ਜੀ ਐੱਸ ਪੰਨੂ
ਪਟਿਆਲਾ , 7 ਨਵੰਬਰ 2019 - ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਿਕ ਕਿਸੇ ਵੀ ਵਾਹਨ ਚਾਲਕ ਵੱਲੋਂ ਡਿਜ਼ੀਲਾਕਰ ਰਾਹੀਂ ਪੇਸ਼ ਕੀਤੇ ਗਏ ਡਰਾਈਵਿੰਗ ਲਾਇਸੈਂਸ, ਵਾਹਨ ਰਜਿਸਟ੍ਰੇਸ਼ਨ ਤੇ ਵਾਹਨ ਇਮੀਸ਼ਨ ਸਰਟੀਫਿਕੇਟ ਨੂੰ ਮੂਲ ਦਸਤਾਵੇਜ਼ ਦੇ ਬਰਾਬਰ ਮਾਨਤਾ ਦਿੱਤੀ ਗਈ ਹੈ। ਭਾਰਤ ਸਰਕਾਰ ਦੇ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਵੱਲੋਂ ਮਿਤੀ 23/09/2019 ਅਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕ ਮੰਤਰਾਲੇ ਵੱਲੋਂ ਮਿਤੀ 18/07/2018 ਨੂੰ ਜਾਰੀ ਪੱਤਰ ਅਨੁਸਾਰ ਇਨਫੋਰਸਮੈਂਟ ਅਧਿਕਾਰੀ ਨਾਗਰਿਕਾਂ ਦੇ ਡਿਜੀਟਲ ਲਾਕਰ ਵਿੱਚ ਮੌਜੂਦ ਡਰਾਈਵਿੰਗ ਲਾਇਸੈਂਸ, ਵਾਹਨ ਰਜਿਸਟ੍ਰੇਸ਼ਨ ਤੇ ਵਾਹਨ ਇਮੀਸ਼ਨ ਸਰਟੀਫਿਕੇਟ ਨੂੰ ਮੂਲ ਦਸਤਾਵੇਜ ਦੇ ਬਰਾਬਰ ਹੀ ਸਮਝਣ, ਕਿਉਂਕਿ ਇਸ ਸਬੰਧੀ ਲੋੜੀਂਦੀ ਸੋਧ ਸੂਚਨਾ ਤਕਨੀਕੀ ਨਿਯਮ 2016 ਵਿੱਚ ਕਰ ਦਿੱਤੀ ਗਈ ਹੈ ਅਤੇ ਇਸ ਬਾਰੇ ਲੋੜੀਂਦੀ ਅਧਿਸੂਚਨਾ ਵੀ 08/02/2017 ਨੂੰ ਜਾਰੀ ਕਰ ਦਿੱਤੀ ਗਈ ਹੈ।
ਜਿਸ ਤਹਿਤ ਨਿਯਮ 9ਏ ਅਨੁਸਾਰ ਡਿਜੀਟਲ ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ ਨੂੰ ਮੂਲ ਦਸਤਾਵੇਜ਼ਾਂ ਦੇ ਬਰਾਬਰ ਮਾਨਤਾ ਹੈ ਇਸ ਸਬੰਧੀ ਘੋਸ਼ਣਾ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਿਜ਼ੀਲਾਕਰ ਅਤੇ ਐਮਪਰਿਵਹਨ ਮੋਬਾਈਲ ਐਪ ਰਾਹੀਂ ਨਾਗਰਿਕਾਂ ਦੇ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਹਾਸਲ ਕੀਤੇ ਜਾ ਸਕਦੇ ਹਨ। ਇਸ ਦੇ ਸਨਮੁੱਖ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਵੈੱਬ ਵਾਹਨ/ਸਾਰਥੀ ਵਰਜਣ 4 ਰਾਜਾਂ ਵਿੱਚ ਲਾਗੂ ਕਰ ਦਿੱਤਾ ਗਿਆ ਹੈ ਜੋ ਕਿ ਡੀ ਜੀ ਲਾਕਰ ਨਾਲ ਲਿੰਕ ਹੈ, ਜਿਸ ਨਾਲ ਨਾਗਰਿਕ ਆਪਣਾ ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਇਮੀਸ਼ਨ ਸਰਟੀਫਿਕੇਟ ਡੀਜੀਲਾਕਰ ਅਕਾਊਂਟ ਵਿੱਚ ਡਾਊਨ ਲੋਡ ਕਰ ਸਕਦੇ ਹਨ, ਇਸ ਅਕਾਊਂਟ ਦੀ ਪ੍ਰਮਾਣਿਕਤਾ ਨਾਗਰਿਕ ਦੇ ਅਧਾਰ ਕਾਰਡ ਅਤੇ ਟਰਾਂਸਪੋਰਟ ਵਿਭਾਗ ਕੋਲ ਮੌਜੂਦ ਡਾਟਾਬੇਸ ਤੋਂ ਸਾਬਤ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕਿਸੇ ਨਾਗਰਿਕ ਵੱਲੋਂ ਕੋਈ ਅਪਰਾਧ ਕੀਤਾ ਜਾਂਦਾ ਹੈ ਅਤੇ ਦਸਤਾਵੇਜ ਨੂੰ ਜ਼ਬਤ ਕਰਨ ਦੀ ਲੋੜ ਹੋਵੇ ਤਾਂ ਇਨਫੋਰਸਮੈਂਟ ਏਜੰਸੀ ਈ ਚਲਾਨ ਸਿਸਟਮ ਰਾਹੀਂ ਵਾਹਨ/ਸਾਰਥੀ ਡਾਟਾਬੇਸ 'ਤੇ ਇਲੈਕਟ੍ਰੋਨਿਕਸ ਵੀ ਜ਼ਬਤ ਕਰ ਸਕਦੀ ਹੈ ਤੇ ਇਸ ਵਿੱਚ ਮੂਲ ਦਸਤਾਵੇਜ ਨੂੰ ਜ਼ਬਤ ਕਰਨ ਦੀ ਲੋੜ ਨਹੀਂ ਹੋਵੇਗੀ।