ਗੁਰਨਾਮ ਸਿੱਧੂ
ਫਿਰੋਜ਼ਪੁਰ, 15 ਨਵੰਬਰ 2019 - ਨਜ਼ਦੀਕੀ ਪਿੰਡ ਕਾਸੂ ਬੇਗੂ ਵਿਖੇ ਲੰਘੀ ਰਾਤ ਇਕ ਵਿਆਹੁਤਾ ਨੇ ਪਤੀ ਦੇ ਮੇਹਣਿਆਂ ਤੋਂ ਤੰਗ ਆ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਵਿਆਹੁਤਾ ਕੋਲੋਂ ਉਸ ਦਾ ਪਤੀ ਕਾਰ ਲੈਣ ਲਈ ਆਪਣੇ ਪੇਕਿਆਂ ਤੋਂ ਪੈਸੇ ਲੈ ਕੇ ਆਉਣ ਲਈ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਲੜਾਈ ਝਗੜਾ ਕਰਦਾ ਸੀ। ਜਿਸ ਦੇ ਕਾਰਨ ਘਰ ਵਿਚ ਕਲੇਸ਼ ਰਹਿੰਦਾ ਸੀ। ਇਸੇ ਦੇ ਚੱਲਦਿਆ ਹੀ ਵਿਆਹੁਤਾ ਨੇ ਗਲ ਵਿਚ ਫਾਹਾ ਪਾ ਕੇ ਖੁਦਕੁਸ਼ੀ ਕਰ ਲਈ।
ਇਸ ਸਬੰਧ ਵਿਚ ਪੁਲਿਸ ਥਾਣਾ ਕੁਲਗੜੀ ਵਲੋਂ ਪਤੀ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਿਸ ਥਾਣਾ ਕੁੱਲਗੜੀ ਨੂੰ ਦਿੱਤੇ ਬਿਆਨਾਂ ਵਿਚ ਮਹਿਲ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਗੱਟੀ ਰਾਜੋ ਕੀ ਨੇ ਦੋਸ਼ ਲਗਾਇਆ ਕਿ ਉਸ ਦੀ ਲੜਕੀ ਹਰਮੀਤ ਕੌਰ (26) ਦਾ ਵਿਆਹ ਸਤਨਾਮ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਕਾਸੂ ਬੇਗੂ ਦੇ ਨਾਲ ਕਰੀਬ ਢਾਈ ਸਾਲ ਪਹਿਲੋਂ ਹੋਇਆ ਸੀ ਅਤੇ ਹਰਮੀਤ ਕੌਰ ਦੀ ਕੁੱਖ਼ੋ ਵਿਆਹ ਤੋਂ ਬਾਅਦ ਇਕ ਲੜਕੇ ਨੇ ਜਨਮ ਲਿਆ।
ਮਹਿਲ ਸਿੰਘ ਨੇ ਦੋਸ਼ ਲਗਾਇਆ ਕਿ ਮੁੱਦਈ ਦਾ ਜਵਾਈ ਸਤਨਾਮ ਸਿੰਘ, ਮੁੱਦਈ ਦੀ ਲੜਕੀ ਨੂੰ ਕਾਰ ਲੈਣ ਲਈ ਆਪਣੇ ਪੇਕਿਆਂ ਤੋਂ ਪੈਸੇ ਲੈ ਕੇ ਆਉਣ ਲਈ ਤੰਗ ਪ੍ਰੇਸ਼ਾਨ ਕਰਦਾ ਸੀ। ਮਹਿਲ ਸਿੰਘ ਮੁਤਾਬਿਕ ਉਸ ਦੀ ਲੜਕੀ ਹਰਮੀਤ ਕੌਰ ਦੇ ਨਾਲ ਰੋਜ ਹੀ ਉਸ ਦਾ ਪਤੀ ਸਤਨਾਮ ਸਿੰਘ ਲੜਾਈ ਝਗੜਾ ਕਰਦਾ ਰਹਿੰਦਾ ਸੀ। ਇਸੇ ਰੋਜ਼ ਦੇ ਕਲੇਸ਼ ਤੋਂ ਤੰਗ ਆ ਕੇ ਲੰਘੀ ਰਾਤ ਹਰਮੀਤ ਕੌਰ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।
ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੁੱਲਗੜੀ ਪੁਲਿਸ ਦੇ ਇੰਸਪੈਕਟਰ ਪ੍ਰੇਮ ਨਾਥ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਹਿਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸਤਨਾਮ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਕਾਸੂ ਬੇਗੂ ਦੇ ਵਿਰੁੱਧ 304-ਬੀ ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।