ਹਰਦਮ ਮਾਨ
ਸਰੀ, 10 ਨਵੰਬਰ - ਕੈਨੇਡੀਅਨ ਜੰਮਪਲ ਬੱਚਿਆਂ ਨੂੰ ਪੰਜਾਬੀ ਕਵਿਤਾ, ਸਾਹਿਤ ਨਾਲ ਜੋੜਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਅੱਜ ਪੰਜਾਬ ਭਵਨ ਸਰੀ ਵਿਖੇ ਹੋਣਹਾਰ ਪੰਜਾਬੀ ਬੱਚਿਆਂ ਦਾ ਕਵਿਤਾ ਪਾਠ ਕਰਵਾਇਆ ਗਿਆ। ਇਸ ਸਮਾਗਮ ਵਿਚ ਜੈਸਮੀਨ ਸੰਧੂ, ਮਮਨਜੋਤ ਕੌਰ, ਮੇਹਰ ਭਾਮਰਾ, ਸੁਖਮਨ ਕੌਰ ਕੰਬੋ, ਰੂਬੀਨਾ ਸੰਧੂ, ਸਾਹਿਬ ਸਿੰਘ ਕੰਬੋ, ਗੁਰਸਾਹਿਬ ਸਿੰਘ ਬਰਾੜ, ਆਰ.ਐਨ. ਸਿੰਘ ਕਾਂਡਾ, ਸ਼ੁੱਭਪ੍ਰੀਤ ਕੌਰ ਖੋਸਾ, ਹਰਲੀਨ ਕੌਰ ਬੁੱਟਰ, ਅਸ਼ਮੀਤ ਕੌਰ ਖੋਸਾ, ਮਨਤਾਜ ਕੌਰ ਖਹਿਰਾ, ਦਰਸ਼ਪ੍ਰੀਤ ਕੌਰ ਬਰਾੜ, ਸੁਤੰਤਰ ਸਿੰਘ ਖੋਸਾ, ਇਵਲੀਨ ਕੌਰ ਖਹਿਰਾ ਨੇ ਕਵਿਤਾਵਾਂ ਪੜ੍ਹੀਆਂ। ਕਵਿਤਾਵਾਂ ਦੀ ਪੇਸ਼ਕਾਰੀ ਸਮੇਂ ਬੱਚਿਆਂ ਵੱਲੋਂ ਦਿਖਾਇਆ ਗਿਆ ਸਵੈ-ਵਿਸ਼ਵਾਸ ਦਰਸਾ ਰਿਹਾ ਸੀ ਕਿ ਨਵੀਂ ਕੈਨੇਡੀਅਨ ਪੰਜਾਬੀ ਪੀੜ੍ਹੀ ਵਿਚ ਪੰਜਾਬੀ ਕਵਿਤਾ ਅਤੇ ਸਾਹਿਤ ਦਾ ਸੰਚਾਰ ਕਰਨ ਲਈ ਕੀਤੇ ਜਾ ਰਹੇ ਪੰਜਾਬ ਭਵਨ ਦੇ ਯਤਨਾਂ ਨੂੰ ਜ਼ਰੂਰ ਬੂਰ ਪਵੇਗਾ।
ਸਮਾਗਮ ਦੌਰਾਨ ਦਰਸ਼ਪ੍ਰੀਤ ਬਰਾੜ ਅਤੇ ਗੁਰਸਾਹਿਬ ਬਰਾੜ ਵੱਲੋਂ ਨਾਮਵਰ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੀ ਰਚਨਾ “ਚੱਲ ਪਾਤਰ ਚੱਲ ਢੂੰਡਣ ਚੱਲੀਏ” ਦੀ ਸੰਗੀਤਮਈ ਪੇਸ਼ਕਾਰੀ ਰਾਹੀਂ ਪ੍ਰਬੰਧਕਾਂ ਅਤੇ ਸਰੋਤਿਆਂ ਦੇ ਦਿਲਾਂ ਨੂੰ ਮੋਹ ਲਿਆ। ਪੰਜਾਬ ਭਵਨ ਦੇ ਸੰਸਥਾਪਕ ਸੁੱਖੀ ਬਾਠ, ਪਲੀ ਦੇ ਮੀਤ ਪ੍ਰਧਾਨ ਡਾ. ਸਾਧੂ ਬਿਨਿੰਗ, ਨਾਵਲਕਾਰ ਜਰਨੈਲ ਸਿੰਘ ਸੇਖਾ, ਪ੍ਰਿੰ. ਸੁਰਿੰਦਰਪਾਲ ਕੌਰ ਬਰਾੜ, ਸ਼ਾਇਰ ਕਵਿੰਦਰ ਚਾਂਦ ਨੇ ਇਨ੍ਹਾਂ ਹੋਣਹਾਰ ਬੱਚਿਆਂ ਦੀ ਖੂਬਸੂਰਤ ਪੇਸ਼ਕਾਰੀ ਲਈ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ, ਸ਼ਾਬਾਸ਼ ਦਿੱਤੀ ਅਤੇ ਆਪਣਾ ਅਸ਼ੀਰਵਾਦ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਇਹ ਬੱਚੇ ਕੈਨੇਡਾ ਵਿਚ ਪੰਜਾਬੀ ਦੇ ਵਾਰਿਸ ਬਣਨਗੇ। ਬੱਚਿਆਂ ਨੂੰ ਸਟੇਜ ਤੇ ਪੇਸ਼ ਕਰਨ ਦੀ ਭੂਮਿਕਾ ਕਵਿੰਦਰ ਚਾਂਦ ਨੇ ਬਾਖੂਬੀ ਨਿਭਾਈ। ਇਸ ਸਮਾਗਮ ਲਈ ਅਮਰੀਕ ਪਲਾਹੀ, ਕੁਲਵਿੰਦਰ ਕੰਵਲ ਅਤੇ ਗੁਰਦੀਪ ਭੁੱਲਰ ਦਾ ਵੀ ਯੋਗਦਾਨ ਰਿਹਾ।