ਹਰਦਮ ਮਾਨ
ਸਰੀ, 13 ਨਵੰਬਰ 2019 - ਦੱਖਣੀ ਏਸ਼ੀਅਨ ਕਮਿਊਨਿਟੀ ਰਿਸੋਰਸ ਦਫਤਰ (ਸੈਕਰੋ) ਨੂੰ ਯੂਥ ਲੀਡਰਸ਼ਿਪ ਲਈ ਸਾਲ 2019 ਦੇ ਬੀ ਸੀ ਕਮਿਊਨਿਟੀ ਸੇਫਟੀ ਐਂਡ ਕ੍ਰਾਈਮ ਪ੍ਰੀਵੈਂਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਯੂਥ ਲੀਡਰਸ਼ਿਪ ਐਵਾਰਡ ਕਾਂਸਟੇਬਲ ਵੇਲ ਟੀ ਔਡੀ ਦੀ ਯਾਦ ਵਿਚ ਸਥਾਪਿਤ ਕੀਤਾ ਗਿਆ ਸੀ, ਜੋ ਸੁਕਾਮਿਸ਼ ਆਰ.ਸੀ.ਐਮ.ਪੀ. ਦਾ ਇਕ ਉਤਸ਼ਾਹੀ ਨੌਜਵਾਨ ਮੈਂਬਰ ਸੀ, ਜਿਸ ਨੇ ਨੌਜਵਾਨਾਂ ਵਿਚਲੀਆਂ ਸੰਭਾਵਨਾਵਾਂ ਨੂੰ ਪਛਾਣਿਆ ਅਤੇ ਉਨ੍ਹਾਂ ਨੂੰ ਕਮਿਊਨਿਟੀ ਸੁਰੱਖਿਆ ਅਤੇ ਅਪਰਾਧ ਰੋਕਣ ਲਈ ਆਪਣਾ ਯੋਗਦਾਨ ਪਾਉਣ ਲਈ ਉਤਸ਼ਾਹਤ ਕੀਤਾ।
ਸੈਕਰੋ ਆਰਚਵੇ ਕਮਿਊਨਿਟੀ ਸਰਵਿਸਿਜ਼, (ਜਿਸ ਨੂੰ ਪਹਿਲਾਂ ਐਬਟਸਫੋਰਡ ਕਮਿਊਨਿਟੀ ਸਰਵਿਸ ਦੇ ਤੌਰ ਤੇ ਜਾਣਿਆ ਜਾਂਦਾ ਸੀ) ਦਾ ਸੱਭਿਅਚਾਰ ਦੇ ਅਨੁਕੂਲ ਜੁਰਮ ਰੋਕੂ ਪ੍ਰੋਗਰਾਮ ਹੈ ਜੋ 2006 ਵਿੱਚ ਸ਼ੁਰੂ ਕੀਤਾ ਗਿਆ। ਸੈਕਰੋ ਨੇ ਪਿਛਲੇ ਦਹਾਕੇ ਦੌਰਾਨ 350 ਤੋਂ ਵੱਧ ਦੱਖਣੀ ਏਸ਼ੀਆਈ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕਈ ਤਰਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਦੀ ਹਰ ਪੱਖੋਂ ਸਹਾਇਤਾ ਕਰਨਾ, ਮਾਪਿਆਂ ਨੂੰ ਸਿੱਖਿਅਤ ਕਰਨ ਲਈ ਸੈਸ਼ਨ ਲਾਉਣੇ, ਮਨੋਰੰਜਨ ਗਰੁੱਪ ਕਾਇਮ ਕਰਨੇ, ਸਲਾਹ-ਮਸ਼ਵਰਾ ਕਰਨਾ ਅਤੇ ਹੁਨਰ ਦਾ ਵਿਕਾਸ ਸ਼ਾਮਲ ਹਨ।
ਸੈਕਰੋ ਦੇ ਕੇਸ ਮੈਨੇਜਰ ਅਤੇ ਫੈਮਲੀ ਐਜੂਕੇਟਰ ਮਨਪ੍ਰੀਤ ਸਰਾਏ ਨੇ ਕਿਹਾ ਕਿ ਸਾਡਾ ਕੰਮ ਚੁਣੌਤੀਆਂ ਭਰਪੂਰ ਹੈ ਪਰ ਅਸੀਂ ਹਰ ਇਕ ਛੋਟੇ ਕਦਮ ਨੂੰ ਜਸ਼ਨ ਵਜੋਂ ਲੈਂਦੇ ਹਾਂ ਜੋ ਕਿਸੇ ਨੌਜਵਾਨ ਦੀ ਜ਼ਿੰਦਗੀ ਬਦਲ ਸਕਦਾ ਹੋਵੇ, ਭਾਵੇਂ ਇਹ ਗ੍ਰੈਜੂਏਸ਼ਨ, ਯੋਗ ਰੁਜ਼ਗਾਰ ਲੱਭਣ ਜਾਂ ਪਰਿਵਾਰ ਨਾਲ ਮੁੜ ਜੋੜਣ ਦਾ ਕਾਰਜ ਹੋਵੇ।