ਸ਼ਹਿਰ ’ਚ ਬਿਜਲੀ ਦੀਆਂ ਕੇਬਲਾਂ ਬਦਲ ਰਹੇ ਮੁਲਾਜਮਾਂ ਦੀ ਤਸਵੀਰ
ਅਸ਼ੋਕ ਵਰਮਾ
ਬਠਿੰਡਾ, 07 ਨਵੰਬਰ 2019: ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਪਾਵਰਕੌਮ ਬਾਰਸ਼ ਦੌਰਾਨ ਨਿਰਵਿਘਨ ਬਿਜਲੀ ਮੁਹੱਈਆ ਕਰਵਾਉਣ ’ਚ ਸਮਰੱਥ ਨਹੀਂ ਹੋ ਸਕਿਆ ਹੈ। ਲੰਘੀ ਦੇਰ ਸ਼ਾਮ ਹੋਈ ਹਲਕੀ ਬਾਰਸ਼ ਨੇ ਬਿਜਲੀ ਵਿਭਾਗ ਨੂੰ ਐਸਾ ਕਰੰਟ ਮਾਰਿਆ ਹੈ ਕਿ ਮੁਲਾਜਮ ਪੂਰਾ ਦਿਨ ਪੱਬਾਂ ਭਾਰ ਰਹੇ ਹਨ। ਮੌਸਮ ਵਿਭਾਗ ਅਨੁਸਾਰ ਬਠਿੰਡਾ ’ਚ 3.2 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ ਹੈ ਜਿਸ ਨੂੰ ਪਿਛਲੀ ਜੁਲਾਈ ’ਚ ਪਏ 117 ਮਿਲੀਮੀਟਰ ਮੀਂਹ ਦੇ ਮੁਕਾਬਲੇ ਆਟੇ ’ਚ ਲੂਣ ਮੰਨਿਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਮਾਮੂਲੀ ਜਿਹੀ ਬਾਰਸ਼ ਨੇ ਹੀ ਸ਼ਹਿਰੀ ਲੋਕਾਂ ਤੇ ਪਾਵਰਕੌਮ ਦੇ ਸਟਾਫ ਨੂੰ ਸੂਲੀ ਟੰਗ ਰੱਖਿਆ ਹੈ । ਜੇ ਕਿਧਰੇ ਭਾਰੀ ਬਰਸਾਤ ਹੋ ਜਾਂਦੀ ਤਾਂ ਸਥਿਤੀ ਕਿਹੋ ਜਿਹੀ ਹੋ ਸਕਦੀ ਹੈ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਹੈ। ਕਿਲਾ ਮੁਬਾਰਕ ਦੇ ਨਜ਼ਦੀਕ ਵੱਸਦੇ ਬਨਾਰਸੀ ਦਾਸ ਅੱਗਰਵਾਲ ਦਾ ਪ੍ਰਤੀਕਰਮ ਸੀ ਕਿ ਬਿਜਲੀ ਮਾਮਲੇ ‘ਚ ਅੱਛੇ ਦਿਨ ਕਦੋਂ ਆਉਣਗੇ ਇਸ ਸਵਾਲ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਹੈ। ਉਨਾਂ ਆਖਿਆ ਕਿ ਇੱਕ ਵੀ ਦਿਨ ਅਜਿਹਾ ਨਹੀਂ ਹੈ ਬਲਕਿ ਨਿੱਤ ਰੋਜ ਕੋਈ ਨਾ ਕੋਈ ਇਲਾਕਾ ਬਿਜਲੀ ਬੰਦੀ ਦੀ ਮਾਰ ਹੇਠ ਆਇਆ ਰਹਿੰਦਾ ਹੈ। ਬੀਤੀ ਦੇਰ ਸ਼ਾਮ ਹੋਈ ਬਾਰਸ਼ ਕਾਰਨ ਸ਼ਹਿਰ ਦੇ ਦੋ ਦਰਜਨ ਦੇ ਕਰੀਬ ਇਲਾਕੇ ਪ੍ਰਭਾਵਿਤ ਹੋ ਗਏ ਹਨ ਜਿੰਨਾਂ ਚੋਂ ਬਹੁਤਿਆਂ ਵਿਚ ਰਾਤ ਤੋਂ ਬੰਦ ਹੋਈ ਬਿਜਲੀ ਸ਼ਾਮ ਤੱਕ ਵੀ ਬਹਾਲ ਨਹੀਂ ਕੀਤੀ ਜਾ ਸਕੀ ਸੀ। ਸ਼ਕਾਇਤ ਕੇਂਦਰ ਦੇ ਤੱਥ ਹਨ ਕਿ ਸਵੇਰੇ ਕਰੀਬ ਪੌਣੇ ਅੱਠ ਵਜੇ ਬਿਜਲੀ ਬੰਦ ਰਹਿਣ ਸਬੰਧੀ ਦਰਜ ਸ਼ਕਾਇਤ ਤਿੰਨ ਵਜੇ ਠੀਕ ਕਰ ਦਿੱਤੀ ਗਈ ਪ੍ਰੰਤੂ ਅੱਧੇ ਘੰਟੇ ਬਾਅਦ ਮੁੜ ਤੋਂ ਤਕਨੀਕੀ ਨੁਕਸ ਪੈ ਗਿਆ। ਸ਼ਕਾਇਤ ਕਰਮਚਾਰੀ ਧਨਵੀਰ ਸਿੰਘ ਨੇ ਦੱਸਿਆ ਕਿ ਉਹ ਸਵੇਰ ਤੋਂ ਲੱਗਿਆ ਹੋਇਆ ਹੈ ਪਰ ਸ਼ਕਾਇਤਾਂ ਨਹੀਂ ਅਖਤਮ ਹੋਈਆਂ ਹਨ। ਉੱਪਰੋਂ ਸਟਾਫ ਦੀ ਘਾਟ ਕਾਰਨ ਉਸ ਨੂੰ ਪਾਣੀ ਪੀਣ ਦਾ ਵਕਤ ਵੀ ਨਹੀਂ ਮਿਲ ਸਕਿਆ ਹੈ। ਮੌਸਮ ਠੰਢਾ ਹੋਣ ਕਾਰਨ ਬਿਜਲੀ ਦੀ ਮੰਗ ਘੱਟ ਹੈ ਫਿਰ ਵੀ ਫੀਡਰਾਂ ਤੇ ਲਾਈਨਾਂ ਦੀ ਮੁਰੰਮਤ ਦੇ ਨਾਮ ਹੇਠ ਦਿਨ ਵੇਲੇ ਵੀ ਤੇ ਰਾਤਾਂ ਨੂੰ ਵੀ ਬਿਜਲੀ ਠੱਪ ਰੱਖੀ ਜਾ ਰਹੀ ਹੈ । ਸ਼ਹਿਰ ਦੇ ਤੰਗ ਮੁਹੱਲਿਆਂ ’ਚ ਤਾਂ ਜਿੰਦਗੀ ਦੁੱਭਰ ਹੋਣ ਲੱਗੀ ਹੈ। ਪਾਵਰਕਾਮ ਦੇ ਕੁਝ ਮੁਲਾਜਮਾਂ ਨੇ ਮੰਨਿਆ ਕਿ ਭਾਵੇਂ ਸ਼ਹਿਰ ਦੇ ਵਰਿਆਂ ਪੁਰਾਣੇ ਬਿਜਲੀ ਢਾਂਚੇ ’ਚ ਕਾਫੀ ਸੁਧਾਰ ਕੀਤਾ ਗਿਆ ਹੈ ਫਿਰ ਵੀ ਪੁਰਾਣਾ ਕੰਡਕਟਰ, ਉਲਝੀਆਂ ਤਾਰਾਂ ਤੇ ਬੇਤਰਤੀਬੀਆਂ ਸਪਲਾਈ ਲਾਈਨਾਂ ਕਾਰਨ ਹਾਲ ਦੀ ਘੜੀ ਸੰਕਟ ਤੋਂ ਰਾਹਤ ਦੀ ਸੰਭਵਾਨਾ ਨਹੀਂ ਹੈ। ਵੇਰਵਿਆਂ ਮੁਤਾਬਕ ਸ਼ਹਿਰ ’ਚ ਬਿਜਲੀ ਖਪਤਕਾਰਾਂ ਦੀ ਗਿਣਤੀ ਇੱਕ ਲੱਖ ਤੋਂ ਜਿਆਦਾ ਹੈ। ਆਮ ਦਿਨਾਂ ‘ਚ 20-22 ਲੱਖ ਯੂਨਿਟ ਰੋਜਾਨਾ ਦੀ ਮੰਗ ਹੁੰਦੀ ਹੈ ਜੋਕਿ ਇੰਨਾਂ ਦਿਨਾਂ ’ਚ ਘਟ ਕੇ 18 ਤੋਂ 20 ਲੱਖ ਯੂਨਿਟ ਤੱਕ ਪੁੱਜ ਜਾਂਦੀ ਹੈ। ਦੱਸਣਯੋਗ ਹੈ ਕਿ ਬਿਜਲੀ ਸਮੱਸਿਆ ਨੂੰ ਦੇਖਦਿਆਂ ਸਾਲ 2009 ‘ਚ ਸ਼ਹਿਰ ’ਚ ਵੰਡ ਪ੍ਰਣਾਲੀ ਨੂੰ ਦਰੁਸਤ ਕਰਨ ਲਈ ਕੇਂਦਰੀ ਫੰਡਾਂ ਵਾਲਾ ਪ੍ਰਜੈਕਟ ਤਿਆਰ ਕੀਤਾ ਗਿਆ ਸੀ। ਇਸ ਪ੍ਰਜੈਕਟ ਤਹਿਤ ਪੁਰਾਣੀਆਂ ਤਾਰਾਂ,ਕੇਬਲਾਂ ਤੇ ਬੁਨਿਆਦੀ ਬਿਜਲੀ ਢਾਂਚਾ ਬਦਲਿਆ ਜਾ ਰਿਹਾ ਹੈ। ਖਾਸ ਤੌਰ ਤੇ ਸ਼ਹਿਰ ’ਚ ਓਵਰਲੋਢ ਚੱਲ ਰਹੇ ਟਰਾਂਸਫਾਰਮਰਾਂ ਦਾ ਲੋਢ ਘੱਟ ਕਰਨ ਤੇ ਕੰਮ ਚੱਲ ਰਿਹਾ ਹੈ। ਇਸ ਪ੍ਰੋਜੈਕਟ ’ਚ ਪੁਰਾਣੇ ਬਰੇਕਰਾਂ ਤੇ ਬੈਟਰੀਆਂ ਦੀ ਤਬਦੀਲੀ, ਨਵੇਂ ਟਰਾਂਸਫਾਰਮਰ ਰੱਖਣੇ, ਕੰਡਕਟਰ ਮੋਟਾ ਪਾਉਣਾ ਵੀ ਸ਼ਾਮਲ ਕੀਤਾ ਗਿਆ ਹੈ। ਨਵੇਂ ਸਬ ਸਟੇਸ਼ਨਾਂ ਦੀ ਉਸਾਰੀ ਅਤੇ ਨਵੀਆਂ ਕੇਬਲਾਂ ਵਿਛਾਉਣੀਆਂ ਹਨ। ਪ੍ਰਜੈਕਟ ’ਚ ਰਿੰਗ ਸਿਸਟਮ ਬਨਾਉਣ ਦੀ ਯੋਜਨਾ ਹੈ ਜਿਸ ਨਾਲ ਇੱਕ ਤਰਫ ਤੋਂ ਸਪਲਾਈ ਬੰਦ ਹੋਣ ਤੇ ਦੂਸਰੇ ਪਾਸਿਓਂ ਆਟੋਮੈਟਿਕ ਬਿਜਲੀ ਚੱਲਣ ਲੱਗ ਪਵੇਗੀ। ਤਕਨੀਕੀ ਸੂਤਰਾਂ ਮੁਤਾਬਕ 11 ਕੇ.ਵੀ ਲਾਈਨਾਂ ਦੀ ਤਾਰ ਅਤੇ ਮੀਟਰਾਂ ਨੂੰ ਜਾਣ ਵਾਲੀ ਕੇਬਲ ਆਦਿ ਬਦਲਣ ਨਾਲ ‘ਪਾਵਰ ਲਾਸ’ ਘਟਣੇ ਅਤੇ ਸਪਲਾਈ ‘ਚ ਸੁਧਾਰ ਹੋਣਾ ਸੀ । ਸਮੁੱਚਾ ਕੰਮ ਕੀੜੀ ਦੀ ਚਾਲ ਚੱਲ ਰਿਹਾ ਹੈ ਜਿਸ ਦਾ ਖਮਿਆਜਾ ਸ਼ਹਿਰ ਵਾਸੀ ਭੁਗਤ ਰਹੇ ਹਨ। ਦੱਸ ਦੇਈਏ ਕਿ ਸਾਲ 2011 ‘ਚ ਵਿਧਾਨ ਸਭਾ ਚੋਣਾਂ ਮੌਕੇ ਸਿਆਸੀ ਲਾਹੇ ਲਈ ਬਠਿੰਡਾ ਨੂੰ ਕੱਟ ਫਰੀ ਜੋਨ ਐਲਾਨ ਦਿੱਤਾ ਸੀ ਪਰ ਪੁਰਾਣੇ ਬਿਜਲੀ ਢਾਂਚੇ ਕਾਰਨ ਲੋਕਾਂ ਨੂੰ ਓਨਾ ਲਾਭ ਨਹੀਂ ਹੋ ਰਿਹਾ ਹੈ।
ਮੌਸਮ ’ਚ ਅਚਾਨਕ ਤਬਦੀਲੀ ਕਾਰਨ ਸਮੱਸਿਆ : ਐਕਸੀਅਨ
ਪਾਵਰਕੌਮ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਗਗਨਦੀਪ ਸਿੰਗਲਾ ਦਾ ਕਹਿਣਾ ਸੀ ਕਿ ਦਰਅਸਲ ਤਾਜਾ ਸਮੱਸਿਆ ਦਾ ਕਾਰਨ ਮੌਸਮ ’ਚ ਅਚਾਨਕ ਆਈ ਤਬਦੀਲੀ ਹੈ। ਉਨਾਂ ਦੱਸਿਆ ਕਿ ਅਕਸਰ ਜਦੋਂ ਮੌਸਮ ਬਦਲਦਾ ਹੈ ਤਾਂ ਏਦਾਂ ਹੋ ਜਾਂਦਾ ਹੈ। ਉਨਾਂ ਦੱਸਿਆ ਕਿ ਸੰਘਣੀ ਧੁੰਦ ਦੀ ਸ਼ੁਰੂਆਤ ’ਚ ਵੀ ਮੁਸ਼ਕਲ ਆਉਂਦੀ ਹੈ। ਉਨਾਂ ਦੱਸਿਆ ਕਿ ਬਹੁਤੇ ਇਲਾਕਿਆਂ ’ਚ ਬਿਜਲੀ ਬਹਾਲ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਸ਼ਹਿਰ ’ਚ ਰੱਖੇ ਨਵੇਂ ਟਰਾਂਸਫਾਰਮਰਾਂ ਅਤੇ ਨਵੀਆਂ ਵਿਛਾਈਆਂ ਲਾਈਨਾਂ ਨਾਲ ਕਾਫੀ ਸੁਧਾਰ ਆਇਆ ਹੈ।
ਕੱਟ ਫਰੀ ਜੋਨ ਤੇ ਧੱਬਾ:ਸੋਨੂੰ ਮਹੈਸ਼ਵਰੀ
ਸਮਾਜਿਕ ਕਾਰਕੁੰਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਪੁਰਾਣੇ ਢਾਂਚੇ ’ਚ ਮਾਮੂਲੀ ਨੁਕਸ ਪੈਣ ਕਰਕੇ ਕਿਸੇ ਨਾ ਕਿਸੇ ਪਾਸੇ ਬਿਜਲੀ ਗਾਇਬ ਰਹਿੰਦੀ ਹੈ ਜੋਕਿ ਕੱਟ ਫਰੀ ਜੋਨ ਤੇ ਧੱਬਾ ਹੈ