← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ, 8 ਨਵੰਬਰ 2019 - ਬਠਿੰਡਾ ਨੇੜਲੇ ਪਿੰਡ ਸਿਵੀਆਂ ’ਚ ਪਰਾਲੀ ਸਾੜਨ ਦੇ ਮਾਮਲੇ ’ਚ ਅੱਜ ਸਵੇਰੇ ਦੋ ਕਿਸਾਨਾਂ ਨੂੰ ਪੁਲਿਸ ਵੱਲੋਂ ਚੁੱਕੇ ਜਾਣ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਆਗ ਅਮਰੀਕ ਸਿੰਘ ਸਿਵੀਆਂ ਦੀ ਅਗਵਾਈ ਹੇਠ ਕਿਸਾਨਾਂ ਨੇ ਥਾਣਾ ਥਰਮਲ ਦਾ ਘਿਰਾਓ ਕਰ ਲਿਆ। ਕਿਸਾਨ ਮੰਗ ਕਰ ਰਹੇ ਸਨ ਕਿ ਦੋਵਾਂ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਏ ਜਦੋਂਕਿ ਪੁਲਿਸ ਅਧਿਕਾਰੀ ਜਮਾਨਤ ਕਰਵਾਉਣ ਦੀ ਗੱਲ ਕਹਿ ਰਹੇ ਸਨ ਜਿਸ ਨੂੰ ਕਿਸਾਨ ਆਗੂਆਂ ਨੇ ਰੱਦ ਕਰ ਦਿੱਤਾ। ਭੜਕੇ ਕਿਸਾਨਾਂ ਨੇ ਪੁਲਿਸ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਕੇ ਆਪਣੀ ਭੜਾਸ ਕੱਢੀ।ਕਿਸਾਨ ਆਗੂ ਅਮਰੀਕ ਸਿੰਘ ਸਿਵੀਆਂ ਨੇ ਦੱਸਿਆ ਕਿ ਮਜਦੂਰ ਕੁਲਵੰਤ ਸਿੰਘ ਆਪਣਾ ਪ੍ਰੀਵਾਰ ਪਾਲਣ ਲਈ ਇੱਕ ਕਿੱਲਾ ਜਮੀਨ ਠੇਕੇ ਤੇ ਲੈਕੇ ਖੇਤੀ ਕਰਦਾ ਹੈ। ਇਸ ਵਾਰ ਉਸ ਨੇ ਝੋਨਾ ਬੀਜਿਆ ਸੀ ਜਿਸ ਨੂੰ ਕੱਟਣ ਉਪਰੰਤ ਉਸ ਨੇ ਪਰਾਲੀ ਨੂੰ ਅੱਗ ਲਾ ਦਿੱਤੀ ਸੀ ਇਸੇ ਤਰਾਂ ਪਿਡ ਦੇ ਕਿਸਾਨ ਹਰਪਾਲ ਸਿੰਘ ਨੇ ਵੀ ਆਪਣੇ ਖੇਤ ’ਚ ਪਰਾਲੀ ਨੂੰ ਅੱਗ ਲਾਈ ਸੀ। ਉਨਾਂ ਦੱਸਿਆ ਕਿ ਅੱਜ ਸਵੇਰ ਵਕਤ ਪੁਲਿਸ ਪਿੰਡ ਗਈ ਅਤੇ ਦੋਵਾਂ ਨੂੰ ਚੁੱਕ ਲਿਆਂਦਾ ਅਤੇ ਥਾਣੇ ਬੰਦ ਕਰ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਸਿਵੀਆਂ ਨੇ ਕਿਹਾ ਕਿ ਸਰਕਾਰ ਪਰਾਲੀ ਦਾ ਹੱਲ ਕਰਨ ਦੀ ਥਾਂ ‘ਤੇ ਕਿਸਾਨਾਂ ਉੱਪਰ ਕੇਸ ਦਰਜ ਜਾਂ ਫਿਰ ਗਿ੍ਰਫਤਾਰ ਕਰ ਰਹੀ ਹੈ। ਉਨਾਂ ਆਖਿਆ ਕਿ ਸਰਕਾਰ ਪੁਲਿਸ ਕੇਸਾਂ ਦੇ ਡੰਡੇ ਨਾਲ ਕਿਸਾਨਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ ਪਰ ਕਿਸਾਨ ਕਿਸੇ ਵੀ ਕੀਮਤ ਤੇ ਵੀ ਨਹੀਂ ਡਰਨਗੇ ਅਤੇ ਸਰਕਾਰ ਦਾ ਵਿਰੋਧ ਜਾਰੀ ਰੱਖਿਆ ਜਾਏਗਾ। ਉਨਾਂ ਆਖਿਆ ਕਿ ਯੂਨੀਅਨ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦਾ ਸਾਥ ਦੇਵੇਗੀ। ਪਤਾ ਲੱਗਿਆ ਹੈ ਕਿ ਪਿੰਡ ਸਿਵੀਆਂ ਦੀ ਪੰਚਾਇਤ ਵੀ ਅੱਜ ਥਾਣੇ ਆਈ ਅਤੇ ਕਿਸਾਨਾਂ ਨੂੰ ਛੱਡਣ ਲਈ ਕਿਹਾ। ਇਸੇ ਦੌਰਾਨ ਕਿਸਾਨ ਆਗੂਆਂ ਨਾਲ ਵੀ ਥਾਣੇ ਦੇ ਅਧਿਕਾਰੀਆਂ ਨੇ ਗੱਲਬਾਤ ਕੀਤੀ ਪਰ ਮਸਲਾ ਕਿਸੇ ਤਣ ਪੱਤਣ ਨਹੀਂ ਲੱਗਿਆ। ਇਸੇ ਦੌਰਾਨ ਪਿੰਡ ਦੇ ਪੰਚ ਨੇ ਦੋਵਾਂ ਕਿਸਾਨਾਂ ਨੂੰ ਜਮਾਨਤ ਤੇ ਛੁਡਵਾ ਲਿਆ ਜਿਸ ਪਿੱਛੋਂ ਜੱਥੇਬੰਦੀ ਨੇ ਧਰਨਾ ਚੁੱਕ ਲਿਆ। ਕਿਸਾਨ ਆਗੂ ਦੀਨਾ ਸਿੰਘ ਨੇ ਮੰਗ ਕੀਤੀ ਕਿ ਕਿਸਾਨਾਂ ’ਤੇ ਦਰਜ ਕੀਤੇ ਗਏ ਮੁਕੱਦਮੇ ਫੌਰੀ ਰੱਦ ਕੀਤੇ ਜਾਣ ਤੇ ਗਿ੍ਰਫਤਾਰੀਆਂ ਰੋਕੀਆਂ ਜਾਣ ਨਹੀਂ ਤਾਂ ਸੰਘਰਸ਼ ਵਿੱਢਿਆ ਜਾਏਗਾ। ਥਾਣਾ ਥਰਮਲ ਦੇ ਮੁੱਖ ਥਾਣਾ ਅਫਸਰ ਸਬ ਇੰਸਪੈਕਟਰ ਗੁਰਦਾਸ਼ ਸਿੰਘ ਦਾ ਕਹਿਣਾ ਸੀ ਕਿ ਦੋਵਾਂ ਕਿਸਾਨਾਂ ਦੀ ਜਮਾਨਤ ਲੈ ਲਈ ਗਈ ਹੈ ਅਤੇ ਧਰਨਾ ਖਤਮ ਹੋ ਗਿਆ ਹੈ। ਬਠਿੰਡਾ ਫੋਟੋ-01। ਕਿਸਾਨਾਂ ਨੂੰ ਗਿ੍ਰਫਤਾਰ ਕਰਨ ਦੇ ਵਿਰੋਧ ’ਚ ਥਾਣਾ ਥਰਮਲ ਅੱਗੇ ਧਰਨਾ ਦੇ ਰਹੇ ਕਿਸਾਨ
Total Responses : 929