ਕਲਕੱਤਾ, 10 ਨਵੰਬਰ 2019 - ਚੱਕਰਵਾਤੀ ਤੂਫ਼ਾਨ 'ਬੁਲਬੁਲ' ਨੇ ਅੱਜ ਪੱਛਮੀ ਬੰਗਾਲ 'ਚ ਦਸਤਕ ਦੇ ਦਿੱਤੀ ਹੈ ਅਤੇ ਸੂਬੇ 'ਚ ਤੂਫਾਨ ਕਾਰਨ ਆਈ ਹਨੇਰੀ-ਝੱਖੜ ਅਤੇ ਤੇਜ਼ ਮੀਂਹ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਜਿਸ ਤੋਂ ਬਾਅਦ ਇਸ ਤੂਫ਼ਾਨ ਕਾਰਨ ਛੇ ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲ ਰਹੀ ਹੈ। ਬੀਤੇ ਦਿਨ ਹੀ ਇਸ ਤੂਫਾਨ ਦੇ ਮੱਦੇਨਜ਼ਰ ਕਲਕੱਤਾ ਦਾ ਏਅਰਪੋਰਟ 12 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਸੀ। ਪੱਛਮੀ ਬੰਗਾਲ ਦੇ ਆਫ਼ਤ ਪ੍ਰਬੰਧਨ ਮੰਤਰੀ ਜਾਵੇਦ ਖ਼ਾਨ ਨੇ ਦੱਸਿਆ ਕਿ ਸੂਬੇ 'ਚ ਚੱਕਰਵਾਤੀ ਤੂਫ਼ਾਨ 'ਬੁਲਬੁਲ' ਕਾਰਨ ਕਰੀਬ 2 ਲੱਖ, 97 ਹਜ਼ਾਰ ਲੋਕ ਪ੍ਰਭਾਵਿਤ ਹੋਏ।
ਮੌਸਮ ਵਿਭਾਗ ਮੁਤਾਬਕ ਚੱਕਰਵਾਤੀ ਤੂਫ਼ਾਨ 'ਬੁਲਬੁਲ' ਹੁਣ ਬੰਗਾਲ ਤੋਂ ਦੂਰ ਬੰਗਲਾਦੇਸ਼ ਦੇ ਤੱਟੀ ਇਲਾਕਿਆਂ ਵੱਲ ਵੱਧ ਗਿਆ ਹੈ। ਅਗਲੇ 12 ਘੰਟਿਆਂ ਤੱਕ ਇਸ ਦਾ ਪ੍ਰਭਾਵ ਖ਼ਤਮ ਹੋ ਜਾਵੇਗਾ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।ਵਿਭਾਗ ਨੇ ਤੇਜ਼ ਹਵਾ ਦੀ ਚਿਤਾਵਨੀ ਅਤੇ ਮਛੇਰਿਆਂ ਨੂੰ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ।