ਨਵਦੀਪ ਸਿੰਘ ਗਿੱਲ
ਸੁਲਤਾਨਪੁਰ ਲੋਧੀ, 13 ਨਵੰਬਰ 2019 - ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਚੱਲ ਰਹੇ ਸ਼ਤਾਬਦੀ ਜਸ਼ਨਾਂ ਦੌਰਾਨ ਕਵੀਸ਼ਰੀ ਤੋਂ ਲੋਕ ਗਾਇਕੀ ਤੇ ਫਿਲਮਾਂ ਤੱਕ ਆਪਣੀ ਕਲਾ ਦਾ ਲੋਹਾ ਮਨਵਾਉਣ ਵਾਲੇ ਹਰਭਜਨ ਮਾਨ ਵੱਲੋਂ ਰਬਾਬ ਪੰਡਾਲ ਵਿਖੇ 11-12-13 ਨਵੰਬਰ ਨੂੰ ਤਿੰਨ ਦਿਨ ਦੀ ਧਾਰਮਿਕ ਗਾਣਿਆਂ ਦੀ ਪੇਸ਼ਕਾਰੀ ਸੀ।ਪੰਜਾਬ ਸਰਕਾਰ ਵੱਲੋਂ ਸਜਾਏ ਲੇਜ਼ਰ ਲਾਈਟਾਂ ਨਾਲ ਲੈਸ ਖੂਬਸੁਰਤ ਦਿਲ ਖਿੱਚਵੇਂ ਪੰਡਾਲ ਵਿੱਚ ਉਸ ਨੇ ਬੈਠ ਕੇ ਧਾਰਮਿਕ ਗਾਣੇ ਗਾਏ।
ਹਰਭਜਨ ਮਾਨ ਦੀ ਗਾਇਕੀ ਅਤੇ ਗਾਣਿਆਂ ਦੀ ਚੋਣ ਦਾ ਦਾਇਰਾ ਇੰਨਾ ਮੋਕਲਾ ਹੈ ਕਿ ਉਸ ਨੇ ਨਾ ਸਿਰਫ ਧਾਰਮਿਕ ਗਾਣੇ ਗਏ ਸਗੋਂ ਸਿਰਫ ਤੇ ਸਿਰਫ ਬਾਬੇ ਨਾਨਕ ਦੀ ਉਸਤਤ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਸੰਬੰਧਤ ਹੀ ਗਾਣੇ ਗਾਏ।ਉਸ ਨੂੰ ਗੁੜ੍ਹਤੀ ਜੋ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ‘ਰਾਮੂੰਵਾਲੀਆ ਤੋਂ ਮਿਲੀ ਹੈ ਅਤੇ ਉਸ ਦੀ ਗਾਇਕੀ ਦਾ ਸਫਰ ਹੀ ਗੁਰਦੁਆਰਿਆਂ ਅੰਦਰ ਧਾਰਮਿਕ ਸਟੇਜਾਂ ਤੋਂ ਸ਼ੁਰੂ ਹੋਇਆ। ਉਸ ਨੇ ਆਪਣੇ ਛੋਟੇ ਭਰਾ ਗੁਰਸੇਵਕ ਮਾਨ ਜਿਸ ਨੂੰ ਉਹ ਪਿਆਰ ਨਾਲ ‘ਸੇਵਕ’ ਕਹਿੰਦਾ ਹੈ, ਨਾਲ ਢੱਡ ਸਾਰੰਗੀ ਨਾਲ ਧਾਰਮਿਕ, ਦੇਸ਼ ਭਗਤੀ ਦੇ ਗੀਤ ਅਤੇ ਲੋਕ ਤੱਥ, ਲੋਕ ਗਾਥਾਵਾਂ ਗਾ ਕੇ ਆਪਣੀ ਗਾਇਕੀ ਦਾ ਝੰਡਾ ਬੁਲੰਦ ਕੀਤਾ।ਛੋਟੇ ਸ਼ਾਹਿਬਜਾਦਿਆਂ ਦੇ ਵੱਡੇ ਸਾਕੇ ਨੂੰ ਸਿਜਦਾ ਕਰਦੇ ਫਤਹਿਗੜ੍ਹ ਸਾਹਿਬ ਦੇ ਜੋੜ ਮੇਲ ਮੌਕੇ ਉਹ ਬਚਪਨ ਤੋਂ ਉੱਥੇ ਵਾਰਾਂ-ਕਵੀਸ਼ਰੀ ਗਾਉਣ ਜਾਂਦਾ ਰਿਹਾ।ਉਸ ਦੀ ਮਜ਼ਬੂਤ ਬੁਨਿਆਦ ਸਦਕਾ ਉਹ ਗਾਇਕੀ ਦੇ ਖੇਤਰ ਵਿੱਚ 25 ਵਰ੍ਹਿਆਂ ਤੋਂ ਵੱਧ ਸਮਾਂ ਸਰਗਰਮ ਗਾਇਕੀ ਅਤੇ 35 ਸਾਲ ਤੋਂ ਵੱਧ ਸਮਾਂ ਇਸ ਖੇਤਰ ਵਿੱਚ ਛਾਇਆ ਹੋਇਆ ਹੈ।
ਗੱਲ ਕਰਦੇ ਹਾਂ ਹਰਭਜਨ ਦੀ ਸੁਲਤਾਨਪੁਰ ਲੋਧੀ ਵਿਖੇ ਪੇਸ਼ਕਾਰੀਆਂ ਦੀ। ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ...’ ਤੋਂ ਸ਼ੁਰੂ ਕਰ ਕੇ ਉਸ ਨੇ ਬਾਬੇ ਨਾਨਕ ਦੀ ਮਹਿਮਾ ਵਿੱਚ ਧਾਰਮਿਕ ਗਾਣੇ ਗਾਏ।ਇਸ ਦੌਰਾਨ ਉਸ ਨੇ ਬਹੁਤ ਹੀ ਦਿਲ ਟੁੰਬਵੀਂ ਗੱਲ ਕਹੀ ਜੋ ਪਹਿਲੀ ਵਾਰ ਸੁਣਨ ਨੂੰ ਮਿਲੀ ਜਿਸ ਦਾ ਸਿੱਧਾ ਸੰਦਰਭ ਬਾਬੇ ਨਾਨਕ ਦੇ ਮਹਾਨ ਫ਼ਲਸਫ਼ੇ ਨਾਲ ਸੀ। ਉਸ ਨੇ ਕਿਹਾ ਕਿ ਦੁਨੀਆ ਦੀ ਮਹਾ ਸ਼ਕਤੀ ਅਮਰੀਕਾ ਵਿੱਚ ਜਦੋਂ ਕੋਈ ਲੀਡਰ ਭਾਸ਼ਣ ਦਾ ਅੰਤ ਕਰਦਾ ਹੈ ਤਾਂ ਉਹ ਕਹਿੰਦੇ ਨੇ ‘May God bless US citizen’ ਦੂਜੇ ਪਾਸੇ ਸਾਨੂੰ ਬਾਬਾ ਨਾਨਕ ‘ਸਰਬੱਤ ਦੇ ਭਲੇ’ ਦੀ ਅਰਦਾਸ ਕਰਨੀ ਸਿਖਾ ਕੇ ਗਿਆ।
ਹਰਭਜਨ ਮਾਨ ਦੀ ਪੇਸ਼ਕਾਰੀ ਦਾ ਉਦੋਂ ਸਿਖਰ ਹੋ ਨਿਬੜਿਆ ਜਦੋਂ ਉਸ ਨੇ ਆਪਣੇ ਗੁਰੂ ਅਤੇ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ‘ਰਾਮੂੰਵਾਲੀਆ’ ਦਾ ਕਈ ਵਰ੍ਹੇ ਪਹਿਲਾ ਲਿਖਿਆਂ ਗੀਤ ‘ਬਾਬੇ ਨਾਨਕ ਨੇ ਜੱਗ ਧਾਰਿਆ’ ਗਾਇਆ। 14 ਮਿੰਟ ਦੇ ਇਸ ਗਾਣੇ ਨੇ ਸੰਗਤਾਂ ਵਿੱਚ ਰੂਹਾਨੀਅਤ ਦਾ ਮੀਂਹ ਵਰਸਾ ਦਿੱਤਾ। ਦੂਜੇ ਦਿਨ ਹਰਭਜਨ ਮਾਨ ਨੇ ਬਾਬੇ ਨਾਨਕ ਦੀ ਮਹਿਮਾ ਵਿੱਚ ਹੋਰ ਨਵੇਂ ਗਾਣੇ ਗਾਏ ਪਰ ਸੰਗਤ ਦੀ ਪਹਿਲੀ ਪੁੱਜੀ ਸਿਫ਼ਾਰਸ਼ ਸਦਕਾ ਹਰਭਜਨ ਮਾਨ ਨੇ ਦੂਜੇ ਦਿਨ ਦੇ ਪ੍ਰੋਗਰਾਮ ਦੀ ਸਮਾਪਤੀ ਬਾਪੂ ਪਾਰਸ ਦੇ ਅਮਰ ਗੀਤ ‘ਬਾਬੇ ਨਾਨਕ ਨੇ ਜੱਗ ਧਾਰਿਆ’ ਨਾਲ ਕੀਤਾ।ਖਚਾਖਚ ਭਰਿਆ ਰਬਾਬ ਪੰਡਾਲ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।ਸੱਚਮੁੱਚ ਬਾਬੇ ਨਾਨਕ ਨੇ ਹੀ ਜੱਗ ਧਾਰਿਆ ਹੈ। ਮਨੁੱਖਤਾ ਦੇ ਰਹਿਬਰ, ਜਗਤ ਗੁਰੂ ਬਾਬੇ ਨਾਨਕ ਦੀ ਜਿੰਨੀ ਮਹਿਮਾ ਕਰ ਲਓ ਉਨੀ ਘੱਟ ਹੈ।