ਨਵੀਂ ਦਿੱਲੀ , 13 ਨਵੰਬਰ 2019 - ਸਾਲ 2011 ਵਿੱਚ ਇੱਕ ਪਬਲਿਕ ਸਮਾਗਮ ਵਿੱਚ ਐਨਸੀਪੀ ਮੁਖੀ ਸ਼ਰਦ ਪਵਾਰ ਨੂੰ ਥੱਪੜ ਮਾਰਨ ਵਾਲੇ ਪੰਜਾਬੀ ਨੌਜਵਾਨ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਸ ਨੂੰ 2014 ਦੀ ਦਿੱਲੀ ਦੀ ਇਕ ਅਦਾਲਤ ਨੇ ਮੁਜ਼ਰਮ ਕਰਾਰ ਦਿੱਤਾ ਸੀ ਜਿਸ ਤੋਂ ਬਾਅਦ ਉਹ ਕੋਰਟ ਦੀ ਪੇਸ਼ੀ ਦੌਰਾਨ ਭੱਜਣ 'ਚ ਕਾਮਯਾਬ ਹੋ ਗਿਆ ਸੀ।
ਸ਼ਰਦ ਪਵਾਰ, ਜੋ ਉਸ ਵੇਲੇ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵਿੱਚ ਖੇਤੀਬਾੜੀ ਮੰਤਰੀ ਸਨ, ਨੂੰ ਅਰਵਿੰਦਰ ਸਿੰਘ ( ਜਿਸ ਨੂੰ ਹਰਵਿੰਦਰ ਸਿੰਘ ਵੀ ਕਿਹਾ ਜਾਂਦਾ ਹੈ) ਨੇ 24 ਨਵੰਬਰ, 2011 ਨੂੰ ਰਾਜਧਾਨੀ ਵਿੱਚ ਨਵੀਂ ਦਿੱਲੀ ਮਿਉਂਸਪਲ ਕੌਂਸਲ (ਐਨਡੀਐਮਸੀ) ਦੇ ਮੁੱਖ ਦਫ਼ਤਰ ਵਿੱਚ ਥੱਪੜ ਮਾਰਿਆ ਸੀ। ਸਾਰੀ ਘਟਨਾ ਕੈਮਰੇ 'ਚ ਕੈਦ ਹੋ ਗਈ ਸੀ।
ਅਰਵਿੰਦਰ ਸਿੰਘ
ਅਰਵਿੰਦਰ ਸਿੰਘ ਉਹੀ ਵਿਅਕਤੀ ਹੈ ਜਿਸ ਨੇ ਨਵੰਬਰ 2011 ਵਿਚ ਸਾਬਕਾ ਦੂਰਸੰਚਾਰ ਮੰਤਰੀ ਸੁਖਰਾਮ ਨੂੰ ਦਿੱਲੀ ਦੀ ਇਕ ਅਦਾਲਤ ਅੰਦਰ ਥੱਪੜ ਮਾਰਿਆ ਸੀ। ਇਹ ਉਸ ਦਿਨ ਹੋਇਆ ਜਦੋਂ 1996 ਨੂੰ ਭ੍ਰਿਸ਼ਟਾਚਾਰ ਦੇ ਇਕ ਕੇਸ ਵਿਚ ਸੁਖਰਾਮ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।