ਮਨਜੀਤ ਧਨੇਰ ਦੀ ਰਿਹਾਈ ਲਈ ਲੱਗੇ ਪੱਕੇ ਮੋਰਚੇ ’ਚ ਸ਼ਾਮਲ ਔਰਤਾਂ ਦਾ ਇਕੱਠ
ਅਸ਼ੋਕ ਵਰਮਾ
ਬਠਿੰਡਾ,10 ਨਵੰਬਰ 2019 - ਜਿਲਾ ਬਰਨਾਲਾ ਦੇ ਪਿੰਡ ਧੌਲਾ ਦੀ ਗੁਰਦੇਵ ਕੌਰ ਜਿੰਦਗੀ ਦੇ ਇਸ ਪੜਾਅ ਤੇ ਉਸ ਪੱਕੇ ਮੋਰਚੇ ’ਚ ਡਟੀ ਹੋਈ ਹੈ ਜੋਕਿ ਬਰਨਾਲਾ ਜੇਲ ਅੱਗੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਰਿਹਾਈ ਲਈ ਲੱਗਿਆ ਹੋਇਆ ਹੈ। ਇਹ ਪਿੰਡ ਪਹਿਲੀ ਵਾਰ ਉਦੋਂ ਚਰਚਾ ’ਚ ਆਇਆ ਜਦੋਂ ਟਰਾਈਡੈਂਟ ਸਨਅਤ ਲਈ ਤਿੰਨ ਪਿੰਡਾਂ ਦੀ ਕਰੀਬ ਪੌਣੇ ਚਾਰ ਸੌ ਏਕੜ ਜਮੀਨ ਐਕੁਆਇਰ ਕੀਤੀ ਗਈ ਸੀ ਜਿਸ ’ਚ ਧੌਲਾ ਦੀ 100 ਏਕੜ ਤੋਂ ਵੱਧ ਭੂਮੀ ਸ਼ਾਮਲ ਸੀ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਧੌਲਾ ਦੇ ਲੋਕਾਂ ਲਾਮਬੰਦ ਕੀਤਾ ਗਿਆ ਸੀ। ਉਸ ਵਕਤ ਤੋਂ ਹੀ ਪਿੰਡ ਧੌਲਾ ਸੰਘਰਸ਼ੀ ਸਫਾਂ ’ਚ ਮੋਹਰੀ ਤੁਰਿਆ ਆ ਰਿਹਾ ਹੈ।ਇਸੇ ਕਾਰਨ ਪਿੰਡ ਦੀਆਂ ਸਵਾ ਸੌ ਤੋਂ ਵੱਧ ਔਰਤਾਂ ਨੇ ਧਨੇਰ ਨੂੰ ਰਿਹਾਅ ਕਰਵਾਉਣ ਲਈ ਹਰ ਕੁਰਬਾਨੀ ਕਰਨ ਦਾ ਅਹਿਦ ਲਿਆ ਹੈ। ਇਹ ਮਹਿਲਾਵਾਂ ਹਕੂਮਤ ਨਾਲ ਇਸ ਲਈ ਟੱਕਰ ਲੈ ਰਹੀਆਂ ਹਨ ਤਾਂ ਜੋ ਭਵਿੱਖ ’ਚ ਕੋਈ ਵੀ ਸਰਕਾਰ ਕਿਸੇ ਹੋਰ ‘ਧਨੇਰ’ ਦਾ ਵਾਲ ਨਾਂ ਵਿੰਗਾ ਕਰ ਸਕੇ। ਇਹ ਉਹ ਔਰਤਾਂ ਹਨ ਜਿੰਨਾਂ ਨੇ ਠੰਡਾ ਚੁੱਕਆ ਹੋਇਆ ਹੈ ਜੋ ਕਦੇ ਚੌਂਕੇ ਚੁੱਲਿਆਂ ਤੋਂ ਬਾਹਰ ਨਹੀਂ ਨਿਕਲੀਆਂ ਸਨ। ਮਹਿਲਾ ਗੁਰਦੇਵ ਕੌਰ ਦਾ ਤਰਕ ਸੀ ਕਿ ਜੇਕਰ ਹਕੂਮਤ ਨੂੰ ਝੁਕਣ ਲਈ ਮਜਬੂਰ ਨਾਂ ਕੀਤਾ ਗਿਆ ਤਾਂ ਸਰਕਾਰਾਂ ਦਾ ਜੇਲ ਰੂਪੀ ਡੰਡਾ ਤੇਜ ਹੋਵੇਗਾ ਜੋ ਉਨਾਂ ਦੇ ਪੁੱਤ ਪੋਤਿਆਂ ਤੇ ਚੱਲੇਗਾ। ਉਸ ਨੇ ਕਿਹਾ ਕਿ ਹਕੂਮਤੀ ਹੱਲੇ ਤੋਂ ਪਹਿਲਾਂ ਉਹ ਇਹ ਰੋਗ ਸਦਾ ਲਈ ਕੱਟਣਾ ਚਾਹੁੰਦੀਆਂ ਹਨ।
ਇਸੇ ਪਿੰਡ ਦੀ ਗਿਆਨ ਕੌਰ ਵੀ ਆਪਣੀ ਜਿੰਦਗੀ ਲੋਕ ਘੋਲਾਂ ਦੇ ਲੇਖੇ ਲਾ ਰਹੀ ਹੈ। ਉਹ ਆਖਦੀ ਹੈ ਕਿ ਮਨਜੀਤ ਧਨੇਰ ਦੀ ਰਿਹਾਂਈ ਤੱਕ ਲੜਾਈ ਲੜਨ ਦਾ ਫੈਸਲਾ ਲਿਆ ਹੈ ਇਸ ਲਈ ਬਿਨਾਂ ਪ੍ਰਾਪਤੀ ਸੰਘਰਸ਼ੀ ਪਿੜ ਛੱਡਣ ਦਾ ਸਵਾਲ ਹੀ ਨਹੀਂ ਹੈ। ਇਹ ਮਹਿਲਾ ਹੱਕਾਂ ਦੀ ਜੰਗ ਲਈ ਪਹਿਲਾਂ ਸੜਕਾਂ ਤੇ ਬੈਠੀ ਹੈ ਅਤੇ ਰੇਲ ਪਟੜੀਆਂ ਤੇ ਵੀ। ਉਹ ਆਖਦੀ ਹੈ ਕਿ ਜੇਕਰ ਲਾਮਬੰਦ ਨਾਂ ਹੋਏ ਤਾਂ ਸਰਕਾਰਾਂ ਦੇ ਜਾਬਰ ਹੱਲਿਆਂ ਦਾ ਸਾਹਮਣਾ ਮੁਸ਼ਕਲ ਹੋ ਜਾਣਾ ਹੈ। ਇਸ ਲਈ ਸਭ ਵਰਗ ਇਕੱਠੇ ਹੋਕੇ ਧਨੇਰ ਦੀ ਰਿਹਾਈ ਮੰਗਣ। ਸਧਾਰਨ ਪੇਂਡੂ ਘਰ ਦੀ ਇਹ ਮਹਿਲਾ ਬੜੇ ਜਜਬੇ ਨਾਲ ਆਖ ਰਹੀ ਸੀ ਕਿ ਜੇ ਜੀਣਾ ਹੈ ਤਾਂ ਲੜਨਾ ਹੀ ਪੈਣਾ ਹੈ।
ਪਿੰਡ ਧੌਲਾ ਦੀ ਲਾਭ ਕੌਰ ਵੀ ਇੰਨਾਂ ਹੀ ਔਰਤਾਂ ’ਚ ਸ਼ਾਮਲ ਹੈ ਜਿਸ ਨੇ ਜਮੀਨਾਂ ਖੁੱਸਣ ਵੇਲੇ ਸੰਘਰਸ਼ ਦਾ ਰਾਹ ਫੜਿਆ ਅਤੇ ਮੁੜ ਪਿੱਛੇ ਨਹੀਂ ਦੇਖਿਆ। ਉਹ ਹੁਣ ਧਨੇਰ ਨੂੰ ਸੁਣਾਈ ਨਿਹੱਕੀ ਸ਼ਜਾ ਖਿਲਾਫ ਦਿਨ ਰਾਤ ਦੇ ਪੱਕੇ ਮੋਰਚੇ ’ਚ ਬੈਠੀ ਹੈ। ਲਾਭ ਕੌਰ ਦਾ ਕਹਿਣਾ ਹੈ ਕਿ ਉਨਾਂ ਨੇ ਤਾਂ 20 ਵਰੇ ਪਹਿਲਾਂ ਬੁਰੇ ਵਕਤ ਦੇਖੇ ਹਨ ,ਉਦੋਂ ਨਹੀਂ ਡੋਲੀਆਂ ਤਾਂ ਹੁਣ ਕਾਹਦਾ ਡਰ। ਉਸ ਨੇ ਕਿਹਾ ਕਿ ਜੇਕਰ ਹੱਕਾਂ ਲਈ ਸੜਕਾਂ ਤੇ ਨਾਂ ਉੱਤਰਦੇ ਤਾਂ ਅੱਜ ਏਥੇ ਨਹੀਂ ਬੈਠੇ ਹੋਣਾ ਸੀ। ਉਨਾਂ ਆਖਿਆ ਕਿ ਔਰਤਾਂ ਦੀ ਰਾਖੀ ਲਈ ਜੂਝਣ ਵਾਲੇ ਕਿਸਾਨ ਆਗੂ ਪ੍ਰਤੀ ਸਰਕਾਰ ਵੱਲੋਂ ਧਾਰੀ ਚੁੱਪ ਤੋਂ ਸਪਸ਼ਟ ਹੈ ਕਿ ਉਹ ਲੋਕ ਹਿਤੈਸ਼ੀ ਹੋਣ ਦਾ ਢੌਂਗ ਕਰਦੀ ਹੈ।
ਪਿੰਡ ਧੌਲਾ ਦੀ ਮਹਿਲਾ ਮਨਜੀਤ ਕੌਰ ਦੇ ਕਹਿਣਾ ਸੀ ਕਿ ਦਰਅਸਲ ਸਰਕਾਰ ਮੋਰਚੇ ’ਚ ਸ਼ਾਮਲ ਹੋਣ ਵਾਲਿਆਂ ਦੀ ਤਾਕਤ ਅਤੇ ਦਮ ਪਰਖਣਾ ਚਾਹੁੰਦੀ ਹੈ। ਉਨਾਂ ਆਖਿਆ ਕਿ ਹੁਣ ਉਨਾਂ ਨੇ ਵੀ ਫੈਸਲਾ ਕੀਤਾ ਹੈ ਕਿ ਉਹ ਤਾਕਤ ਦਿਖਾ ਕੇ ਹੀ ਘਰਾਂ ਨੂੰ ਪਰਤਣਗੀਆਂ। ਉਨਾਂ ਮਹਿਲਾਵਾਂ ਨੂੰ ਸੱਦਾ ਦਿੱਤਾ ਕਿ ਉਹ ਸਰਕਾਰ ਦੇ ਵਤੀਰੇ ਨੂੰ ਦੇਖਦਿਆਂ ਲੰਮੀ ਲੜਾਈ ਵਾਸਤੇ ਤਿਆਰ ਰਹਿਣ। ਉਨਾਂ ਚਿਤਾਵਨੀ ਦਿੱਤੀ ਕਿ ਜਦੋਂ ਉਨਾਂ ਦੇ ਸਬਰ ਦਾ ਪਿਆਲਾ ਭਰ ਗਿਆ ਤਾਂ ਸਰਕਾਰ ਦੇ ਨੱਕ ’ਚ ਦਮ ਹੋ ਜਾਣਾ ਹੈ।
ਸੰਘਰਸ਼ ਦੀ ਰਮਜ਼ ਪਛਾਨਣ ਲੱਗੀਆਂ ਔਰਤਾਂ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਮਹਿਲਾ ਵਿੰਗ ਦੀ ਜਿਲਾ ਪ੍ਰਧਾਨ ਹਰਿੰਦਰ ਕੌਰ ਬਿੰਦੂ ਦਾ ਕਹਿਣਾ ਸੀ ਕਿ ਸਮਾਜਿਕ ਢਾਂਚੇ ’ਚ ਆਉਂਦੇ ਵਿਗਾੜ ਦਾ ਸਭ ਤੋਂ ਵੱਧ ਸੰਤਾਪ ਔਰਤਾਂ ਨੂੰ ਹੰਢੁਾਉਣਾ ਪੈਂਦਾ ਹੈ। ਉਨਾਂ ਆਖਿਆ ਕਿ ਮੌਜੂਦਾ ਹਾਲਾਤਾਂ ’ਚ ਸ਼ੁਰੂ ਹੋਈ ਆਰ ਪਾਰ ਦੀ ਲੜਾਈ ਨੇ ਮਹਿਲਾ ਸ਼ਕਤੀ ਨੂੰ ਵੀ ਲਾਮਬੰਦ ਕੀਤਾ ਹੈ ਜਿਸ ਕਰਕੇ ਹੁਣ ਪੇਂਡੂ ਔਰਤ ਸੰਘਰਸ਼ ਦੀ ਰਮਜ਼ ਪਛਾਨਣ ਲੱਗੀ ਹੈ। ਉਨਾਂ ਆਖਿਆ ਕਿ ਉਂਜ ਵੀ ਸੰਘਰਸ਼ ਦੀ ਜਿੱਤ ਔਰਤ ਬਿਨਾਂ ਅਧੂਰੀ ਹੈ ਇਸ ਲਈ ਮਹਿਲਾਵਾਂ ਨੂੰ ਪੱਕੇ ਮੋਰਚੇ ਦੀਸਫਲਤਾ ਦੀ ਜਾਮਨੀ ਮੰਨਿਆ ਜਾ ਰਿਹਾ ਹੈ।
ਮਹਿਲਾਵਾਂ ‘ਚ ਲੜਾਈ ਲੜਨ ਦਾ ਜਜਬਾ
ਲੋਕ ਮੋਰਚਾ ਪੰਜਾਬ ਦੇ ਸਰਪ੍ਰਸਤ ਐਨ.ਕੇ ਜੀਤ ਦਾ ਕਹਿਣਾ ਸੀ ਕਿ ਉਨਾਂ ਦਾ ਤਜ਼ਰਬਾ ਹੈ ਕਿ ਔਰਤਾਂ ਦੀ ਸ਼ਮੂਲੀਅਤ ਨਾਲ ਜਨਤਕ ਸੰਘਰਸ਼ਾਂ ਦੀ ਸਫਲਤਾ ਵਧਦੀ ਹੈ। ਉਨਾਂ ਆਖਿਆ ਕਿ ਸਰਕਾਰ ਲਈ ਔਰਤਾਂ ਨਾਲ ਟੱਕਰ ਲੈਣੀ ਕਾਫੀ ਔਖੀ ਹੁੰਦੀ ਹੈ ਜਿਸ ਕਰਕੇ ਹੁਣ ਸਧਾਰਨ ਪੇਂਡੂ ਮਹਿਲਾਵਾਂ ਵੀ ਮੋਰਚੇ ਵੱਲ ਆਪਣਾ ਧਿਆਨ ਕੇਂਦਰਤ ਕਰਨ ਲੱਗੀਆਂ ਹਨ। ਉਨਾਂ ਆਖਿਆ ਕਿ ਇਸ ਵੇਲੇ ਪੰਜਾਬ ਕਈ ਤਰਾਂ ਦੀਆਂ ਅਲਾਮਤਾਂ ਨਾਲ ਜੂਝ ਰਿਹਾ ਹੈ ਜਿਸਦਾ ਸ਼ਿਕਾਰ ਸਭ ਤੋਂ ਜ਼ਿਆਦਾ ਔਰਤਾਂ ਹੋ ਰਹੀਆਂ ਹਨ। ਉਨਾਂ ਆਖਿਆ ਕਿ ਪਿੰਡਾਂ ਦੀਆਂ ਔਰਤਾਂ ’ਚ ਬਹੁਤ ਜਿਆਦਾ ਰੋਹ, ਲੜਾਈ ਦਾ ਜਜਬਾ ਤੇ ਹਿੰਮਤ ਵੀ ਹੈ ਸਿਰਫ ਪ੍ਰੇਰਣਾ ਦੀ ਜਰੂਰਤ ਹੈ।