ਸੀਬੀਆਈ ਕਰੇ ਜਾਂਚ ਤਾਂ ਅਰਬਾਂ ਖਰਬਾਂ ਦਾ ਘਪਲਾ ਆਵੇਗਾ ਸਾਹਮਣੇ ਤੇ ਕਈਆਂ ਦੇ ਚਿਹਰੇ ਹੋਣਗੇ ਬੇਨਕਾਬ : ਬੈਂਸ
ਲੁਧਿਆਣਾ, 14 ਨਵੰਬਰ - ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਰੰਟੀ ਯੋਜਨਾ (ਮਗਨਰੇਗਾ) ਨੂੰ ਲਾਗੂ ਕਰਨ ਚ ਸ਼ਾਮਲ ਘਪਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਰਨ ਕਰਨ ਦੇ ਨਾਲ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਵਿਧਾਇਕ ਬੈਂਸ ਅੱਜ ਆਪਣੇ ਦਫਤਰ ਕੋਟ ਮੰਗਲ ਸਿੰਘ ਵਿੱਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਸਨ।
ਇਸ ਦੌਰਾਨ ਵਿਧਾਇਕ ਬੈਂਸ ਨੇ ਦੱਸਿਆ ਕਿ ਇਸ ਸਕੀਮ ਤਹਿਤ ਸਿਰਫ ਫਰੀਦਕੋਟ, ਸ਼੍ਰੀ ਮੁਕਤਸਰ ਅਤੇ ਫਿਰੋਜਪੁਰ ਜਿਲੇ ਦੇ ਅਧਿਕਾਰੀਆਂ ਨੇ ਹੀ ਘਪਲਾ ਨਹੀਂ ਕੀਤਾ ਸਗੋਂ ਪੰਜਾਬ ਦੇ ਹਰ ਜ਼ਿਲੇ ਵਿੱਚ ਅਨੇਕਾਂ ਹੋਰ ਅਧਿਕਾਰੀਆਂ ਨੇ ਵੀ ਮਗਨਰੇਗਾ ਸਕੀਮ ਤਹਿਤ ਪੰਜਾਬ ਦੇ ਅਨੇਕਾਂ ਗਰੀਬ ਪਰਿਵਾਰਾਂ ਨਾਲ ਘਪਲਾ ਕੀਤਾ ਹੈ, ਇਸ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਤਾਂ ਸਿਰਫ 3 ਕਰੋੜ ਹੀ ਨਹੀਂ ਸਗੋਂ ਅਰਬਾਂ ਖਰਬਾਂ ਰੁਪਏ ਦਾ ਘਪਲਾ ਨਿੱਕਲ ਕੇ ਬਾਹਰ ਆਵੇਗਾ। ਵਿਧਾਇਕ ਬੈਂਸ ਨੇ ਦੱਸਿਆ ਕਿ ਉਨ੍ਹਾਂ ਕੋਲ ਪਹਿਲਾਂ ਵੀ ਅਨੇਕਾਂ ਮਗਨਰੇਗਾ ਅਧੀਨ ਕੰਮ ਕਰਨ ਵਾਲੇ ਗਰੀਬ ਲੋਕਾਂ ਨੂੰ ਜਾਅਲੀ ਅਦਾਈਗਿਆਂ ਕਰਨ ਦੇ ਨਾਲ ਨਾਲ ਮਟੀਰੀਅਲ ਵਿੱਚ ਵੀ ਕਈ ਤਰਾਂ ਦੀਆਂ ਹੇਰਾਫਾਰੀਆਂ ਕਰਨ ਦੀਆਂ ਸ਼ਿਕਾਇਤਾਂ ਆ ਚੁੱਕੀਆਂ ਹਨ ਪਰ ਇਨ੍ਹਾਂ ਅਧਿਕਾਰੀਆਂ ਦੀ ਉੱਚ ਪਹੁੰਚ ਕਾਰਣ ਕਦੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਦੋਸ਼ ਲਗਾਇਆ ਕਿ ਅਜੇ ਵੀ ਕੁਝ ਲੋਕਾਂ ਦੇ ਮਾਮਲੇ ਦਰਜ ਕਰਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦੋਂ ਕਿ ਇਸ ਮਾਮਲੇ ਦੀ ਜਾਂਚ ਜੇਕਰ ਸੀਬੀਆਈ ਤੋਂ ਕਰਵਾਈ ਜਾਵੇ, ਤਾਂ ਇਸ ਵਿੱਚ ਸ਼ਾਮਲ ਅਨੇਕਾਂ ਉੱਚ ਅਧਿਕਾਰੀਆਂ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਅਤੇ ਅਨੇਕਾਂ ਰਾਜਨੀਤਕ ਆਗੂਆਂ ਦੇ ਚਿਹਰੇ ਵੀ ਬੇਨਕਾਬ ਹੋ ਸਕਦੇ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ, ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿੱਕਲ ਕੇ ਬਾਹਰ ਆ ਸਕੇ।