਨਾਂ ਆਖਿਆ ਕਿ ਅਸਲ ’ਚ ਸਰਕਾਰ ਨੂੰ ਸਿੱਲ ਦੀ ਮਾਤਰਾ ਵਧਾਉਣੀ ਚਾਹੀਦੀ ਹੈ ਤਾਂ ਜੋ ਫਸਲ ਵਿਕਣ ’ਚ ਸਮੱਸਿਆ ਨਾਂ ਆਵੇ।