← ਪਿਛੇ ਪਰਤੋ
ਕੋਟਕਪੂਰਾ, 7 ਨਵੰਬਰ 2019 : ਕੋਟਕਪੂਰਾ ਦੇ ਪਿੰਡ ਕੋਟਸੁਖੀਆ ‘ਚ ਦਾਣਾਮੰਡੀ ਨੇੜੇ ਸਥਿਤ ਸੰਤ ਬਾਬਾ ਹਰਕਾ ਦਾਸ ਗਊਸ਼ਾਲਾ ਦੇ ਸੇਵਾਦਾਰ ਬਾਬਾ ਦਿਆਲ ਦਾਸ ਦਾ ਅੱਜ ਸ਼ਾਮ 5 ਵਜੇ ਦੇ ਕਰੀਬ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ਸਵਾਰ ਫ਼ਰਾਰ ਹੋ ਗਏ। ‘ਸਾਡਾ ਮੋਗਾ ਡੌਟ ਕੌਮ’ ਦੀ ਖਬਰ ਅਨੁਸਾਰ ਮ੍ਰਿਤਕ ਬਾਬਾ ਦਿਆਲ ਦਾਸ ਦੀ ਉਮਰ ਕਰੀਬ 60 ਸਾਲ ਸੀ ਅਤੇ ਪ੍ਰਤਖ ਦਰਸ਼ੀਆਂ ਮੁਤਾਬਕ ਹਮਲਾਵਰ ਡੇਰੇ ਆਏ ਅਤੇ ਬਾਅਦ 'ਚ ਉਹਨਾਂ ਨੇ ਕਿਸੇ ਸੇਵਾਦਾਰ ਰਾਹੀਂ ਬਾਬਾ ਦਿਆਲ ਦਾਸ ਦੀ ਪਹਿਚਾਣ ਕਰ ਕੇ ਉਨ੍ਹਾਂ ਉੱਪਰ ਗੋਲੀਆਂ ਚਲਾ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਡੀ.ਐੱਸ.ਪੀ ਬਲਕਾਰ ਸਿੰਘ ਸੰਧੂ ਅਤੇ ਉਨ੍ਹਾਂ ਦੀ ਟੀਮ ਨੇ ਮੌਕੇ ’ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਜੋ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਸਕੇ।
Total Responses : 936