ਜੇਤੂਆਂ ਨੂੰ ਦਿੱਤੇ ਗਏ 10 ਲੱਖ ਦੇ ਇਨਾਮ
100 ਸੀਜੀਸੀ ਕਰਮਚਾਰੀਆਂ ਨੂੰ ਪਿਛਲੇ 15 ਸਾਲਾਂ ਤੋਂ ਸੇਵਾ ਕਰਨ ਦਾ ਫਲ ਮਿਲਿਆ ਹੈ
ਚੰਡੀਗੜ 14 ਨਵੰਬਰ 2019 : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਲਾਂਡਰਾਂ ਦਾ 14 ਵਾਂ ਰਾਸ਼ਟਰੀ ਸਲਾਨਾ ਟੈਕਨੋ-ਕਲਚਰਲ ਫੈਸਟ “ਪਰਿਵਰਤਨ 2019” ਅੱਜ ਤਕਨੀਕੀ, ਗੈਰ-ਤਕਨੀਕੀ ਅਤੇ ਸਭਿਆਚਾਰਕ ਪ੍ਰੋਗਰਾਮਾਂ ਦੀ ਲੱਗੀ ਇੱਕ ਝੜੀ ਨਾਲ ਸਮਾਪਤੀ ਹੋਇਆ। ਜਿਸ ਵਿੱਚ ਪੂਰੇ ਪੰਜਾਬ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੀ ਸ਼ਮੂਲੀਅਤ ਵੇਖੀ ਗਈ। ਇਸ ਮੌਕੇ ਵੱਖ-ਵੱਖ ਮੁਕਾਬਲਾ ਜੇਤੂਆਂ ਨੂੰ 10 ਲੱਖ ਦੇ ਨਕਦ ਇਨਾਮ ਦੇ ਸਨਮਾਨਿਆ ਗਿਆ।
ਇਸ ਦੇ ਨਾਲ ਹੀ ਸੀਜੀਸੀ ਲਾਂਡਰਾਂ ‘ਚ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨਾਨ-ਟੀਚਿੰਗ ਕਰਮਚਾਰੀਆਂ ਨੂੰ ਪਿਛਲੇ 15 ਸਾਲਾਂ ਤੋਂ ਸੇਵਾਵਾਂ ਨਿਭਾਉਣ ਲਈ ਉਨ੍ਹਾਂ ਦੀ ਵਫ਼ਾਦਾਰੀ ਅਤੇ ਸਮਰਪਣ ਲਈ 43 ਪੁਰਸਕਾਰ ਦੇ ਕੇ ਸਨਮਾਨਿਆ ਗਿਆ ਅਤੇ ਆਪਣੇ ਕੰਮ ਦੇ ਖੇਤਰ ਵਿੱਚ ਵਧੀਆ ਕਾਰੁਜਗਾਰੀ ਕਰਨ ਵਾਲੇ 57 ਵਰਕਰਾਂ ਨੂੰ ਖਾਸ ਇਨਾਮ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੰਟਰਨੈਸ਼ਨਲ ਗਾਇਕ ਸਤਿੰਦਰ ਸਰਤਾਜ ਦੀ ਇਕ ਵਿਸ਼ੇਸ਼ ਲਾਈਵ ਸੂਫੀਆਨਾ ਸ਼ਾਮ ਜੋ ਬੀਤੀ ਰਾਤ ਪੇਸ਼ ਕੀਤੀ ਗਈ ਸੀ, ਨੇ ਵੀ ਹਾਜ਼ਰੀਨ ਨੂੰ ਅੱਜ ਦੂਸਰੇ ਦਿਨ ਵੀ ਆਪਣੀ ਹਾਜ਼ਰੀ ਲਈ ਮਜਬੂਰ ਕਰ ਦਿੱਤਾ।
ਜਿਕਰਯੋਗ ਹੈ ਕਿ ਸਭਿਆਚਾਰਕ ਸ਼੍ਰੇਣੀ ਵਿੱਚ ਫੈਸ਼ਨ ਸ਼ੋਅ ਪ੍ਰੋਗਰਾਮ ‘ਵਨ ਫਾਰ ਆਲ, ਆਲ ਫਾਰ ਵਨ ਵਨ’ ਦੇ ਮੁੱਖ ਵਿਸੇ ਨਾਲ ਸਬੰਧਤ ਸੀ, ਅਤੇ ਇਸ ਵਿੱਚ ਜੀਜੀਡੀਐਸਡੀ ਕਾਲਜ ਨੂੰ ਰੈਂਪ ਵਾਕ ਦਾ ਜੇਤੂ ਐਲਾਨਿਆ ਗਿਆ, ਅਤੇ ਮੇਜ਼ਬਾਨ ਕਾਲਜ, ਸੀਜੀਸੀ ਲਾਂਡਰਾਂ ਨੇ ਉਪ ਜੇਤੂ ਰਹਿਣ ਦਾ ਮਾਣ ਹਾਸਿਲ ਕੀਤਾ।
ਤਕਨੀਕੀ ਸ਼੍ਰੇਣੀ ਵਿਚ, ਐਸ ਸੀ ਡੀ ਸਰਕਾਰੀ ਕਾਲਜ ਸਾਇੰਸ ਓਲੰਪੀਆਡ ਵਿਚ ਪਹਿਲੇ ਸਥਾਨ 'ਤੇ ਆਇਆ, ਗੁਲਜ਼ਾਰ ਗਰੁੱਪ ਇੰਸਟੀਚਿਊਟ ਨੇ ‘ਰੋਬੋ ਬਾਰ’ ਮੁਕਾਬਲੇ ਵਿਚ ਸਾਰੀਆਂ ਤਿੰਨੋਂ ਪੁਜੀਸ਼ਨਾਂ ‘ਤੇ ਕਬਜਾ ਕੀਤਾ। ਜਦਕਿ ਐਮ ਸੀ ਐਮ ਡੀਏਵੀ ਨੇ ਪੋਸਟਰ ਮੇਕਿੰਗ ਮੁਕਾਬਲੇ ਵਿਚ ਆਪਣਾ ਦਬਦਬਾ ਕਾਇਮ ਕੀਤਾ। ਇਸੇ ਸ਼੍ਰੇਣੀ ਦੇ ਹੋਰਨਾਂ ਮੁਕਾਬਲਿਆਂ ਵਿੱਚ ਆਏ ਹੋਏ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ। ਇਨੋਵੇਟਿਵ ਕੁਕਿੰਗ ਫਾਇਰ ਮੁਕਾਬਲੇ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਨੇ ਆਪਣੀ ਧਾਕ ਜਮਾਈ। ਨਾਨ-ਟੈਕਨੀਕਲ ਸ਼੍ਰੇਣੀ ਵਿੱਚ ਡੀ ਏ ਵੀ ਆਈ ਏ ਟੀ ਜਲੰਧਰ ਨੇ ਡਾਂਸ ਮੁਕਾਬਲੇ ਵਿੱਚ ਪਹਿਲਾ ਸਥਾਨ ‘ਤੇ ਕਬਜਾ ਕੀਤਾ, ਜਦੋਂਕਿ ਜੀਜੀਡੀਐਸਡੀ ਨੇ ਲੁੱਡੀ ਦੀ ਪੇਸ਼ਕਾਰੀ ਵਿੱਚ ਵੱਖਰੇ ਰੰਗ ਦਾ ਮੁਜਾਹਰਾ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕਾਲਿਜ ਦਾ ਮਹੌਲ ਬਹੁਤ ਹੀ ਖੁਸ਼ਨੁਮਾ ਬਣਿਆ ਹੋਇਆ ਸੀ ਅਤੇ ਸਾਰੇ ਕੈਂਪਸ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ। ਵਿਦਿਆਰਥੀਆਂ ਅਤੇ ਸਟਾਫ ਨੇ ਪੂਰਾ ਦਿਨ ਇਸ ਮੇਲੇ ਦਾ ਖੂਬ ਆਨੰਦ ਮਾਣਿਆ।