- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਸਾਲਾਨਾ ਪ੍ਰਬੰਧਨ ਉਤਸਵ: ਐਕਸਡੋਰੀਅਮ 3.0 ਸ਼ੁਰੂ
ਅੰਮ੍ਰਿਤਸਰ, 07 ਨਵੰਬਰ 2019 - ਪਾਰਲੀਮੈਂਟ ਦੇ ਮੈਂਬਰ, ਸ. ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਵਿਦਿਆਰਥੀਆਂ ਦੇ ਵਿੱਚ ਦਿਨੋ ਦਿਨ ਵਿਦੇਸ਼ ਜਾਣ ਦੀ ਵੱਧ ਰਹੀ ਲਾਲਸਾ ਠੀਕ ਨਹੀਂ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਦੇ ਲਈ ਹੀ ਕੰਮ ਕਰਨ ਤਾ ਹੀ ਦੇਸ਼ ਵਿਕਾਸਸ਼ੀਲ ਦੇਸ਼ਾਂ ਦਾ ਮੁਕਾਬਲਾ ਕਰ ਸਕਦਾ ਹੈ।
ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਲ ਸਕੂਲ਼ ਵੱਲੋਂ ਕਰਵਾਏ ਜਾ ਰਹੇ ਦੋ ਰੋਜ਼ਾ ਪ੍ਰਬੰਧਨ ਉਤਸਵ: ਐਕਸੋਰੀਡਮ ਦੇ ਉਦਘਾਟਨੀ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਬੜੀ ਦੂਰ ਤਕ ਛਾਏ ਹੋਏ ਹਨ। ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਕੱਦ ਨੂੰ ਬਹੁਤ ਵੱਡਾ ਕਰ ਦਿੱਤਾ ਹੈ ਅਤੇ ਮਾਪੇ ਆਪੇ ਬੱਚਿਆਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੜ੍ਹਾ ਕੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਬਿਜ਼ਨਸ ਮੈਨੇਜਮੈਂਟ ਵਿਚ ਪਰਪੱਕ ਹੋਣ ਲਈ ਅਭਿਆਸ ਉਪਰ ਸਭ ਤੋਂ ਵੱਧ ਜੋਰ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਜਿੰਨਾ ਚਿਰ ਤਕ ਵਿਦਿਆਰਥੀ ਕਿਤਾਬਾਂ ਅਤੇ ਕਲਾਸਾਂ ਦੇ ਨਾਲ ਨਾਲ ਫੀਲ਼ਡ ਵਿਚ ਜਾ ਕੇ ਕੰਮ ਕਰਨਗੇ ਓਨਾ ਚਿਰ ਤਕ ਉਨ੍ਹਾਂ ਨੂੰ ਭਵਿੱਖ ਵਿਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਨ੍ਹਾਂ ਨੇ ਵਿਭਾਗ ਵੱਲੋਂ ਕਰਵਾਏ ਜਾ ਰਹੇ ਫੈਸਟੀਵਲ ਦੀ ਸ਼ਲ਼ਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਵਿਚ ਇਸ ਫੈਸਟੀਵਲ ਨਾਲ ਹੀ ਕਈ ਪ੍ਰਬੰਧਨ ਦੇ ਮੁੱਦੇ ਸਮਝ ਆ ਜਾਣਗੇ। ਉਨ੍ਹਾਂ ਨੇ ਅਜਿਹੇ ਫੈਸਟੀਵਲ ਲਗਾਤਾਰ ਕਰਨ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਦਾ ਇਥੇ ਪੁੱਜਣ 'ਤੇ ਵਿਭਾਗ ਦੇ ਮੁਖੀ ਡਾ. ਜਸਵੀਨ ਕੌਰ ਨੇ ਸਵਾਗਤ ਕੀਤਾ ਅਤੇ ਵਿਭਾਗ ਤੇ ਯੂਨੀਵਰਸਿਟੀ ਵੱਲੋਂ ਉਚੇਰੀ ਸਿਖਿਆ ਜਾ ਰਹੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਸ. ਔਜਲਾ ਨੇ ਇਸ ਮੌਕੇ ਸਕੂਲ ਵਿਚ ਆਡੀਟੋਰੀਅਮ ਬਣਾਉਣ ਲਈ ਫੰਡ ਮੁਹਈਆ ਕਰਵਾਉਣ ਦਾ ਵੀ ਭਰੋਸਾ ਦਿਵਾਇਆ।
ਫੈਸਟੀਵਲ ਦੇ ਕੋਆਰਡੀਨੇਟਰ, ਡਾ. ਵਿਕਰਮ ਸੰਧੂ ਨੇ ਦੋ ਦਿਨ ਚੱਲਣ ਵਾਲੇ ਇਸ ਫੈਸਟੀਵਲ ਦੇ ਵੱਖ ਵੱਖ ਪ੍ਰੋਗਰਾਮਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਪਿਛਲੇ ਤਿੰਨਾ ਸਾਲਾਂ ਤੋਂ ਇਸ ਨੂੰ ਸਫਲਤਾਪੂਰਵਕ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਵਿਚ ਵੀ ਮਦਦ ਮਿਲ ਰਹੀ ਹੈ। ਇਸ ਸਮੇਂ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਵੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਨਾਲ ਨਾਲ ਵਾਧੂ ਗਿਆਨ ਭਰਪੂਰ ਗਤੀਵਿਧੀਆਂ ਵਿਚ ਹਿੱਸਾ ਲੈਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਸ਼ਖਸੀਅਤ ਵਿਚ ਨਿਖਾਰ ਆਉਂਦਾ ਹੈ।