ਪੰਜਾਬ ਵਿੱਚ ਲਾਊਡ ਸਪੀਕਰਾਂ 'ਤੇ ਹੋਵੇਗੀ ਮੁਕੰਮਲ ਪਾਬੰਦੀ
ਨਵਾਂਸ਼ਹਿਰ 12 ਨਵੰਬਰ 2019: ਪੰਜਾਬ ਵਿੱਚ ਲਾਊਡ ਸਪੀਕਰਾਂ ਦੇ ਸ਼ੋਰ ਪ੍ਰਦੂਸ਼ਣ ਅਤੇ ਅਸ਼ਲੀਲ ਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੀ ਗਾਇਕੀ ਨੂੰ ਨੱਥ ਪਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਹਦਾਇਤਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਦੇ ਕਈ ਸਮਾਜਿਕ ਤੇ ਆਰ.ਟੀ.ਆਈ. ਐਕਟੀਵਿਸਟਾਂ ਨੇ ' ਮਿਸ਼ਨ 6213 ' ਮੁਹਿੰਮ ਸ਼ੁਰੂ ਕੀਤੀ ਹੈ। ਹਾਈ ਕੋਰਟ ਨੇ ਕੇਸ ਨੰਬਰ ਸੀ ਡਬਲਯੂ ਪੀ 6213 ਆਫ 2016 ਜਿਸ ਦਾ ਫੈਸਲਾ ਇਸ ਸਾਲ 22 ਜੁਲਾਈ ਨੂੰ ਹੋਇਆ ਹੈ ਵਿੱਚ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।
ਮੁਹਿੰਮ ਦੇ ਕਾਰਕੁੰਨਾਂ ਡਾ ਅਮਰਜੀਤ ਸਿੰਘ ਮਾਨ ਸੰਗਰੂਰ ਪਰਵਿੰਦਰ ਸਿੰਘ ਕਿੱਤਣਾ ਨਵਾਂਸ਼ਹਿਰ ,ਕੁਲਦੀਪ ਸਿੰਘ ਖਹਿਰਾ ਲੁਧਿਆਣਾ ' ਜਤਿੰਦਰ ਜੈਨ ਸੰਗਰੂਰ ,ਇੰਦਰਜੀਤ ਕੌਰ ਨੰਦਨ ਹੁਸ਼ਿਆਰਪੁਰ ਆਦਿ ਨੇ ਦੱਸਿਆ ਕਿ ਹਾਈ ਕੋਰਟ ਨੇ ਆਪਣੀਆਂ ਹਦਾਇਤਾਂ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਬਿਨਾਂ ਲਿਖਤੀ ਆਗਿਆ ਲਾਊਡ ਸਪੀਕਰ ਜਾਂ ਜਨਤਕ ਭਾਸ਼ਣ ਕਰਨ ਲਈ ਵਰਤੇ ਜਾਣ ਵਾਲੇ ਯੰਤਰਾਂ ਦੀ ਵਰਤੋਂ ਨਹੀਂ ਹੋ ਸਕੇਗੀ । ਕਿਸੇ ਵੀ ਗੁਰਦੁਆਰੇ ਮੰਦਰ ਮਸਜਿਦ ਜਾਂ ਅਜਿਹੇ ਹੋਰ ਸਥਾਨਾਂ ਤੇ ਇਨ੍ਹਾਂ ਲਾਊਡ ਸਪੀਕਰਾਂ ਦੀ ਵਰਤੋਂ ਬਿਨਾਂ ਸਮਰੱਥ ਅਧਿਕਾਰੀ ਦੀ ਆਗਿਆ ਤੋਂ ਨਹੀਂ ਕੀਤੀ ਜਾ ਸਕੇਗੀ । ਮੋਟਰਸਾਈਕਲਾਂ ਦੇ ਪਟਾਕਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸੂਬੇ ਦੀ ਪੁਲਸ ਨੂੰ ਕਿਹਾ ਗਿਆ ਹੈ ਕਿ ਉਹ ਇਹ ਯਕੀਨੀ ਬਣਾਏ ਕਿ ਸਾਰੇ ਵਾਹਨਾਂ ਨੂੰ ਉਚਿਤ ਸਾਇਲੈਂਸਰ ਲੱਗੇ ਹੋਣ । ਹਦਾਇਤਾਂ ਮੁਤਾਬਕ ਕਿਤੇ ਵੀ ਅਸ਼ਲੀਲ ਜਾਂ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਣੇ ਨਹੀਂ ਵਜਾਏ ਜਾ ਸਕਣਗੇ ਤੇ ਨਾ ਹੀ ਲਾਈਵ ਪ੍ਰੋਗਰਾਮਾਂ ਵਿੱਚ ਗਾਏ ਜਾ ਸਕਣਗੇ ।
ਇਨ੍ਹਾਂ ਹਦਾਇਤਾਂ ਨੂੰ ਲਾਗੂ ਕਰਨ ਲਈ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਦੀ ਜ਼ਿੰਮੇਵਾਰੀ ਨਿਸਚਿਤ ਕੀਤੀ ਗਈ ਹੈ ।
ਮਿਸ਼ਨ 6213 ਦੇ ਕਾਰੰਕੁਨਾਂ ਦਾ ਕਹਿਣਾ ਹੈ ਕਿ ਉਹ ਇਸ ਕੰਮ ਲਈ ਚੀਫ ਸੈਕਟਰੀ ,ਡੀਜੀਪੀ, ਸਾਰੇ ਆਈਏਐੱਸ,ਆਈਪੀਐੱਸ ਪੀਸੀਐੱਸ ਤੇ ਹੋਰ ਸਬੰਧਿਤ ਅਫ਼ਸਰਾਂ ਨੂੰ ਪੱਤਰ ਭੇਜ ਕੇ ਹਾਈਕੋਰਟ ਦੀਆਂ ਹਦਾਇਤਾਂ ਲਾਗੂ ਕਰਨ ਦੀ ਮੰਗ ਕਰਨਗੇ ।ਵੱਖ ਵੱਖ ਧਰਮਾਂ ਦੇ ਪ੍ਰਤੀਨਿਧਾਂ ਨੂੰ ਵੀ ਲਾਊਡ ਸਪੀਕਰ ਨਾ ਵਜਾਉਣ ਲਈ ਪ੍ਰੇਰਿਤ ਕਰਨ ਲਈ ਚਾਰਾਜੋਈ ਕੀਤੀ ਜਾਵੇਗੀ । ਹਦਾਇਤਾਂ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸਾਲਾਨਾ ਇਮਤਿਹਾਨਾਂ ਤੋਂ ਪੰਦਰਾਂ ਦਿਨ ਪਹਿਲਾਂ ਅਤੇ ਇਮਤਿਹਾਨਾਂ ਦੌਰਾਨ ਕੋਈ ਵੀ ਸਪੀਕਰ ਵਜਾਉਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ । ਇਸ ਮਕਸਦ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਪੱਤਰ ਭੇਜ ਕੇ ਹੁਣ ਤੋਂ ਹੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਦੇਣ ਦੀ ਮੰਗ ਵੀ ਕੀਤੀ ਜਾਵੇਗੀ ਤਾਂ ਜੋ ਇਮਤਿਹਾਨਾਂ ਦੇ ਦਿਨਾਂ ਵਿੱਚ ਕੋਈ ਸਮੱਸਿਆ ਨਾ ਆਵੇ । ਇਹ ਵੀ ਦੱਸਣਯੋਗ ਹੈ ਕਿ ਹਦਾਇਤਾਂ ਮੁਤਾਬਕ ਕਿਸੇ ਵੀ ਅਦਾਰੇ ਨੂੰ ਇੱਕ ਸਾਲ ਵਿੱਚ ਵੱਧ ਤੋਂ ਵੱਧ ਪੰਦਰਾਂ ਦਿਨ ਸਪੀਕਰ ਵਜਾਉਣ ਦੀ ਆਗਿਆ ਹੀ ਦਿੱਤੀ ਜਾ ਸਕਦੀ ਹੈ ਜਿਸ ਦੀ ਆਵਾਜ਼ ਬਹੁਤ ਮੱਧਮ ਰੱਖੀ ਜਾਣੀ ਹੋਵੇਗੀ ।