ਅਸ਼ੋਕ ਵਰਮਾ
ਬਰਨਾਲਾ, 7 ਨਵੰਬਰ 2019 - ਮਹਿਲਕਲਾਂ ਲੋਕ-ਘੋਲ ਦੇ ਆਗੂ ਮਨਜੀਤ ਧਨੇਰ ਦੀ ਨਿਹੱਕੀ ਉਮਰ ਕੈਦ ਸਜ਼ਾ ਰੱਦ ਕਰਾਉਣ ਲਈ ਬਰਨਾਲਾ ਜ਼ੇਲ੍ਹ ਅੱਗੇ ਚੱਲ ਰਹੇ ਪੱਕੇ ਮੋਰਚੇ ਦੇ 39ਵੇਂ ਦਿਨ ਕਿਸਾਨ ਆਗੂਆਂ ਨੇ ਅਜੋਕੇ ਮਲਕ ਭਾਗੋਆਂ ਖਿਲਾਫ ਜੰਗ ਜਾਰੀ ਰੱਖਣ ਦਾ ਅਹਿਦ ਲਿਆ। ਪੱਕੇ ਮੋਰਚੇ ‘ਚ ਮੌਜੂਦ ਇਨਸਾਫ਼ਪਸੰਦ ਲੋਕਾਂ ਨੂੰ ਸੰਬੋਧਨ ਕਰਦਿਆਂ ਹਰਦੀਪ ਸਿੰਘ ਗਾਲਬ, ਮਹਿੰਦਰ ਸਿੰਘ ਕਮਾਲਪੁਰਾ, ਜਗਦੇਵ ਸਿੰਘ ਜੋਗੇਵਾਲਾ, ਗੁਲਾਬ ਸਿੰਘ ਜਿਉਂਦ ਅਤੇ ਦਰਸ਼ਨ ਸਿੰਘ ਮਾਈਸਰਖਾਨਾ ਨੇ ਕਿਹਾ ਕਿ ਸਾਡੇ ਦੇਸ਼ ਦੇ ਹਾਕਮਾਂ ਵੱਲੋਂ ਬਾਬੇ ਨਾਨਕ ਦੇ 550ਵੇਂ ਜਨਮ ਦਿਨ ਉੱਤੇ ਬੜੇ ਵੱਡੇ ਵੱਡੇ ਪ੍ਰੋਗਰਾਮ ਕਰਕੇ ਆਪਣੇ ਆਪ ਨੂੰ ਬਾਬੇ ਨਾਨਕ ਦੇ ਵਾਰਸਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਜਦਕਿ ਅਸਲੀਅਤ ਇਹ ਹੈ ਕਿ ਹਾਕਮ ਮਲਕ ਭਾਗੋ ਵਰਗੇ ਠੱਗ ਲੁਟੇਰਿਆਂ ਦੇ ਵਾਰਸ ਹਨ।
ਸੰਘਰਸ਼ੀ ਆਗੂ ਜਗਤਾਰ ਸਿੰਘ ਦੇਹੜਕਾ, ਮਦਨ ਸਿੰਘ ਅਤੇ ਦਰਸ਼ਨ ਸਿੰਘ ਮਹਿਤਾ ਨੇ ਕਿਹਾ ਕਿ ਮੌਜੂਦਾ ਨਿਜਾਮ ਵੱਲੋਂ ਬਣਾਈਆਂ ਤੇ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ, ਮਜ਼ਦੂਰਾਂ ਤੇ ਹੋਰ ਕਿਰਤੀ ਲੋਕਾਂ ਦੀ ਆਰਥਕ ਹਾਲਤ ਲਗਾਤਾਰ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।ਉਨਾਂ ਕਿਹਾ ਕਿ ਕਿਸੇ ਮੁਲਕ ਦੀ ਨੌਜਵਾਨਾਂ ਨੂੰ ਪੜਾਈ ਅਤੇ ਸਿਖਲਾਈ ’ਤੇ ਲੱਖਾਂ ਰੁਪਏ ਖ਼ਰਚ ਕਰਨ ਤੋਂ ਬਾਅਦ ਵੀ ਆਪਣਾ ਗੁਜ਼ਾਰਾ ਚਲਾ ਸਕਣ ਜੋਗੀਆਂ ਤਨਖ਼ਾਹਾਂ ਵਾਲੀਆਂ ਨੌਕਰੀਆਂ ਨਹੀਂ ਮਿਲ ਰਹੀਆਂ ਜਿਸ ਕਾਰਨ ਉਹ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਨੂੰ ਭੱਜ ਰਹੇ ਹਨ।
ਸੂਬਾਈ ਆਗੂਆਂ ਗੁਰਦੀਪ ਸਿੰਘ ਰਾਮਪੁਰਾ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ ਆਦਿ ਨੇ ਕਿਹਾ ਕਿ ਇਸ ਵੇਲੇ ਸਮਾਜ ਵਿੱਚ ਬੜੀ ਨਿਰਾਸ਼ਤਾ ਫੈਲ ਰਹੀ ਹੈ, ਸਿੱਟੇ ਵਜੋਂ ਕਿਸਾਨ-ਮਜ਼ਦੂਰ ਤੇ ਪੜੇ-ਲਿਖੇ ਨੌਜਵਾਨਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਭਾਈ ਲਾਲੋ ਦੇ ਵਾਰਸ ਹੁਣ ਟਿਕ ਕੇ ਨਹੀਂ ਬੈਠਣਗੇ ਅਤੇ ਮਨਜੀਤ ਧਨੇਰ ਨੂੰ ਸਲਾਖਾਂ ਚੋਂ ਬਾਹਰ ਕੱਢੇ ਤੋਂ ਬਗੈਰ ਪਿੱਛੇ ਨਹੀਂ ਹਟਿਆ ਜਾਏਗਾ।
ਗੁਰਦੇਵ ਸਿੰਘ ਮਾਂਗੇਵਾਲ, ਬਸੰਤ ਸਿੰਘ ਕੋਠਾਗੁਰੂ, ਬਲਜੀਤ ਸਿੰਘ ਪੂਹਲਾ ਅਤੇ ਮਾਲਣ ਕੌਰ ਦਾ ਕਹਿਣਾ ਸੀ ਕਿ ਹਾਕਮਾਂ ਨੇ ਔਰਤ ਹੱਕਾਂ ਲਈ ਦਹਾਕਿਆਂ ਤੋਂ ਜੂਝਣ ਵਾਲੇ ਲੋਕ ਆਗੂ ਮਨਜੀਤ ਧਨੇਰ ਨੂੰ ਉਮਰ ਕੈਦ ਸਜ਼ਾ ਸੁਣਾਕੇ ਜੇਲ ਵਿੱਚ ਬੰਦ ਕਰ ਰੱਖਿਆ ਹੈ ਜਿਸ ਦੀ ਰਿਹਾਈ ਲਈ ਚੱਲ ਰਹੇ ਪੱਕੇ ਮੋਰਚੇ ’ਚ ਲਗਾਤਾਰ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋ ਰਹੇ ਹਨ ਅਤੇ ਸ਼ਾਮਲ ਹੁੰਦੇ ਜਾਣਗੇ। ਆਪਣੇ ਸੰਬੋਧਨ ਦੌਰਾਨ
ਕੰਵਲਜੀਤ ਖੰਨਾ, ਗੁਰਮੇਲ ਸਿੰਘ ਠੁੱਲੀਵਾਲ ਨੇ 10 ਨਵੰਬਰ ਦੇ ਦਿਨ ਨਵਾਂ ਇਤਿਹਾਸ ਰਚਣ ਵਾਲੇ ਲੋਕ ਇਕੱਠ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ ਦੀ ਜੋਰਦਾਰ ਅਪੀਲ ਕੀਤੀ। ਇਸ ਮੌਕੇ ਅਜਮੇਰ ਅਕਲੀਆਂ ਅਤੇ ਨਰਿੰਦਰਪਾਲ ਨੇ ਲੋਕ ਗੀਤ ਪੇਸ਼ ਕੀਤੇ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਅਗਵਾਈ ਹੇਠ ਮੈਡੀਕਲ ਸੇਵਾਵਾਂ ਜਾਰੀ ਰਹੀ।