ਲਘੂ ਫਿਲਮ 'ਸਕਾੱਲਰ ਆੱਫ ਦਾ ਯੂਨੀਵਰਸ' ਦਾ ਪੋਸਟਰ।
ਗੁਰਨੂਰ ਸਿੰਘ 'ਤੇ ਟੀਮ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਦੀ ਖੁਸ਼ੀ 'ਤੇ ਵਿਸ਼ੇਸ਼ ਉੱਦਮ
ਬਠਿੰਡਾ, 09 ਨਵੰਬਰ 2019: ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੂਰਬ ਨੂੰ ਮੁੱਖ ਰੱਖਦਿਆਂ ਉਹਨਾਂ ਦੀ ਅਧਿਆਤਮਿਕ ਵਿਸ਼ਾਲਤਾ 'ਤੇ ਮਹਾਨ ਫਲਸਫੇ ਨੂੰ ਸ਼ਰਧਾਂਜਲੀ ਵਜੋਂ ਸ਼ਹਿਰ ਦੇ ਨੋਜਵਾਨ ਫਿਲਮ 'ਤੇ ਰੰਗ-ਮੰਚੀ ਕਲਾਕਾਰਾਂ ਵੱਲੋਂ ੧੯ ਸਾਲਾ ਨੋਜਵਾਨ ਫਿਲਮ ਨਿਰਦੇਸ਼ਕ ਗੁਰਨੂਰ ਸਿੰਘ ਦੀ ਨਿਰਦੇਸ਼ਨਾ 'ਤੇ ਸਟੇਜਕਰਾਫਟ ਫਿਲਮਜ਼ ਦੇ ਬੈਨਰ ਹੇਠ ਇੱਕ ਲਘੂ ਫਿਲਮ 'ਸਕਾੱਲਰ ਆੱਫ ਦਾ ਯੂਨੀਵਰਸ' ਜਾਰੀ ਕੀਤੀ ਗਈ ਹੈ। ਕਰੀਬ ਤਿੰਨ ਮਿੰਟ ਦੀ ਇਸ ਲਘੂ ਫਿਲ਼ਮ ਵਿੱਚ ਫਿਲਮਸਾਜ ਵੱਲੋਂ ਗੁਰੁ ਸਾਹਿਬ ਦੀ ਦਾਰਸ਼ਨਿਕਤਾ ਅਤੇ ਬ੍ਰਹਿਮੰਡੀ ਫਲਸਫੇ ਨੂੰ ਆਧੁਨਿਕ ਯੁੱਗ ਦੇ ਕਿਰਦਾਰਾਂ ਰਾਹੀਂ ਫਿਲਮਾਇਆ ਗਿਆ ਹੈ, ਜਿਸ ਵਿੱਚ ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਸੰਦੀਪ ਸਿੰਘ, ਸੋਨੀ ਗੋਇਲ, ਹੈਪੀ ਸੋਨੀ, ਹਨੀ ਸੰਘਰ ਅਤੇ ਬੇਅੰਤ ਸਿਵੀਆ ਵੱਲੋਂ ਵੱਖ ਵੱਖ ਭੂਮਿਕਾ ਨਿਭਾਈ ਗਈ ਹੈ। ਨਿਰਦੇਸ਼ਕ ਗੁਰਨੂਰ ਸਿੰਘ ਨੇ ਦੱਸਿਆ ਕਿ ਉਹ ਇਸਤੋਂ ਪਹਿਲਾਂ ਤਿੰਨ ਫਿਲਮਾਂ ਵਿੱਚ ਕੰਮ ਕਰ ਚੁੱਕਿਆ ਹੈ ਪ੍ਰੰਤੂ ਨਿਰਦੇਸ਼ਕ ਵਜੋਂ ਇਹ ਉਸਦੀ ਪਹਿਲੀ ਫਿਲਮ ਹੈ ਜਿਸਦੀ ਕਹਾਣੀ ਯੂਕੇ ਆਧਾਰਿਤ ਲੇਖਕ ਚੰਦਰ ਸੇਖਰ ਵੱਲੋਂ ਲਿਖੀ ਗਈ ਹੈ। ਉਸਨੇ ਦੱਸਿਆ ਕਿ ਪੂਰੀ ਟੀਮ ਨੂੰ ਬਹੁਤ ਖੁਸ਼ੀ ਹੈ ਕਿ ਗੁਰੁ ਸਾਹਿਬ ਜੀ ਨਾਲ ਸਬੰਧਿਤ ਧਾਰਮਿਕ ਪਵਿੱਤਰ ਅਸਥਾਨ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਅੱਜ ਸੰਗਤ ਦੀਆਂ ਅਰਦਾਸਾਂ ਬਦੌਲਤ ਖੁੱਲ ਗਿਆ ਹੈ, ਉਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਲਾਕੇ ਦੇ ਨਾਮੀ ਕਲਾ ਪ੍ਰੇਮੀਆਂ ਕੀਰਤੀ ਕਿਰਪਾਲ, ਸੁਦਰਸ਼ਨ ਗੁਪਤਾ, ਡਾ ਕਸ਼ਿਸ਼ ਗੁਪਤਾ, ਪੂਜਾ ਗੁਪਤਾ ਅਤੇ ਸੁਰਿੰਦਰ ਕੌਰ ਵੱਲ੍ਹੋਂ ਉੱਕਤ ਫਿਲਮ ਨੂੰ ਰਿਲੀਜ਼ ਕੀਤਾ ਗਿਆ ਅਤੇ ਦਰਸ਼ਕ ਇਸਨੂੰ ਯੂਟਿਊਬ ਰਾਹੀਂ ਵੇਖ ਸਕਦੇ ਹਨ।