ਹਰਦਮ ਮਾਨ
ਸਰੀ, 11 ਨਵੰਬਰ- ਬੀ. ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ ਵੱਲੋਂ ਪੰਜਾਬ ਭਵਨ ਵਿਚ ਕਰਵਾਏ ਇਕ ਸਮਾਗਮ ਵਿਚ ਕੈਨੇਡਾ ਦੇ ਵਸਨੀਕ ਅਤੇ ਪੰਜਾਬੀ ਦੇ ਪ੍ਰਸਿੱਧ ਕਵੀ ਹਰਜੀਤ ਦੌਧਰੀਆ ਨੂੰ “ਪ੍ਰੀਤਮ ਸਿੰਘ ਬਾਸੀ ਯਾਦਗਾਰੀ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਸਾਧੂ ਸਿੰਘ, ਡਾ. ਰਘਬੀਰ ਸਿੰਘ ਸਿਰਜਣਾ, ਹਰਜੀਤ ਦੌਧਰੀਆ, ਮੰਗਾ ਬਾਸੀ ਅਤੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕੀਤੀ।
ਡਾ. ਸਾਧੂ ਸਿੰਘ ਨੇ ਸਮਾਗਮ ਵਿਚ ਬੋਲਦਿਆਂ ਮਰਹੂਮ ਪ੍ਰੀਤਮ ਸਿੰਘ ਬਾਸੀ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਬੇੱਸ਼ਕ ਉਹ ਅਨਪੜ੍ਹ ਸਨ ਪਰ ਬਹੁਤ ਹੀ ਸੂਝਵਾਨ ਅਤੇ ਮਿਲਾਪੜੇ ਇਨਸਾਨ ਸਨ, ਬਹੁਤ ਹੀ ਮਜ਼ਾਹੀਆ ਸੁਭਾਅ ਵਾਲੇ ਸਨ ਅਤੇ ਜ਼ਿੰਦਗੀ ਨੂੰ ਅਥਾਹ ਪਿਆਰ ਕਰਦੇ ਸਨ। ਡਾ. ਰਘਬੀਰ ਸਿੰਘ ਸਿਰਜਣਾ ਨੇ ਵੀ ਪ੍ਰੀਤਮ ਸਿੰਘ ਬਾਸੀ ਦੇ ਜੀਵਨ ਨਾਲ ਸਬੰਧਤ ਜਾਣਕਾਰੀ ਦਿੱਤੀ। ਜਰਨੈਲ ਸਿੰਘ ਸੇਖਾ ਨੇ ਉਨ੍ਹਾਂ ਦੇ ਸਪੁੱਤਰ ਮੰਗਾ ਬਾਸੀ ਵੱਲੋਂ ਉਨ੍ਹਾਂ ਦੀ ਯਾਦ ਵਿਚ ਸ਼ੁਰੂ ਕੀਤੇ ਸਾਹਿਤਕ ਐਵਾਰਡ ਦੀ ਪ੍ਰਸੰਸਾ ਕੀਤੀ ਅਤੇ ਦੱਸਿਆ ਕਿ ਇਹ ਅੰਤਰ-ਰਾਸ਼ਟਰੀ ਐਵਾਰਡ ਹੈ ਅਤੇ ਇਸ ਤੋਂ ਪਹਿਲਾਂ ਵੱਖ ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਨੂੰ ਇਹ ਐਵਾਰਡ ਪ੍ਰਦਾਨ ਕੀਤਾ ਜਾ ਚੁੱਕਿਆ ਹੈ। ਪੰਜਾਬ ਭਵਨ ਦੇ ਸੰਸਥਾਪਕ ਸੁੱਖੀ ਬਾਠ ਨੇ ਮਰਹੂਮ ਬਾਸੀ ਨੂੰ ਬਹੁਤ ਹੀ ਦਿਲਦਾਰ ਵਿਅਕਤੀ ਦੱਸਿਆ। ਸਨਮਾਨਿਤ ਸ਼ਾਇਰ ਹਰਜੀਤ ਦੌਧਰੀਆ ਬਾਰੇ ਬੋਲਦਿਆਂ ਅਮਰਜੀਤ ਚਾਹਲ ਨੇ ਕਿਹਾ ਕਿ ਦੌਧਰੀਆ ਸਾਹਿਤ ਅਤੇ ਰਾਜਨੀਤੀ ਨਾਲ ਪੂਰਨ ਤੌਰ ਤੇ ਪ੍ਰਤੀਬੱਧ ਇਨਸਾਨ ਹੈ। ਅਡੋਲਤਾ, ਸਪੱਸ਼ਟਤਾ ਅਤੇ ਬੇਬਾਕੀ ਉਸ ਦੇ ਵਿਸ਼ੇਸ਼ ਗੁਣ ਹਨ। ਉਹ ਜੋ ਅੰਦਰੋਂ ਬਾਹਰੋਂ ਇਕਮਿਕ ਹੈ।
ਸਨਮਾਨ ਦੀ ਰਸਮ ਅਦਾ ਕਰਦਿਆਂ ਮੰਗਾ ਬਾਸੀ ਅਤੇ ਮੁੱਖ ਮਹਿਮਾਨਾਂ ਵੱਲੋਂ ਹਰਜੀਤ ਦੌਧਰੀਆ ਨੂੰ 1100 ਡਾਲਰ ਦੀ ਨਕਦ ਰਾਸ਼ੀ, ਇਕ ਸ਼ਾਲ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਹਰਜੀਤ ਦੌਧਰੀਆ ਨੇ ਇਸ ਐਵਾਰਡ ਲਈ ਮੰਗਾ ਬਾਸੀ ਅਤੇ ਬਾਸੀ ਪਰਿਵਾਰ ਦਾ ਧੰਨਵਾਦ ਕੀਤਾ। ਉਨ੍ਹਾਂ ਪ੍ਰੀਤਮ ਸਿੰਘ ਬਾਸੀ ਨਾਲ ਆਪਣੀ ਸਾਂਝ ਅਤੇ ਬਹੁਤ ਕਰੀਬੀ ਭੇਦਾਂ ਨੂੰ ਬਹੁਤ ਹੀ ਰੋਮਾਂਟਿਕ ਲਹਿਜ਼ੇ ਵਿਚ ਜਨਤਕ ਕੀਤਾ। ਸਮਾਗਮ ਦਾ ਸੰਚਾਲਨ ਪ੍ਰਸਿੱਧ ਸ਼ਾਇਰ ਮੋਹਨ ਗਿੱਲ ਨੇ ਕੀਤਾ।