ਅਸ਼ੋਕ ਵਰਮਾ
ਬਠਿੰਡਾ,9 ਨਵੰਬਰ 2019 - ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਨੂੰ ਰੱਦ ਕਰਵਾਉਣ ਲਈ ਅੱਜ ਪੱਕੇ ਮੋਰਚੇ ਦੇ 41 ਵੇਂ ਦਿਨ ਐਤਵਾਰ ਨੂੰ ਬਰਨਾਲਾ ਜੇਲ ਅੱਗੇ ਸੰਘਰਸ਼ੀ ਲੋਕਾਂ ਨੂੰ ਕਾਫਲਿਆਂ ਦੇ ਰੂਪ ’ਚ ਪੁੱਜਣ ਦਾ ਸੱਦਾ ਦਿੱਤਾ ਗਿਆ। ਮੋਰਚੇ ਦੀ ਸਟੇਜ਼ ਤੋਂ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਮਨਜੀਤ ਧਨੇਰ ਨੂੰ ਰਿਹਾਅ ਨਹੀਂ ਕਰਦੀ ਲੜਾਈ ਨਾਂ ਕੇਵਲ ਜਾਰੀ ਰੱਖੀ ਜਾਏਗੀ ਬਲਕਿ ਸੰਘਰਸ਼ ਨੂੰ ਨਵੇਂ ਰੂਪ ’ਚ ਤਿੱਖਾ ਕੀਤਾ ਜਾਏਗਾ। ਪੱਕੇ ਮੋਰਚੇ ਨੂੰ ਸੰਬੋਧਨ ਕਰਦਿਆਂ ਗੁਲਜਾਰ ਸਿੰਘ ਫਿਰੋਜਪੁਰ ਅਤੇ ਗੁਰਬਚਨ ਸਿੰਘ ਪਟਿਆਲਾ ਨੇ ਕਿਹਾ ਕਿ ਸਰਕਾਰ ਦੇ ਵਤੀਰੇ ਨੂੰ ਦੇਖਦਿਆਂ ਹੁਣ ਆਰ ਪਾਰ ਦੀ ਜੰਗ ਦਾ ਵਕਤ ਆ ਗਿਆ ਹੈ। ਉਨਾਂ ਆਖਿਆ ਕਿ ਇਸ ਮਾਮਲੇ ’ਚ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇਕਰ 10 ਤਰੀਕ ਤੋਂ ਪਹਿਲਾਂ ਸਰਕਾਰ ਕੋਈ ਫੈਸਲਾ ਨਹੀਂ ਲੈਂਦੀ ਤਾਂ ਇਸ ਦਿਨ ਵੱਡਾ ਐਲਾਨ ਕੀਤਾ ਜਾਏਗਾ। ਉਨਾਂ ਆਖਿਆ ਕਿ ਹੁਣ ਸਰਕਾਰ ਨੇ ਦੇਖਣਾ ਹੈ ਕਿ ਮਸਲਾ ਹੱਲ ਕਰਨਾ ਹੈ ਜਾਂ ਫਿਰ ਲੋਕ ਰੋਹ ਦਾ ਸਾਹਮਣਾ।
ਸੰਘਰਸ਼ੀ ਆਗੂ ਹਰਮੰਦਰ ਸਿੰਘ ਬਾਘਾਪੁਰਾਣਾ ਅਤੇ ਗੁਰਦੇਵ ਸਿੰਘ ਡੇਮਰੂਕਲਾਂ ਨੇ ਕਿਹਾ ਕਿ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ ਲਿਆਂਦੀਆਂ ਤੇ ਲਾਗੂ ਕੀਤੀਆਂ ਨੀਤੀਆਂ ਰਾਹੀਂ ਜਿੱਥੇ ਹਰ ਵੰਨਗੀ ਦੇ ਹਾਕਮ ਖੇਤੀ ਦਾ ਉਜਾੜਾ ਕਰ ਰਹੇ ਹਨ, ਉੱਥੇ ਹੀ ਨਵੀਂ ਉਦਾਰਵਾਦੀ ਨੀਤੀ ਰਾਹੀਂ ਸਨਅਤੀ ਕਾਮਿਆਂ ਦਾ ਵੱਡੀ ਪੱਧਰ ਤੇ ਉਜਾੜਾ ਕੀਤਾ ਜਾ ਰਿਹਾ ਹੈ। ਉਨਾਂ ਆਖਿਆ ਕਿ ਮੋਦੀ ਅਤੇ ਕੈਪਟਨ ਹਕੂਮਤ ਲੋਕਾਂ ਨੂੰ ਰੁਜਗਾਰ ਦੇਣ ਦੇ ਵਾਅਦਿਆਂ ਨਾਲ ਗੱਦੀ ’ਤੇ ਕਾਬਜ ਹੋਏ ਸਨ ਪਰ ਨਵਾਂ ਰੁਜਗਾਰ ਮਿਲਣਾ ਤਾਂ ਕੀ ਸੀ ਉਲਟਾ ਇੱਕ ਕਰੋੜ ਦਸ ਲੱਖ ਤੋਂ ਵੱਧ ਕਿਰਤੀਆਂ ਦਾ ਰੁਜਗਾਰ ਖੁੱਸ ਗਿਆ ਹੈ।
ਮੋਰਚੇ ਨੂੰ ਸੰਬੋਧਨ ਕਰਦਿਆਂ ਪੂਰਨ ਸਿੰਘ ਦੋਦਾ ਅਤੇ ਧਰਮਪਾਲ ਸਿੰਘ ਰੋੜੀਕਪੂਰਾ ਨੇ ਕਿਹਾ ਕਿ ਪੰਜਾਬ ਦੇ ਸਮਾਜਿਕ ਢਾਂਚੇ ਦਾ ਗੰਭੀਰ ਪਹਿਲੂ ਇਹ ਹੈ ਕਿ ਸਿੱਖਿਆ ਆਮ ਆਦਮੀ ਦੇ ਵੱਸੋਂ ਬਾਹਰ ਕਰ ਦਿੱਤੀ ਗਈ ਹੈ ਅਤੇ ਬੇਰੁਜਗਾਰੀ ਇੰਨਾਂ ੪੫ ਵਰਿਆਂ ਦੌਰਾਨ ਅੱਜ ਸ਼ਿਖਰਾਂ ਤੇ ਹੈ ਜੋਕਿ ਚਿੰਤਾਜਨਕ ਤੱਥ ਹਨ। ਉਨਾਂ ਆਖਿਆ ਕਿ ਤਾਜਾ ਸਥਿਤੀ ਹੈ ਕਿ ਕਿਸਾਨਾਂ ਮਜਦੂਰਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ਾਂ ਦੇ ਰਾਹ ਪੈਣਾ ਪੈ ਰਿਹਾ ਹੈ ਜਿਸ ਦੀ ਆੜ ’ਚ ਹਕੂਮਤ ਵਿਰੋਧੀ ਵਿਚਾਰਧਾਰਾ ਅਤੇ ਲੋਕਾਂ ਲਈ ਜੂਝਣ ਤੇ ਅਗਵਾਈ ਕਰਨ ਵਾਲਿਆਂ ਨੂੰ ਉਮਰਕੈਦ ਵਰਗੀਆਂ ਸਜਾਵਾਂ ਰਾਹੀਂ ਜੇਲਾਂ ’ਚ ਡੱਕਿਆ ਜਾ ਰਿਹਾ ਹੈ।
ਸੰਘਰਸ਼ੀ ਸੂਬਾਈ ਆਗੂਆਂ ਬੂਟਾ ਸਿੰਘ ਬੁਰਜਗਿੱਲ, ਗੁਰਦੀਪ ਸਿੰਘ ਰਾਮਪੁਰਾ, ਸੁਖਦੇਵ ਸਿੰਘ ਕੋਕਰੀਕਲਾਂ, ਝੰਡਾ ਸਿੰਘ ਜੇਠੂਕੇ ਅਤੇ ਗੁਰਮੇਲ ਸਿੰਘ ਠੁੱਲੀਵਾਲ ਨੇ ਕਿਹਾ ਕਿ ਅਜਿਹੇ ਹੀ ਵਰਤਾਰੇ ਤਹਿਤ ਹਾਕਮਾਂ ਨੇ ਮਹਿਲਾਵਾਂ ਤੇ ਹੱਕਾਂ ਲਈ ਦਹਾਕਿਆਂ ਬੱਧੀ ਸਮੇਂ ਤੋਂ ਜੂਝਣ ਵਾਲੇ ਲੋਕ ਆਗੂ ਮਨਜੀਤ ਧਨੇਰ ਨੂੰ ਉਮਰ ਕੈਦ ਸਜ਼ਾ ਸੁਣਾਕੇ ਜੇਲ ਵਿੱਚ ਬੰਦ ਕਰ ਰੱਖਿਆ ਹੈ।ਉਨਾਂ ਸਪਸ਼ਟ ਕੀਤਾ ਕਿ ਹਕੂਮਤ ਜਿੰਨਾਂ ਮਰਜੀ ਜੋਰ ਲਾ ਲਵੇ ਪੰਜਾਬ ਦੇ ਅਣਖੀ ਲੋਕ ਸੰਘਰਸ਼ ਦੇ ਜੋਰ ਤੇ ਸਰਕਾਰ ਨੂੰ ਮਨਜੀਤ ਧਨੇਰ ਦੀ ਸਜ਼ਾ ਰੱਦ ਕਰ ਕੇ ਉਸ ਨੂੰ ਰਿਹਾ ਕਰਨ ਲਈ ਮਜ਼ਬੂਰ ਕਰ ਦੇਣਗੇ। ਆਗੂਆਂ ਨੇ ਕਿਹਾ ਕਿ ੧੦ ਨਵੰਬਰ ਦੇ ਦਿਨ ਨਵਾਂ ਇਤਿਹਾਸ ਰਚਣ ਵਾਲੇ ਲੋਕ ਇਕੱਠ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਹ ਇਕੱਠ ਫੈਸਲਾਕੁਨ ਸਾਬਤ ਹੋਵੇਗਾ।