- 6 ਜ਼ਿਲ੍ਹਿਆਂ ਵਿੱਚ 100 ਫੀਸਦੀ ਚੁਕਾਈ ਮੁਕੰਮਲ
- 23485.35 ਕਰੋੜ ਰੁਪਏ ਦੀ ਕੀਤੀ ਅਦਾਇਗੀ
- ਘੱਟੋ-ਘੱਟ ਸਮਰਥਨ ਮੁੱਲ ਦਾ 1055840 ਕਿਸਾਨਾਂ ਨੂੰ ਮਿਲਿਆ ਲਾਭ
ਚੰਡੀਗੜ੍ਹ, 14 ਨਵੰਬਰ 2019 - ਸਾਉਣੀ ਮੰਡੀਕਰਨ ਸੀਜ਼ਨ 2019-20 ਦੌਰਾਨ ਸਰਕਾਰੀ ਏਜੰਸੀਆਂ ਵੱਲੋਂ 13 ਨਵੰਬਰ ਤੱਕ 15231052 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਨਾਲ ਇਹ ਅੰਕੜਾ ਪਿਛਲੇ ਵਰ੍ਹੇ ਇਸੇ ਤਰੀਕ ਤੱਕ ਸਰਕਾਰੀ ਏਜੰਸੀਆਂ ਵੱਲੋਂ ਕੀਤੀ 14944231 ਮੀਟ੍ਰਿਕ ਟਨ ਖਰੀਦ ਨੂੰ ਪਾਰ ਕਰ ਗਿਆ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਇੱਕ ਸਰਕਾਰੀ ਬੁਲਾਰੇ ਨੇ ਦਿੱਤੀ।
ਬੁਲਾਰੇ ਨੇ ਦੱਸਿਆ ਕਿ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ ਬੁੱਧਵਾਰ ਤੱਕ 15332321 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ ਜਦਕਿ ਸਰਕਾਰ ਵੱਲੋਂ ਆੜ੍ਹਤੀਆਂ/ਕਿਸਾਨਾਂ ਦੇ ਖਾਤਿਆਂ ਵਿੱਚ 23485.35 ਕਰੋੜ ਰੁਪਏ ਟਰਾਂਸਫ਼ਰ ਕੀਤੇ ਜਾ ਚੁੱਕੇ ਹਨ ਅਤੇ 1055840 ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦਾ ਲਾਭ ਮਿਲਿਆ ਹੈ।
ਬੁਲਾਰੇ ਮੁਤਾਬਕ 72 ਘੰਟੇ ਵਾਲੇ ਚੁਕਾਈ ਨਿਯਮ ਤਹਿਤ 6 ਜ਼ਿਲ੍ਹਿਆਂ ਫ਼ਤਿਹਗੜ੍ਹ ਸਾਹਿਬ, ਫ਼ਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ 100 ਫੀਸਦੀ ਚੁਕਾਈ ਮੁਕੰਮਲ ਹੋਣ ਨਾਲ ਖਰੀਦ ਪ੍ਰਕਿਰਿਆ ਨਿਰਵਿਘਨ ਚੱਲ ਰਹੀ ਹੈ।
ਖਰੀਦ ਅੰਕੜਿਆਂ ਸਬੰਧੀ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪਨਗ੍ਰੇਨ ਵੱਲੋਂ 6319393 ਟਨ, ਮਾਰਕਫੈੱਡ ਵੱਲੋਂ 3911398 ਟਨ ਅਤੇ ਪਨਸਪ ਵੱਲੋਂ 3104645 ਟਨ ਝੋਨਾ ਖ਼ਰੀਦਿਆ ਗਿਆ ਹੈ ਜਦਕਿ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵੱਲੋਂ 1690743 ਮੀਟ੍ਰਿਕ ਟਨ ਅਤੇ ਕੇਂਦਰੀ ਏਜੰਸੀ ਫੂਡ ਕਾਰਪੋਰੇਸ਼ਨ ਆਫ ਇੰਡੀਆ(ਐਫ.ਸੀ.ਆਈ.) ਵਲੋਂ 204872 ਮੀਟ੍ਰਿਕ ਟਨ ਝੋਨਾ ਖ਼ਰੀਦਿਆ ਜਾ ਚੁੱਕਾ ਹੈ। ਮਿੱਲ ਮਾਲਕਾਂ ਵੱਲੋਂ 101269 ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਹੈ।