ਲਾਲ ਸਿੰਘ ਮਾਂਗਟ
-ਚਲਾਣ ਪੇਸ਼ ਕਰਨ ਦੇ ਮਾਮਲੇ ਵਿੱਚ ਸੌਦਾ 20 ਹਜ਼ਾਰ ਵਿੱਚ ਹੋਇਆ ਸੀ ਤੈਅ, ਪਹਿਲੀ ਕਿਸ਼ਤ 10 ਹਜ਼ਾਰ ਨਾਲ ਰੰਗੇ ਹੱਥੀ ਫੜਿਆ
ਦੋਰਾਹਾ, 8 ਨਵੰਬਰ 2019 - ਥਾਣਾ ਦੋਰਾਹਾ ਅੰਦਰ ਪੈਦਾ ਹੋ ਰਹੀ ਰਿਸ਼ਵਤ ਖੋਰੀ ਦੀ ਬਿਮਾਰੀ ਲਾਇਲਾਜ ਹੋ ਗਈ ਸੀ, ਜਿਸ ਖਿਲਾਫ ਕੋਈ ਵੀ ਬੋਲਣ ਨੂੰ ਤਿਆਰ ਨਹੀ ਸੀ। ਜਦ ਕਿ ਥਾਣਾ ਦੋਰਾਹਾ ਅੰਦਰ ਹੁੰਦੀ ਲੋਕਾਂ ਦੀ ਲੁੱਟ ਖਸੁੱਟ ਬਾਰੇ ਪੁਲਿਸ ਦੇ ਉੱਚ ਅਧਿਕਾਰੀ ਵੀ ਜਾਣਦੇ ਹੋਏ ਚੁੱਪੀ ਸਾਧੀ ਬੈਠੇ ਹਨ। ਥਾਣਾ ਦੋਰਾਹਾ ਦੀ ਇਸ ਰਿਸ਼ਵਤਖੋਰੀ ਨੂੰ ਵਿਜੀਲੈਂਸ ਦੀ ਟੀਮ ਨੇ ਵਿਰਾਮ ਦਿੰਦਿਆਂ ਇਕ ਏਐਸਆਈ ਮਹਿੰਦਰਪਾਲ ਸਿੰਘ ਨੂੰ ਰੰਗੇ ਹੱਥੀ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆ ਦਬੋਚਿਆ ਅਤੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਾਗਲੇ ਪਿੰਡ ਰਾਜਗੜ੍ਹ ਵਿਖੇ ਦੋ ਧਿਰਾਂ ਦੀ ਹੋਈ ਲੜਾਈ ਵਿੱਚ ਇਕ ਧਿਰ ਨਾਲ ਬੇਇਨਸਾਫੀ ਹੋਣ ਕਰਕੇ ਪੀੜਤ ਪ੍ਰੀਵਾਰ ਬਹੁਤ ਦੁਖੀ ਸੀ, ਜਿਨ੍ਹਾਂ ਦੇ ਇੱਕ 14 ਸਾਲਾ ਸਕੂਲ ਪੜ੍ਹਦੇ ਬੱਚੇ ਨੂੰ ਵੀ ਮਾਮਲੇ ਵਿੱਚ ਪੁਲਿਸ ਨੇ ਪਰਚੇ ਵਿੱਚ ਲਪੇਟ ਲਿਆ ਸੀ, ਲੋਕਾਂ ਦੇ ਦੱਸਣ ਅਨੁਸਾਰ ਜਦ ਕਿ ਬੱਚਾ ਸਕੂਲ ਪੜ੍ਹਨ ਗਿਆ ਹੋਇਆ ਸੀ ਅਤੇ ਸਿਹਤ ਪੱਖੋਂ ਵੀ ਬਹੁਤ ਕਮਜੋਰ ਹੈ। ਪ੍ਰੀਤਮ ਸਿੰਘ ਨੇ ਵਿਜੀਲੈਂਸ ਲੁਧਿਆਣਾ ਨੂੰ ਦਰਖਾਸਤ ਦੇ ਕੇ ਪੜਤਾਲੀਆਂ ਅਫਸਰ ਏਐਸਆਈ ਵਲੋਂ ਲੜਾਈ ਝਗੜੇ ਦੇ ਮਾਮਲੇ ਵਿੱਚ ਚਲਾਣ ਪੇਸ਼ ਕਰਨ ਲਈ 20 ਹਜ਼ਾਰ ਦੀ ਰਿਸ਼ਵਤ ਮੰਗਣ ਦਾ ਦੋਸ਼ ਲਾਇਆ ਸੀ।
ਅੱਜ ਸਵੇਰੇ ਸਾਢੇ 9 ਵਜੇ ਵਿਜੀਲੈਂਸ ਦੇ ਖੰਨਾ 'ਚ ਤਾਇਨਾਤ ਡੀਐਸਪੀ ਜਸਵਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਉਕਤ ਏਐਸਆਈ ਨੂੰ ਰਿਸ਼ਵਤ ਦੀ ਪਹਿਲੀ ਕਿਸਤ 10 ਹਜ਼ਾਰ ਰੁਪਏ ਲੈਂਦਿਆ ਮੌਕੇ ਤੇ ਹੀ ਚਬੋਚਿਆ ਅਤੇ ਮਾਮਲਾ ਦਰਜ ਕਰ ਲਿਆ, ਉਪ੍ਰੰਤ ਵਿਜੀਲੈਂਸ ਟੀਮ ਨੇ ਉਸ ਦੀ ਰਿਹਾਇਸ਼ ਦੀ ਵੀ ਜਾਂਚ ਕੀਤੀ। ਥਾਣਾ ਦੋਰਾਹਾ ਅੰਦਰ ਸਭ ਕੁੱਝ ਅੱਛਾ ਨਹੀ ਦੀ ਕਹਾਵਤ ਅਨੁਸਾਰ ਲੋਕਾਂ ਨੂੰ ਇਨਸਾਫ ਲੈਣ ਲਈ ਧੱਕੇ ਖਾਣੇ ਪੈ ਰਹੇ ਹਨ। ਕਿਉਕਿ ਲੰਬੇ ਸਮੇਂ ਤੋਂ ਇੱਕ ਹੀ ਥਾਂ ਟਿਕੇ ਪੁਲਿਸ ਮੁਲਾਜ਼ਮ ਲੋਕਾਂ ਲਈ ਸਿਰ-ਦਰਦੀ ਬਣੇ ਹੋਏ ਹਨ। ਜਿਸ ਕਰਕੇ ਨਸ਼ੇ ਦੇ ਤਸਕਰਾਂ ਖਿਲਾਫ ਥਾਣਾ ਦੋਰਾਹਾ ਅੰਦਰ ਦਇਆ ਅਤੇ ਨਰਮੀ ਵਰਤੀ ਜਾਂਦੀ ਹੈ, ਫੜ੍ਹੇ ਨਸ਼ਾ ਤਸਕਰਾਂ ਦੀ ਡੂੰਗੀ ਜਾਂਚ ਪੜਤਾਲ ਵੀ ਨਹੀ ਕੀਤੀ ਜਾਂਦੀ, ਜਿਸ ਕਰਕੇ ਦੋਸ਼ੀ ਜਲਦੀ ਰਿਹਾ ਹੋ ਜਾਂਦੇ ਹਨ। ਲੋਕਾਂ ਵਿੱਚ ਚਰਚਾ ਹੈ ਕਿ ਸ਼ਹਿਰ ਅੰਦਰ ਸ਼ਰਾਬ ਦਾ ਧੰਦਾ ਵੀ ਕੁਝ ਮੁਲਾਜ਼ਮਾਂ ਦੀ ਸ਼ਹਿ ਨਾਲ ਚਲ ਰਿਹਾ ਹੈ। ਅਜਿਹੇ ਮੁਲਾਜ਼ਮਾ ਵਲੋਂ ਨਸ਼ਾਂ ਅਤੇ ਅਪਰਾਧਿਕ ਮਾਮਲਿਆਂ ਦੀ ਪੜਤਾਲ ਕੀਤੇ ਕੇਸਾਂ ਦੀ ਦੁਬਾਰਾ ਜਾਂਚ ਹੋਣੀ ਚਾਹੀਦੀ ਹੈ।