- ਟਾਟਾ ਗਰੁੱਪ ਵੱਲੋਂ ਨਾਲ਼ੇ ਦੀ ਸਫਾਈ, ਸੁੰਦਰੀਕਰਨ ਤੇ ਪਾਣੀ ਦੀ ਮੁੜ ਵਰਤੋਂ ਸੰਬੰਧੀ ਦਿਖਾਈ ਸੀ ਰੁਚੀ
- ਤਿੰਨ ਗੇੜਾਂ ਵਿੱਚ ਕੀਤਾ ਜਾਵੇਗਾ ਸਫਾਈ ਅਤੇ ਸੁੰਦਰੀਕਰਨ ਦਾ ਕੰਮ - ਭਾਰਤ ਭੂਸ਼ਣ ਆਸ਼ੂ
ਲੁਧਿਆਣਾ, 10 ਨਵੰਬਰ 2019 - ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਹੈ ਕਿ ਬੁੱਢਾ ਨਾਲਾ ਦੀ ਸਫਾਈ ਅਤੇ ਸੁੰਦਰੀਕਰਨ ਪ੍ਰੋਜੈਕਟ ਨਾਲ ਸੰਬੰਧਤ ਫਾਈਲ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਵਿਖੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਇਹ ਫਾਈਲ ਕਲੀਅਰ ਹੁੰਦਿਆਂ ਸਾਰ ਹੀ ਇਸ ਅਤਿ ਮਹੱਤਵਪੂਰਨ ਕਾਰਜ ਨੂੰ ਆਰੰਭ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਟਾਟਾ ਗਰੁੱਪ ਨੇ ਸ਼ਹਿਰ ਵਿੱਚੋਂ ਲੰਘਦੇ ਬੁੱਢੇ ਨਾਲ਼ੇ ਨੂੰ ਸਾਫ਼ ਕਰਨ, ਇਸਦੇ ਸੁੰਦਰੀਕਰਨ ਅਤੇ ਪਾਣੀ ਨੂੰ ਮੁੜ ਵਰਤੋਂ ਯੋਗ ਬਣਾਉਣ ਦਾ ਪ੍ਰੋਜੈਕਟ ਲਗਾਉਣ ਦੀ ਇੱਛਾ ਪ੍ਰਗਟ ਕੀਤੀ ਹੋਈ ਹੈ। ਇਸ ਸੰਬੰਧੀ ਗਰੁੱਪ ਦੇ ਮਾਹਿਰਾਂ ਦੀ ਇੱਕ ਟੀਮ ਨੇ ਫਰਵਰੀ ਮਹੀਨੇ ਸਥਾਨਕ ਨਗਰ ਨਿਗਮ ਦੇ ਜ਼ੋਨ-ਡੀ ਦਫ਼ਤਰ ਵਿਖੇ ਪੇਸ਼ਕਾਰੀ ਵੀ ਦਿੱਤੀ ਸੀ। ਜਿਸ ਵਿੱਚ ਟਾਟਾ ਗਰੁੱਪ ਦੇ ਉੱਪ ਪ੍ਰਧਾਨ ਸ੍ਰੀ ਮਨੀਸ਼ ਤ੍ਰਿਪਾਠੀ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਅਜਿਹੇ ਹੋਰ ਕਈ ਪ੍ਰੋਜੈਕਟਾਂ 'ਤੇ ਪਹਿਲਾਂ ਹੀ ਕੰਮ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਜੈਪੁਰ ਦੀ ਦਰਿਆਵਤੀ ਨਦੀ, ਪਟਿਆਲਾ ਦੀ ਬੜੀ ਨਦੀ ਅਤੇ ਛੋਟੀ ਨਦੀ ਆਦਿ ਸ਼ਾਮਿਲ ਹਨ।
ਕੰਪਨੀ ਦੇ ਨੁਮਾਇੰਦਿਆਂ ਨੇ ਭਰੋਸਾ ਦਿੱਤਾ ਸੀ ਕਿ ਉਹ ਕੇਵਲ ਬੁੱਢੇ ਨਾਲ਼ੇ ਦੀ ਸਫਾਈ ਹੀ ਨਹੀਂ ਕਰਨਗੇ, ਸਗੋਂ ਪ੍ਰੋਜੈਕਟ ਤਹਿਤ ਕਿਨਾਰੇ ਬਣਾਉਣ, ਸਾਈਕਲ ਚਾਲਕਾਂ ਤੇ ਸੈਰ ਕਰਨ ਵਾਲਿਆਂ ਲਈ ਰਸਤਾ ਬਣਾਉਣ, ਸੁੰਦਰੀਕਰਨ, ਪੌਦੇ ਲਗਾਉਣ, ਗਰੀਨ ਬੈਲਟ ਵਿਕਸਤ ਕਰਨ, ਲੋੜ ਮੁਤਾਬਿਕ ਪਾਰਕਾਂ ਬਣਾਉਣ ਅਤੇ ਇਸਦੇ ਗੰਦੇ ਪਾਣੀ ਨੂੰ ਖੇਤੀਬਾੜੀ ਅਤੇ ਬਾਗਬਾਨੀ ਲਈ ਮੁੜ ਵਰਤੋਂ ਯੋਗ ਬਣਾਉਣ ਲਈ ਵੀ ਕੰਮ ਕਰਨਗੇ।
ਸ੍ਰੀ ਆਸ਼ੂ ਨੇ ਕਿਹਾ ਕਿ ਬੁੱਢੇ ਨਾਲ਼ੇ ਦੇ 14 ਕਿਲੋਮੀਟਰ ਲੰਮੇ ਖੇਤਰ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣਾ ਦਾ ਸਭ ਤੋਂ ਅਹਿਮ ਟੀਚਾ ਹੈ। ਉਨ੍ਹਾਂ ਨੇ ਟਾਟਾ ਗਰੁੱਪ ਨੂੰ ਇਸ ਪੂਰੇ ਕੰਮ ਦੀ ਇੱਕ ਪ੍ਰਤਾਵਿਤ ਰਿਪੋਰਟ ਤਿਆਰ ਕਰਕੇ ਸੌਂਪਣ ਬਾਰੇ ਕਿਹਾ ਗਿਆ ਸੇ। ਕੰਪਨੀ ਵੱਲੋਂ ਇਹ ਰਿਪੋਰਟ ਤਿਆਰ ਕਰਕੇ ਪੇਸ਼ ਕੀਤੀ ਗਈ ਹੈ, ਜੋ ਕਿ ਅੱਗੇ ਪ੍ਰਵਾਨਗੀ ਲਈ ਮੁੱਖ ਮੰਤਰੀ ਪੰਜਾਬ ਦਫ਼ਤਰ ਨੂੰ ਭੇਜ ਦਿੱਤੀ ਗਈ ਹੈ।
ਸ੍ਰੀ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਨਗਰ ਨਿਗਮ ਲੁਧਿਆਣਾ ਬੁੱਢੇ ਨਾਲ਼ੇ ਦੀ ਇਸ ਸਮੱਸਿਆ ਦਾ ਮੁਕੰਮਲ ਹੱਲ ਲੱਭਣ ਲਈ ਉਤਾਵਲੀ ਹੈ ਅਤੇ ਇਸ ਦਿਸ਼ਾ ਵਿੱਚ ਕਾਫੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਸ਼ਹਿਰਵਾਸੀਆਂ, ਧਾਰਮਿਕ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨਾਲ਼ੇ ਦੀ ਸਫਾਈ ਅਤੇ ਸੁੰਦਰੀਕਰਨ ਲਈ ਸਹਿਯੋਗ ਕਰਨ। ਸ੍ਰੀ ਆਸ਼ੂ ਨੇ ਕਿਹਾ ਕਿ ਇਸ ਕਾਰਜ ਨੂੰ ਤਿੰਨ ਗੇੜਾਂ ਵਿੱਚ ਮੁਕੰਮਲ ਕੀਤਾ ਜਾਵੇਗਾ। ਪਹਿਲੇ ਗੇੜ ਵਿੱਚ ਸੀਵੇਜ ਟਰੀਟਮੈਂਟ ਸਹੂਲਤਾਂ ਦੀ ਕਾਇਆ ਕਲਪ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਜਲਦ ਹੀ ਸ਼ੁਰੂ ਕੀਤਾ ਜਾਵੇਗਾ, ਜਦੋਂ ਇਹ ਪ੍ਰੋਜੈਕਟ ਸ਼ੁਰੂ ਹੋ ਗਿਆ ਤਾਂ ਕਿਸੇ ਵੀ ਵਿਅਕਤੀ ਨੂੰ ਇਸ ਨਾਲ਼ੇ ਵਿੱਚ ਗੰਦ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਅਗਲੇ 3-4 ਸਾਲ ਵਿੱਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਸਰਕਾਰ ਵੱਲੋਂ ਇਸ ਨਾਲ਼ੇ ਦੀ ਕਾਇਆ ਕਲਪ ਕਰਨ ਲਈ ਬਜਟ ਵਿੱਚ 4.38 ਕਰੋੜ ਰੁਪਏ ਵਿਸ਼ੇਸ਼ ਤੌਰ 'ਤੇ ਰੱਖੇ ਗਏ ਹਨ। ਉਨ੍ਹਾਂ ਹੋਰ ਕਿਹਾ ਕਿ ਅਮਰੂਤ ਯੋਜਨਾ ਤਹਿਤ ਮੌਜੂਦਾ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੀ ਸਮਰੱਥਾ ਵਧਾਉਣ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।