← ਪਿਛੇ ਪਰਤੋ
ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਭਾਈ ਮਨਿੰਦਰ ਸਿੰਘ ਸ੍ਰੀਨਗਰ ਵਾਲਿਆਂ ਵੱਲੋਂ ਕੀਰਤਨ ਲੜੀ ਆਰੰਭ ਗੁਰਪੁਰਬ ਮੌਕੇ ਸਜੇ ਕੀਰਤਨ ਦਰਬਾਰ 'ਚ ਸੰਗਤਾਂ ਦਾ ਸੈਲਾਬ ਔਕਲੈਂਡ 12 ਨਵੰਬਰ 2019 (ਹਰਜਿੰਦਰ ਸਿੰਘ ਬਸਿਆਲਾ)-ਅੱਜ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਕੀਰਤਨ ਦਰਬਾਰ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਕਰਵਾਇਆ ਸਜਾਇਆ ਗਿਆ। ਇਸ ਮਹਾਨ ਕੀਰਤਨ ਦਰਬਾਰ ਦੇ ਵਿਚ ਜਿੱਥੇ ਹਜੂਰੀ ਰਾਗੀ ਭਾਈ ਯਾਦਵਿੰਦਰ ਸਿੰਘ-ਅੰਮ੍ਰਿਤਾ ਕੌਰ ਸ਼ਬਦ ਕੀਰਤਨ ਰਾਹੀਂ ਹਾਜ਼ਰੀ ਭਰੀ ਉਥੇ ਇੰਡੀਆ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਨੇ ਕੀਰਤਨ ਲੜੀ ਆਰੰਭ ਕੀਤੀ। ਉਨ੍ਹਾਂ ਬਹੁਤ ਹੀ ਰਸਭਿੰਨੀ ਰਸਨਾ ਦੇ ਨਾਲ ਜਦੋਂ 'ਜਿਥੇ ਬਾਬਾ ਪੈਰੁ ਧਰਿ', 'ਐਸਾ ਨਾਮੁ ਨਿਰੰਜਨੁ ਹੋਇ', 'ਬਾਬਾ ਆਖੇ ਹਾਜੀਆਂ ਸੁਭਿ ਅਮਲਾ ਬਾਝਹੁ ਦੋਨੋ ਰੋਈ' ਤੇ 'ਗਲੀ ਜੋਗੁ ਨਾ ਹੋਈ' ਆਦਿ ਸ਼ਬਦ ਸਰਵਣ ਕਰਵਾਏ ਤਾਂ ਸੰਗਤਾਂ ਸੱਚਮੁੱਚ ਮੰਤਰ ਮੁਗਧ ਹੋ ਗਈਆਂ। ਸਮੂਹ ਸੰਗਤ ਨਾਲੋ-ਨਾਲ ਰਸਨਾ ਦੇ ਨਾਲ ਸ਼ਬਦ ਗਾਇਨ ਕਰ ਰਹੀਆਂ ਸਨ। ਇਹ ਕੀਰਤਨ ਦਰਬਾਰ ਸੱਚਮੁੱਚ ਮਨ ਨੂੰ ਸ਼ਾਂਤ ਕਰਨ ਦੇ ਸਮਰੱਥ ਸੀ। ਸੰਗਤ ਦੀ ਐਨੀ ਭਰਪੂਰ ਆਮਦ ਸੀ ਕਿ ਮੱਥਾ ਟੇਕਣ ਅਤੇ ਲੰਗਰ ਛਕਣ ਲਈ ਲਾਈਨਾਂ ਦੇ ਵਿਚ ਕਾਫੀ ਸਮਾਂ ਉਡੀਕ ਕਰਨੀ ਪਈ ਤੇ ਬੈਠਣ ਲਈ ਹਾਲ ਛੋਟਾ ਪੈ ਗਿਆ। ਸਕੱਤਰ ਸ੍ਰੀ ਰਾਜ ਬੇਦੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਭਾਈ ਮਨਿੰਦਰ ਸਿੰਘ ਇਥੇ 24 ਦਸੰਬਰ ਤੱਕ ਰੋਜ਼ਾਨਾ ਸ਼ਾਮ ਨੂੰ 7 ਤੋਂ 8 ਤੱਕ ਅਤੇ ਐਤਵਾਰ ਨੂੰ ਦੁਪਹਿਰ ਦੇ ਦੀਵਾਨ ਵਿਚ 12 ਤੋਂ 1 ਵਜੇ ਤੱਕ ਕੀਰਤਨ ਅਤੇ ਗੁਰ-ਵਿਚਾਰਾਂ ਦੇ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਕਰਨਗੇ। 'ਦਾ ਔਕਲੈਂਡ ਸਿੱਖ ਸੁਸਾਇਟੀ' ਵੱਲੋਂ ਸਮੂਹ ਸੰਗਤਾਂ ਨੂੰ ਰੋਜ਼ਾਨਾ ਹੀ ਕੀਰਤਨ ਸਰਵਣ ਕਰਨ ਲਈ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਅੱਜ ਦੇ ਸਮਾਗਮ ਦੇ ਅੰਤ ਵਿਚ ਵਿਸ਼ੇਸ਼ ਤੌਰ 'ਤੇ ਆਤਿਸ਼ਬਾਜੀ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਦਾ ਸੰਗਤਾਂ ਨੇ ਖੂਬ ਅਨੰਦ ਮਾਣਿਆ।
Total Responses : 108