ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਨਾਰਥ ਜ਼ੋਨ ਸ਼ਤਰੰਜ ਚੈਂਪੀਅਨਸ਼ਿੱਪ ਦੇ ਆਖਰੀ ਰਾਊਂਡ ਦੌਰਾਨ ਖੇਡਦੇ ਵੱਖ-ਵੱਖ ਯੂਨੀਵਰਸਿਟੀ ਦੇ ਖਿਡਾਰੀ।
ਲੜਕਿਆਂ ਵਿੱਚ ਮਹਾਂਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਅਤੇ ਲੜਕੀਆਂ ਵਿੱਚ ਯੂਨੀਵਰਸਿਟੀ ਆਫ਼ ਦਿੱਲੀ ਦੀ ਟੀਮ ਰਹੀ ਜੇਤੂ
ਜੇਤੂ ਟੀਮਾਂ ਨੂੰ ਟਰਾਫ਼ੀਆਂ ਅਤੇ ਤਮਗ਼ਿਆਂ ਨਾਲ ਕੀਤਾ ਗਿਆ ਸਨਮਾਨਤ
ਚੰਡੀਗੜ੍ਹ 09 ਨਵੰਬਰ 2019: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਚੱਲ ਰਿਹਾ 5 ਰੋਜ਼ਾ ਨਾਰਥ ਜ਼ੋਨ ਸ਼ਤਰੰਜ (ਲੜਕੇ-ਲੜਕੀਆਂ) ਅੰਤਰ ਯੂਨੀਵਰਸਿਟੀ ਚੈਂਪੀਅਨਸ਼ਿਪ 2019-20 ਅੱਜ ਅਮਿੱਟ ਪੈੜਾਂ ਛੱਡਦੀ ਸੰਪੰਨ ਹੋ ਗਈ। ਲੜਕਿਆਂ ਦੇ 7 ਰਾਊਂਡਾਂ ਅਤੇ ਲੜਕੀਆਂ ਦੇ 6 ਰਾਊਂਡਾਂ ਵਿੱਚ ਖੇਡੇ ਜਾਣ ਵਾਲੇ ਇਨ੍ਹਾਂ ਮੁਕਾਬਲਿਆਂ ਵਿੱਚ ਉੱਤਰ ਜ਼ੋਨ ਦੇ 8 ਸੂਬਿਆਂ ਤੋਂ ਵੱਖ-ਵੱਖ ਯੂਨੀਵਰਸਿਟੀਆਂ ਦੀਆਂ 61 ਟੀਮਾਂ ਨੇ ਭਾਗ ਲਿਆ। ਪੰਜ ਦਿਨ ਚੱਲੀ ਇਸ ਚੈਂਪੀਅਨਸ਼ਿਪ ਦੌਰਾਨ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਟੀਮਾਂ ਵਿਚਾਲੇ ਵੱਖ-ਵੱਖ ਰਾਊਂਡਾਂ ਤਹਿਤ ਫਸਵੇਂ ਮੁਕਾਬਲੇ ਹੋਏ। ਇਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਪ੍ਰੋ. ਬੀ.ਐਸ. ਸੋਈ ਅਤੇ ਅੰਤਰਰਾਸ਼ਟਰੀ ਆਰਬੀਟਰ ਰਜਿੰਦਰ ਸ਼ਰਮਾ ਚੀਫ਼ ਆਰਬੀਟਰ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ।
ਲੜਕਿਆਂ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਡਿਪਟੀ ਡਾਇਰੈਕਟਰ ਸਪੋਰਟਸ ਨੇ ਦੱਸਿਆ ਕਿ ਸ਼ਤਰੰਜ ਚੈਂਪੀਅਨਸ਼ਿਪ ਦੇ ਛੇਵੇਂ ਰਾਊਂਡ ਦੌਰਾਨ ਯੂਨੀਵਰਸਿਟੀ ਆਫ਼ ਦਿੱਲੀ ਨੇ ਪੈਕ ਯੂਨੀਵਰਸਿਟੀ ਚੰਡੀਗੜ੍ਹ ਨੂੰ 3.5-0.5 ਅੰਕਾਂ ਨਾਲ ਮਾਤ ਦਿੱਤੀ ਅਤੇ ਮਹਾਂਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਨੇ ਡਾ. ਬੀ.ਆਰ. ਅੰਬੇਦਕਰ ਯੂਨੀਵਰਸਿਟੀ ਆਗਰਾ ਨੂੰ 3.5-0.5 ਅੰਕਾਂ ਨਾਲ ਹਰਾਇਆ ਅਤੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਨੇ ਆਈ.ਕੇ. ਗੁਜਰਾਲ ਪੀਟੀਯੂ ਦੀ ਟੀਮ ਨੂੰ 3-1 ਨਾਲ ਚਿੱਤ ਕਰ ਕੇ ਆਖਰੀ ਮੈਚ ਲਈ ਲੀਡ ਹਾਸਲ ਕੀਤੀ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੂੰ 4-0 ਹਰਾ ਕੇ ਆਖਰੀ ਮੈਚ ਲਈ ਵੱਡੀ ਲੀਡ ਹਾਸਲ ਕੀਤੀ।ਇਸ ਦੌਰਾਨ ਲੜਕੀਆਂ ਦੀਆਂ ਟੀਮਾਂ ਵਿੱਚ ਪੰਜਵੇਂ ਰਾਊਂਡ ਤਹਿਤ ਹੋਏ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਆਫ਼ ਦਿੱਲੀ ਨੇ ਥਾਪਰ ਯੂਨੀਵਰਸਿਟੀ ਨੂੰ 4-0 ਨਾਲ ਮਾਤ ਦਿੱਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਐਲਪੀਯੂ ਦੀ ਟੀਮ ਨੂੰ 2.5-1.5 ਅੰਕਾਂ ਨਾਲ ਹਰਾਇਆ ਅਤੇ ਪੰਜਾਬੀ ਯੂਨੀਵਰਸਿਟੀ ਨੇ ਲਖਨਊ ਯੂਨੀਵਰਸਿਟੀ ਨੂੰ 3-1 ਨਾਲ ਚਿੱਤ ਕਰਕੇ ਆਖਰੀ ਮੈਚ ਲਈ ਲੀਡ ਪ੍ਰਾਪਤ ਕੀਤੀ।
ਉਨ੍ਹਾਂ ਆਖਰੀ ਮੈਚਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕਿਆਂ ਦੇ ਆਖਰੀ 7ਵੇਂ ਮੈਚ ਦੌਰਾਨ ਲੜਕਿਆਂ ਦੀਆਂ ਟੀਮਾਂ ਵਿੱਚ ਮਹਾਂਰਿਸ਼ੀ ਦਿਆਨੰਦ ਯੂਨੀਵਰਸਿਟੀ ਰੌਹਤਕ 22 ਅੰਕਾਂ ਨਾਲ ਪਹਿਲੇ, ਯੂਨੀਵਰਸਿਟੀ ਆਫ਼ ਦਿੱਲੀ 22.5 ਅੰਕਾਂ ਨਾਲ ਦੂਜੇ, ਪੈਕ ਯੂਨੀਵਰਸਿਟੀ 20 ਅੰਕਾਂ ਨਾਲ ਤੀਜੇ ਸਥਾਨ ਅਤੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ 17 ਕੁੱਲ ਅੰਕਾਂ ਨਾਲ ਚੌਥੇ ਸਥਾਨ 'ਤੇ ਰਹੀ।ਉਨ੍ਹਾਂ ਦੱਸਿਆ ਕਿ ਲੜਕੀਆਂ ਦੀ ਟੀਮਾਂ ਦੇ ਆਖਰੀ ਮੈਚਾਂ ਦੌਰਾਨ ਯੂਨੀਵਰਸਿਟੀ ਆਫ਼ ਦਿੱਲੀ 24 ਪੁਆਇੰਟਾਂ ਨਾਲ ਪਹਿਲੇ ਨੰਬਰ 'ਤੇ ਰਹੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ 15 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ 13 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ।ਇਸ ਦੌਰਾਨ ਪੂਰੇ ਟੂਰਨਾਮੈਂਟ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਾਲੇ 6 ਖਿਡਾਰੀਆਂ ਨੂੰ ਬੈਸਟ ਬੋਰਡ ਦੇ ਖਿਤਾਬ ਦਿੱਤੇ ਗਏ, ਜਿਨ੍ਹਾਂ ਲੜਕੀਆਂ 'ਚ ਪਹਿਲੇ ਐਲਪੀਯੂ ਦੀ ਖਿਡਾਰਣ ਸ਼ੁਇਤਾ ਸਾਹਾ, ਦੂਜੇ ਸਥਾਨ 'ਤੇ ਜੀਯੂ ਯੂਨੀਵਰਸਿਟੀ ਹਿਸਾਰ ਦੀ ਇਸ਼ਾ ਸੈਣੀ ਅਤੇ ਤੀਜੇ ਸਥਾਨ 'ਤੇ ਯੂਨੀਵਰਸਿਟੀ ਆਫ਼ ਦਿੱਲੀ ਦੀ ਸ਼ਵੇਤਾ ਪ੍ਰੀਆਦਰਸਿਨੀ, ਚੌਥੇ ਸਥਾਨ 'ਤੇ ਯੂਨੀਵਰਸਿਟੀ ਆਫ਼ ਦਿੱਲੀ ਦੀ ਤਾਰਿਨੀ ਗੋਇਲ, ਪੰਜਵੇਂ ਸਥਾਨ 'ਤੇ ਦਿੱਲੀ ਯੂਨੀਵਰਸਿਟੀ ਦੀ ਯਾਸ਼ਿਤਾ ਧਵਨ ਅਤੇ 6ਵੇਂ ਸਥਾਨ=ਅਲਤਬਸ 'ਤੇ ਦਿੱਲੀ ਦੀ ਯੂਨੀਵਰਸਿਟੀ ਦੀ ਪ੍ਰੀਆਮਵਦਾ ਮੁੰਜ਼ਲ ਰਹੀ।ਇਸੇ ਤਰ੍ਹਾਂ ਲੜਕਿਆਂ ਵਿੱਚ ਬੈਸਟ ਬੋਰਡ ਦਾ ਪਹਿਲਾ ਸਥਾਨ ਲਖਨਊ ਯੂਨੀਵਰਸਿਟੀ ਦੇ ਅਵੀਰਾਜ ਸਿਨਹਾ, ਦੂਜਾ ਸਥਾਨ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਦੇ ਭਾਰਤ ਕਾਊਰਾ, ਤੀਜਾ ਸਥਾਨ ਯੂਨੀਵਰਸਿਟੀ ਆਫ਼ ਅਹਿਮਦਾਬਾਦ ਦੇ ਜੈ ਸਕਸੈਨਾ, ਚੌਥਾ ਸਥਾਨ ਮਹਾਂਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਦੇ ਪੁਨੀਤ ਇੰਦੌਰਾ, 5ਵਾਂ ਸਥਾਨ ਯੂਨੀਵਰਸਿਟੀ ਆਫ਼ ਜੰਮੂ ਦੇ ਵਿਕਾਸ ਚੌਧਰੀ ਅਤੇ 6ਵਾਂ ਸਥਾਨ ਸੈਂਟਰਲ ਯੂਨੀਵਰਸਿਟੀ ਆਫ਼ ਜੰਮੂ ਦੇ ਅਵੀਨੰਦਨ ਦੇ ਹਾਸਲ ਕੀਤਾ।
ਇਸ ਦੌਰਾਨ ਜੇਤੂ ਟੀਮਾਂ ਅਤੇ ਬੈਸਟ ਬੋਰਡ ਖਿਡਾਰੀਆਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਪ੍ਰੋ. ਬੀ.ਐਸ ਸੋਈ ਅਤੇ ਅੰਤਰਰਾਸ਼ਟਰੀ ਆਰਬੀਟਰ ਰਜਿੰਦਰ ਸ਼ਰਮਾ ਦੀ ਅਗਵਾਈ ਵਿੱਚ ਟਰਾਫ਼ੀਆਂ ਅਤੇ ਤਮਗ਼ਿਆਂ ਨਾਲ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਪ੍ਰੋ. ਬੀਐਸ ਸੋਈ ਪ੍ਰੋ ਵਾਈਸ ਚਾਂਸਲਰ ਚੰਡੀਗੜ੍ਹ ਨੇ ਰੋਜ਼ਾ ਨਾਰਥ ਜ਼ੋਨ ਸ਼ਤਰੰਜ (ਲੜਕੇ-ਲੜਕੀਆਂ) ਅੰਤਰ ਯੂਨੀਵਰਸਿਟੀ ਚੈਂਪੀਅਨਸ਼ਿਪ 2019-20 ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।
ਫ਼ੋਟੋ ਕੈਪਸ਼ਨ: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਨਾਰਥ ਜ਼ੋਨ ਸ਼ਤਰੰਜ ਚੈਂਪੀਅਨਸ਼ਿੱਪ ਮੌਕੇ ਜੇਤੂ ਖਿਡਾਰੀਆਂ ਦਾ ਟਰਾਫ਼ੀਆਂ ਅਤੇ ਤਮਗ਼ਿਆਂ ਨਾਲ ਸਨਮਾਨ ਕਰਦੇ ਚੰਡੀਗੜ੍ਹ ਯੂਨੀਵਰਸਿਟੀ ਪ੍ਰੋ ਵਾਈਸ ਚਾਂਸਲਰ ਡਾ. ਬੀਐਸ ਸੋਈ।