15 ਨਵੰਬਰ ਨੂੰ ਹੋਵੇਗਾ ਕੀਰਤਨ ਦਰਬਾਰ
ਗੁਰਨਾਮ ਸਿੱਧੂ
ਫਿਰੋਜ਼ਪੁਰ 13 ਨਵੰਬਰ 2019 :ਸੰਸਾਰ ਭਰ ਵਿਚ ਆਪਣੀ ਸ਼ਹਾਦਤ ਦੀ ਅਨੋਖੀ ਮਿਸਾਲ ਪੈਦਾ ਕਰਨ ਵਾਲੇ ਅਤੇ ਦਮਦਮੀ ਟਕਸਾਲ ਦੇ ਬਾਨੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਮਹਾਨ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਬੰਧਕ ਕਮੇਟੀ ਗੁਰਦੁਆਰਾ ਭਾਈ ਹਾਕਮ ਸਿੰਘ ਮੱਖੂ ਗੇਟ ਫਿਰੋਜ਼ਪੁਰ ਸ਼ਹਿਰ ਅਤੇ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਅਖੰਡ ਪਾਠਾਂ ਦੀ ਲੜੀ ਅਤੇ ਪ੍ਰਭਾਤ ਫੇਰੀਆਂ ਉਪਰੰਤ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਗੁਰਦੁਆਰਾ ਭਾਈ ਸਿੰਘ ਮੱਖੂ ਗੇਟ ਤੋਂ ਸ਼ੁਰੂ ਹੋ ਕੇ ਬਾਂਸੀ ਗੇਟ, ਅੰਮ੍ਰਿਤਸਰੀ ਗੇਟ, ਕਸੂਰੀ ਗੇਟ, ਮੁਲਤਾਨੀ ਗੇਟ, ਚੌਂਕ ਸ਼ਹੀਦ ਊਧਮ ਸਿੰਘ, ਬੱਸ ਸਟੈਂਡ ਸ਼ਹਿਰ, ਅੱਛੇਵਾਲਾ ਹਾਕੇ ਵਾਲਾ, ਗੁਰੂ ਰਾਮ ਦਾਸ ਨਗਰ, ਜ਼ੀਰਾ ਗੇਟ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਭਾਈ ਹਾਕਮ ਸਿੰਘ ਵਿਖੇ ਪਰਤਿਆ। ਨਗਰ ਕੀਰਤਨ ਵਿਚ ਫੁੱਲਾਂ ਦੀ ਸੁੰਦਰ ਤਰੀਕੇ ਨਾਲ ਸਜਾਈ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ, ਜਿਸ ਦੇ ਅੱਗੇ ਗਤਤਾ ਪਾਰਟੀਆਂ ਆਪਣੇ ਜੌਹਰ ਵਿਖਾ ਰਹੀਆਂ ਸਨ। ਪਾਲਕੀ ਸਾਹਿਬ ਦੇ ਪਿੱਛੇ ਸੈਂਕੜਿਆਂ ਦੀ ਗਿਣਤੀ ਵਿਚ ਸੰਗਤਾਂ ਸ਼ਬਦ ਗਾਇਨ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ। ਰਸਤੇ ਵਿਚ ਇਸ ਨਗਰ ਕੀਰਤਨ ਦੇ ਸੁਆਗਤ ਲਈ ਥਾਂ ਥਾਂ ਤੇ ਸ਼ਰਧਾਲੂਆਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਹੋਏ ਸਨ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸ਼ਹੀਦੀ ਦਿਹਾੜੇ ਦਾ ਮੁੱਖ ਸਮਾਗਮ 15 ਨਵੰਬਰ ਨੂੰ ਹੋਵੇਗਾ, ਜਿਸ ਵਿਚ ਭਾਈ ਬਲਵਿੰਦਰ ਸਿੰਘ ਜੀ ਲੋਪੋ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਭਾਈ ਅਰਜਨ ਸਿੰਘ ਜੀ ਨਾਨਕਸਰ ਵਾਲੇ, ਭਾਈ ਕੁਲਦੀਪ ਸਿੰਘ ਜੀ ਜਿਥੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ, ਉਥੇ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਖੜਕ ਸਿੰਘ ਜੀ ਪਠਾਨਕੋਟ ਵਾਲੇ ਢਾਡੀ ਵਾਰਾਂ ਰਾਹੀਂ ਬਾਬਾ ਜੀ ਦੀ ਜੀਵਨੀ ਅਤੇ ਸ਼ਹਾਦਤ ਤੇ ਚਾਨਣਾ ਪਾਉਣਗੇ। ਦੁਪਹਿਰ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਕਰਨੈਲ ਸਿੰਘ ਸੰਧੂ, ਸਰਪ੍ਰਸਤ ਭਾਈ ਜਸਪਾਲ ਸਿੰਘ, ਬਾਬਾ ਮੁਖਤਿਆਰ ਸਿੰਘ, ਕਿੱਕਰ ਸਿੰਘ ਸੰਧੂ, ਗੁਰਚਰਨ ਸਿੰਘ ਬਾਵਾ, ਸੁਰਜੀਤ ਸਿੰਘ, ਨਿਰਮਲ ਸਿੰਘ, ਸੁਵੀਰ ਸਿੰਘ, ਅਨੂਪ ਸਿੰਘ, ਗੁਰਨਾਮ ਸਿੰਘ, ਰਾਹੁਲ ਨਰੂਲਾ ਸਮੇਤ ਕਈ ਆਗੂ ਹਾਜ਼ਰ ਸਨ।