ਜੇਲ੍ਹ ਸੁਪਰਡੈਂਟ ਨੇ ਬੰਦੀਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਅਤੇ ਆਪਸੀ ਭਾਈਚਾਰੇ ਨਾਲ ਰਹਿਣ ਦਾ ਦਿੱਤਾ ਸੁਨੇਹਾ
ਗੁਰਨਾਮ ਸਿੱਧੂ
ਫਿਰੋਜ਼ਪੁਰ 10 ਨਵੰਬਰ 2019 : ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਧੀਕ ਡਾਇਰੈਕਟਰ ਜਨਰਲ ਜੇਲ੍ਹਾਂ ਪੰਜਾਬ ਚੰਡੀਗੜ੍ਹ ਦੇ ਹੁਕਮਾ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ (34 ਬੰਦੀਆਂ ਅਤੇ 2 ਬੀਬੀਆਂ) ਨੂੰ ਉਨ੍ਹਾਂ ਦੀ ਸਹਿਮਤੀ ਨਾਲ ਗਿਆਨੀ ਪਿੱਪਲ ਸਿੰਘ ਦੀ ਅਗਵਾਈ ਹੇਠ ਪੰਜ ਪਿਆਰਿਆ ਬਲਕਾਰ ਸਿੰਘ, ਸੁਖਜਿੰਦਰ ਸਿੰਘ, ਅਜੀਤ ਸਿੰਘ, ਗੁਰਸੇਵਕ ਸਿੰਘ, ਪਰਵਿੰਦਰ ਸਿੰਘ ਅਤੇ ਬੋਹੜ ਸਿੰਘ ਵੱਲੋਂ ਅੰਮ੍ਰਿਤਪਾਨ ਕਰਵਾਇਆ ਗਿਆ। ਇਸ ਮੌਕੇ.ਕਰਨਜੀਤ ਸਿੰਘ ਸੰਧੂ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ, ਨਵਇੰਦਰ ਸਿੰਘ ਡਿਪਟੀ ਸੁਪਰਡੈਂਟ ਅਤੇ ਮਨਜੀਤ ਸਿੰਘ ਵੈੱਲਫੇਅਰ ਅਫ਼ਸਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਸੁਪਰਡੈਂਟ ਜੇਲ੍ਹ ਨੇ ਬੰਦੀਆਂ ਨੂੰ ਸੰਬੋਧਨ ਕਰਦੇ ਹੋਏ, ਨਸ਼ੇ ਤੋਂ ਦੂਰ ਰਹਿਣ, ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਅਤੇ ਆਪਸੀ ਭਾਈਚਾਰੇ ਨਾਲ ਰਹਿਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਜੇਲ੍ਹ ਅੰਦਰ ਬੰਦੀਆਂ ਨੂੰ ਅੰਮ੍ਰਿਤਪਾਨ ਕਰਵਾਇਆ ਗਿਆ ਹੋਵੇ। ਉਨ੍ਹਾਂ ਬੰਦੀਆਂ ਨੂੰ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਗੁਰੂ ਦੀ ਬਾਣੀ ਨਾਲ ਜੁੜਨ ਅਤੇ ਸੁਖਾਲਾ ਜੀਵਨ ਬੀਤਤ ਕਰਨ। ਅੰਮ੍ਰਿਤਪਾਨ ਦੀ ਸਮਾਪਤੀ ਤੋਂ ਬਾਅਦ ਸਾਰੇ ਪੰਜ ਪਿਆਰਿਆ ਨੂੰ ਸੁਪਰਡੈਂਟ ਜੇਲ੍ਹ ਵੱਲੋਂ ਸਾਰੇ ਅੰਮ੍ਰਿਤਧਾਰੀ ਬੰਦੀਆਂ ਨੂੰ ਸ੍ਰੀ.ਸਾਹਿਬ ਅਤੇ ਸਾਰੇ ਕਕਾਰ ਵੀ ਭੇਟ ਕੀਤੇ ਅਤੇ ਇਸ ਮੌਕੇ ਅਤੁੱਟ ਲੰਗਰ ਵਰਤਾਇਆ ਗਿਆ।