ਸ਼ੌਰਯ ਸ਼ਰਮਾ
ਫਤਹਿਗੜ੍ਹ ਸਾਹਿਬ, 15 ਨਵੰਬਰ, 2019: ਅਡੀਸ਼ਨਲ ਡਿਪਟੀ ਕਮਿਸ਼ਨਰ (ਡਵੈਲਪਮੈਂਟ) ਜਗਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਪੇਂਡੂ ਵਿਕਾਸ ਵਿਭਾਗ ਦੇ ਸਾਰੇ ਅਧਿਕਾਰੀ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ’ਤੇ ਚਲੇ ਗਏ ਹਨ ਅਤੇ ਸਰਕਾਰੀ ਕੰਮਾਂ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ।
ਡਿਪਟੀ ਕਮਿਸ਼ਨਰ ਅਮ੍ਰਿਤ ਕੌਰ ਗਿੱਲ ਵੱਲੋਂ ਅਫਸਰਾਂ ਪ੍ਰਤੀ ਵਰਤੀ ਗਈ ਕਥਿਤ ਅਸੱਭਿਅਕ ਭਾਸ਼ਾ, ਉਨ੍ਹਾਂ ਨੂੰ ਦਿੱਤੀਆਂ ਧਮਕੀਆਂ ਅਤੇ 550 ਵੇਂ ਪ੍ਰਕਾਸ਼ ਪੁਰਬ ਨੂੰ ਰਾਜਨੀਤਿਕ ਚਾਲ ਦੱਸਣ ਦਾ ਅਧਿਕਾਰੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਜਦਕਿ ਡੀਸੀ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਦੀਪਇੰਦਰ ਸਿੰਘ, ਕਮਿਸ਼ਨਰ, ਪਟਿਆਲਾ ਡਿਵੀਜ਼ਨ, ਜਿਸ ਨੂੰ ਸਰਕਾਰ ਨੇ ਮਸਲੇ ਦੇ ਹੱਲ ਲਈ ਨਿਯੁਕਤ ਕੀਤਾ ਸੀ, ਨੇ ਅੱਜ ਇਥੇ ਡੀਸੀ ਦਫ਼ਤਰ ਵਿੱਚ ਦੋਵਾਂ ਧੜਿਆਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ, ਪਰ ਇਸ ਵਿੱਚੋਂ ਕੁਝ ਵੀ ਸਾਹਮਣੇ ਨਹੀਂ ਆਇਆ।
ਇਸ ਮੁੱਦੇ ਨਾਲ ਨਜਿੱਠਣ ਲਈ ਸਾਂਝੀ ਐਕਸ਼ਨ ਕਮੇਟੀ ਦਾ ਬੁਲਾਰਾ ਬਣਾਏ ਗਏ ਹਰ ਕਮਲ ਸਿੰਘ ਨੇ ਕਿਹਾ ਕਿ ਪਟਿਆਲਾ ਡਵੀਜ਼ਨ ਵਿੱਚ ਪੂਰੀ ਪੈੱਨ ਡਾਊਨ ਹੜਤਾਲ ਕੀਤੀ ਜਾਵੇਗੀ ਅਤੇ ਡੀਡੀਪੀਓ ਐਸੋਸੀਏਸ਼ਨ, ਪੇਂਡੂ ਵਿਕਾਸ ਅਫਸਰ ਐਸੋਸੀਏਸ਼ਨ, ਗ੍ਰਾਮ ਸੇਵਕ ਯੂਨੀਅਨ ਅਤੇ ਮਨਰੇਗਾ ਐਸੋਸੀਏਸ਼ਨ ਦੇ ਨੁਮਾਇੰਦੇ ਸ਼ਾਮਲ ਹੋਣਗੇ। ਇਸ ਸਬੰਧ ਵਿਚ ਸੋਮਵਾਰ ਨੂੰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਮੁਲਾਕਾਤ ਕਰਨਗੇ।
ਉਨ੍ਹਾਂ ਕਿਹਾ ਕਿ ਅਧਿਕਾਰੀ ਅਜਿਹੀਆਂ ਸਥਿਤੀਆਂ ਵਿੱਚ ਕੰਮ ਨਹੀਂ ਕਰ ਸਕਦੇ ਅਤੇ ਮੰਗ ਕੀਤੀ ਕਿ ਡੀ.ਸੀ. ਜਾਂ ਸਾਰੇ ਪੇਂਡੂ ਵਿਕਾਸ ਅਧਿਕਾਰੀ ਜਿਨ੍ਹਾਂ ਵਿੱਚ ਏ.ਡੀ.ਸੀ. (ਡੀ), ਸਾਰੇ ਪੰਜ ਬਲਾਕ ਵਿਕਾਸ ਪੰਚਾਇਤ ਅਫ਼ਸਰਾਂ ਅਤੇ ਜ਼ਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਦਾ ਤਬਾਦਲਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸਰਕਾਰੀ ਕੰਮ ਦਾ ਬਾਈਕਾਟ ਉਦੋਂ ਤਕ ਜਾਰੀ ਰਹੇਗਾ, ਜਦੋਂ ਤੱਕ ਕਿ ਡੀ.ਸੀ ਅਸੱਭਿਅਕ ਭਾਸ਼ਾ ਦੀ ਵਰਤੋਂ ਕਰਨ ਅਤੇ 550 ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਰਾਜਨੀਤਿਕ ਚਾਲਾਂ ਦੱਸਣ ਲਈ ਮੁਆਫੀ ਨੀ ਮੰਗ ਲੈਂਦੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਵਿੰਦਰਜੀਤ ਸਿੰਘ ਨੇ ਦੋਸ਼ ਲਾਇਆ ਕਿ ਕੱਲ੍ਹ ਇਤਿਹਾਸਕ ਗੁਰਦੁਆਰਾ ਈਸਰਹੇਲ ਵਿਖੇ 550 ਵੇਂ ਪ੍ਰਕਾਸ਼ ਪੁਰਬ ਸਮਾਰੋਹ ਦੌਰਾਨ ਡੀਸੀ ਨੇ ਉਨ੍ਹਾਂ ਨੂੰ ਫੋਨ ਕੀਤਾ ਤੇ ਪੋਰਟਲ 'ਤੇ ਅਜਿਹੇ ਕੇਸ ਅਪਲੋਡ ਕਰਨ ਬਾਰੇ ਕਿਹਾ, ਜਿਥੇ ਪਰਾਲੀ ਨਾ ਸਾੜੀ ਗਈ ਹੋਵੇ।
ਉਨ੍ਹਾਂ ਕਿਹਾ ਕਿ ਜਦਕਿ ਡੀ.ਸੀ. ਨੂੰ ਦੱਸਿਆ ਗਿਆ ਕਿ ਇਹ ਕੰਮ ਸਹਿਕਾਰੀ ਵਿਭਾਗ ਨੂੰ ਪੀ.ਐਮ ਪੋਰਟਲ 'ਤੇ ਅਪਲੋਡ ਕਰਨਾ ਪਵੇਗਾ ਕਿਉਂਕਿ ਉਹਨਾਂ ਕੋਲ ਪਾਸਵਰਡ ਅਤੇ ਆਈ.ਡੀ ਹੈ ਅਤੇ ਜਿੰਨ੍ਹਾਂ ਦੀ ਹੜਤਾਲ ਦੇ ਬਾਵਜੂਦ ਵੀ ਉਨ੍ਹਾਂ ਨੇ ਕੰਮ ਕਰਵਾ ਲਿਆ ਅਤੇ ਅਪਲੋਡਿੰਗ ਸ਼ੁਰੂ ਕਰ ਦਿੱਤੀ ਹੈ।
ਏਡੀਸੀ ਨੇ ਦੋਸ਼ ਲਾਇਆ ਕਿ ਡੀਸੀ ਨੇ ਪੇਂਡੂ ਵਿਕਾਸ ਅਫਸਰਾਂ ਵਿਰੁੱਧ ਅਸੱਭਿਅਕ ਭਾਸ਼ਾ ਦੀ ਵਰਤੋਂ ਕੀਤੀ ਅਤੇ ਕਿਹਾ, “ਮੈਂ ਜਾਣਦੀ ਹਾਂ ਕਿ ਉਨ੍ਹਾਂ ਤੋਂ ਜੁੱਤੀ ਨਾਲ ਕੰਮ ਕਿਵੇਂ ਕਰਵਾਉਣਾ ਹੈ”।
ਉਨ੍ਹਾਂ ਕਿਹਾ ਕਿ ਕਿਸੇ ਵੀ ਅਧਿਕਾਰੀ ਖਿਲਾਫ ਅਜਿਹੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨਾ ਕਿਸੇ ਅਫ਼ਸਰ ਨੂੰ ਸ਼ੋਭਾ ਨਹੀਂ ਦਿੰਦਾ।
ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਡੀਸੀ ਨੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਕਿਉਂਕਿ ਉਸਨੇ ਇਤਿਹਾਸਕ ਗੁਰੂਦਵਾਰਾ ਇਸਰਹੇਲ ਵਿਖੇ ਮਨਾਏ ਜਾ ਰਹੇ 550 ਵੇਂ ਪ੍ਰਕਾਸ਼ ਪੁਰਬ, ਜਿਥੇ ਕਿ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਡਾ ਅਮਰ ਸਿੰਘ ਐਮ ਪੀ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਕੁਲਜੀਤ ਨਾਗਰਾ ਸ਼ਾਮਲ ਸਨ, ਨੂੰ ‘ਰਾਜਨੀਤਿਕ ਚਾਲ’ ਦੱਸਿਆ ਅਤੇ ਸਾਰੇ ਅਧਿਕਾਰੀਆਂ ਨੂੰ ਤੁਰੰਤ ਆਪਣੇ ਦਫਤਰ ਵਾਪਸ ਮੁੜ ਆਉਣ ਲਈ ਆਖਿਆ।
ਦੀਪਇੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਦੋਵਾਂ ਧਿਰਾਂ ਨਾਲ ਗੱਲਬਾਤ ਕਰਕੇ ਇਸ ਮੁੱਦੇ ਦਾ ਹੱਲ ਕਰਨ ਲਈ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਆਪਣੀ ਰਿਪੋਰਟ ਸਰਕਾਰ ਨੂੰ ਸੌਂਪਣਗੇ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਛੇਤੀ ਹੀ ਗੱਲਬਾਤ ਰਹਿਣ ਇਹ ਮਾਮਲਾ ਨਿਪਟਾ ਲਿਆ ਜਾਏਗਾ .
ਜਦੋਂ ਡੀ.ਸੀ ਅੰਮ੍ਰਿਤ ਕੌਰ ਗਿੱਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਦਫ਼ਤਰ ਆਉਣਗੇ ਅਤੇ ਉਥੇ ਮੀਡੀਆ ਨਾਲ ਗੱਲਬਾਤ ਕਰਨਗੇ, ਪਰ ਉਹ ਨਾ ਹੀ ਦਫਤਰ ਆਏ ਅਤੇ ਨਾ ਹੀ ਕੋਈ ਫੋਨ ਸੁਣਿਆ ।