ਨਿਊਜ਼ੀਲੈਂਡ 'ਚ ਧਾਰਮਿਕ ਕਿਤਾਬ 'ਵਾਹਿਗੁਰੂ ਗੁਰਮੰਤਰ ਹੈ' ਦੀ ਰਿਲੀਜ ਮੌਕੇ ਲੇਖਕ ਸ੍ਰੀ ਹਰਨਾਮ ਸਿੰਘ ਗੋਲੀਅਨ ਸੰਬੋਧਨ ਕਰਦੇ ਹੋਏ ਅਤੇ ਹੇਠਾਂ ਕਿਤਾਬਾਂ ਪ੍ਰਾਪਤ ਕਰਦੇ ਹੋਏ ਸਹਿਯੋਗੀ।
ਫੀਜ਼ੀ ਮੂਲ ਦੇ ਸਾਬਕਾ ਐਮ. ਪੀ. ਹਰਨਾਮ ਸਿੰਘ ਗੋਲੀਅਨ ਵੱਲੋਂ ਧਾਰਮਿਕ ਪੁਸਤਕ 'ਵਾਹਿਗੁਰੂ ਗੁਰਮੰਤਰ ਹੈ' ਰਿਲੀਜ਼
ਔਕਲੈਂਡ 09 ਨਵੰਬਰ 2019 (ਹਰਜਿੰਦਰ ਸਿੰਘ ਬਸਿਆਲਾ)-ਫੀਜ਼ੀ ਦੇਸ਼ ਜਿੱਥੇ ਭਾਰਤੀਆਂ ਲੋਕਾਂ ਦੀ ਗਿਣਤੀ ਕਿਸੇ ਸਮੇਂ 51% ਰਹੀ ਹੈ, ਵਿਖੇ ਜਿੱਥੇ ਖਾਲਸਾ ਸਕੂਲ ਦੀ 50ਵੀਂ ਵਰ੍ਹੇਗੰਢ ਮਨਾ ਚੁੱਕੇ ਹਨ ਉਥੇ ਭਾਰਤੀ ਲੋਕ ਇਥੇ ਦੀ ਰਾਜਨੀਤੀ ਦੇ ਵਿਚ ਕਾਫੀ ਸਰਗਰਮ ਰਹੇ ਹਨ। 1999 ਦੇ ਵਿਚ ਇਥੇ ਭਾਰਤੀ ਮੂਲ ਦੇ ਮਹਿੰਦਰ ਚੌਧਰੀ ਪ੍ਰਧਾਨ ਮੰਤਰੀ ਬਣੇ ਸਨ ਅਤੇ ਬਹੁਤ ਸਾਰੇ ਭਾਰਤੀ ਮੈਂਬਰ ਪਾਰਲੀਮੈਂਟ। ਸ੍ਰੀ ਹਰਨਾਮ ਸਿੰਘ ਗੋਲੀਆਂ ਜਿਨ੍ਹਾਂ ਦਾ ਜੱਦੀ ਪਿੰਡ ਨਵਾਂਸ਼ਹਿਰ ਜ਼ਿਲ੍ਹੇ ਦੇ ਵਿਚ ਹੈ ਵੀ 1992 ਤੋਂ ਲੈ ਕੇ 1999 ਤੱਕ ਮੈਂਬਰ ਪਾਰਲੀਮੈਂਟ ਰਹੇ। ਅੱਜਕੱਲ੍ਹ ਉਹ ਨਿਊਜ਼ੀਲੈਂਡ ਰਹਿ ਰਹੇ ਹਨ। ਉਹ ਜਿੱਥੇ ਕਈ ਸਮਾਜਿਕ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਹਨ ਉਥੇ ਉਹ ਧਾਰਮਿਕ ਸਾਹਿਤ ਰਚਣ ਵਿਚ ਵੀ ਖਾਸ ਰੁਚੀ ਰੱਖਦੇ ਹਨ । ਅੱਜ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਧਾਰਮਿਕ ਪੁਸਤਕ 'ਵਾਹਿਗੁਰੂ ਗੁਰਮੰਤਰ ਹੈ' ਨੂੰ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਸੰਗਤ ਦੀ ਹਾਜ਼ਰੀ ਵਿਚ ਰਿਲੀਜ ਕੀਤਾ। ਇਸ ਧਾਰਮਿਕ ਕਿਤਾਬ ਦੀਆਂ ਕਾਪੀਆਂ ਨੂੰ ਇਸ ਕਿਤਾਬ ਦੇ ਵਿਚ ਸਹਿਯੋਗ ਦੇਣ ਵਾਲੀਆਂ ਸ਼ਖਸ਼ੀਅਤਾਂ ਨੂੰ ਇਸ ਧਾਰਮਿਕ ਕਿਤਾਬ ਭੇਟ ਕੀਤੀ ਗਈ ਅਤੇ ਸਿਰੋਪਾਓ ਵੀ ਭੇਟ ਕੀਤੇ ਗਏ। ਇਨ੍ਹਾਂ ਵਿਚ ਸ. ਪ੍ਰਿਥੀਪਾਲ ਸਿੰਘ ਬਸਰਾ, ਸ. ਅਜੀਤ ਸਿੰਘ ਪਰਮਾਰ, ਸ. ਬੇਅੰਤ ਸਿੰਘ ਜਾਡੋਰ, ਸ. ਐਚ.ਪੀ. ਸਿੰਘ ਲਥਰਾ, ਸ. ਮਲਕੀਅਤ ਸਿੰਘ ਸਹੋਤਾ, ਬੀਬੀ ਸਿਮਰਨ ਕੌਰ, ਸ੍ਰੀ ਸ਼ੀਊਚਰਨ, ਸ੍ਰੀ ਸਤਿਆ ਪ੍ਰਕਾਸ਼ ਪਾਹੂਜਾ, ਸ. ਅਵਤਾਰ ਸਿੰਘ ਗਿਰਨ, ਸ. ਰਣਜੀਤ ਸਿੰਘ ਆਹਲੂਵਾਲੀਆ, ਸ. ਅਮਰਜੀਤ ਸਿੰਘ ਕੂਕ ਸਮਾਚਾਰ ਅਤੇ ਸ. ਹਰਜਿੰਦਰ ਸਿੰਘ ਪੰਜਾਬੀ ਹੈਰਲਡ ਸ਼ਾਮਿਲ ਸਨ। ਸ੍ਰੀ ਹਰਨਾਮ ਸਿੰਘ ਗੋਲੀਅਨ ਨੇ ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ। ਇਸ ਕਿਤਾਬ ਦੇ ਵਿਚ ਵੱਖ-ਵੱਖ ਗੁਰਬਾਣੀ ਦੇ ਸਲੋਕ ਲੈ ਕੇ ਉਸਦੇ ਅੰਗਰੇਜ਼ੀ ਦੇ ਵਿਚ ਅਰਥ ਕੀਤੇ ਗਏ ਹਨ।