ਸਿਵਲ , ਪੁਲਿਸ ਅਤੇ ਬੀਐੱਸਐੱਫ ਅਧਿਕਾਰੀਆਂ ਤੋਂ ਗੇਟ ਨੰਬਰ 195 ਬੰਦ ਕਰਵਾਉਣ ਲਈ ਕੀਤੀ ਮੰਗ
ਫਿਰੋਜ਼ਪੁਰ 16 ਨਵੰਬਰ 2019: ਸਰਹੱਦੋਂ ਪਾਰ ਜ਼ਮੀਨ 'ਤੇ ਕਥਿਤ ਤੌਰ ਤੇ ਕਬਜ਼ੇ ਨੂੰ ਲੈਕੇ ਅੱਜ ਸੰਗਰਸ਼ ਕਮੇਟੀ ਵਲੋਂ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਕਾਨਫਰੰਸ ਕਰਕੇ ਇਨਸਾਫ ਦੀ ਮੰਗ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਮੀਨ ਬਚਾਓ ਸੰਗਰਸ਼ ਕਮੇਟੀ ਆਗੂ ਕਾਮਰੇਡ ਹੰਸਾ ਸਿੰਘ, ਗੁਰਦੀਪ ਸਿੰਘ, ਗੁਲਜ਼ਾਰ ਸਿੰਘ ਪ੍ਰਧਾਨ ਮੋਹਨ ਸਿੰਘ, ਅਨੋਖ ਸਿੰਘ, ਮੱਖਣ ਸਿੰਘ, ਸੁਰਜੀਤ ਸਿੰਘ, ਬਲਜਿੰਦਰ ਸਿੰਘ, ਕੁਲਦੀਪ ਸਿੰਘ ਖੁੰਗਰ ਆਦਿ ਨੇ ਕਿਹਾ ਕਿ ਕੌਮਾਂਤਰੀ ਸਰਹੱਦ 'ਤੇ ਲੱਗੀ ਕੰਢਿਆਲੀ ਤਾਰ ਤੋਂ ਪਾਰ ਵਾਲੀ ਸਰਕਾਰੀ ਜ਼ਮੀਨ ਨੂੰ ਲੈ ਕੇ ਭੂ-ਮਾਫੀਆ ਲਗਾਤਾਰ ਕਬਜ਼ਾ ਕਰਦਾ ਜਾ ਰਿਹਾ ਹੈ।
ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕਥਿੱਤ ਸਿਆਸੀ ਸ਼ਹਿ 'ਤੇ ਸਰਕਾਰੀ ਮਸ਼ੀਨਰੀ ,ਪ੍ਰਸ਼ਾਸਨ ਵੱਲੋਂ ਲਾਏ ਰਸੀਵਰ ਅਤੇ ਸਰਹੱਦੀ ਸੁਰੱਖਿਆ ਬਲ ਦੇ ਅਧਿਕਾਰੀ ਵੀ ਭੂ-ਮਾਫੀਆ 'ਤੇ ਨਜ਼ਰੇ ਇਨਾਇਤ ਕਰ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਸਰਹੱਦੀ ਜ਼ਮੀਨ ਬਚਾਓ ਸੰਘਰਸ਼ ਕਮੇਟੀ ਵੱਲੋਂ ਕੀਤੇ ਸੰਘਰਸ਼ ਮਗਰੋਂ ਦੋਨਾ ਤੇਲੂ ਮੱਲ ਇਲਾਕੇ ਦੀ ਜਿਹੜੀ 1100 ਏਕੜ ਜ਼ਮੀਨ 'ਤੇ ਸਰਕਾਰ ਨੇ ਜੂਨ 2019 ਨੂੰ ਨਿਸ਼ਾਨਦੇਹੀ ਕਰਕੇ ਧਾਰਾ 145 ਲਾਈ ਸੀ ,ਉਸ ਜ਼ਮੀਨ ਤੋਂ ਸਰਕਾਰੀ ਮਿਲੀਭੁਗਤ ਨਾਲ ਹੁਣ ਭੂ-ਮਾਫੀਆ ਵੱਲੋਂ ਤਾਰਾਂ ਦੀ ਕੀਤੀ ਵਾੜ ਤੋੜ ਦਿੱਤੀ ਗਈ ਹੈ,ਜਦਕਿ ਇਸ ਸਬੰਧੀ ਰਸੀਵਰ ਲਾਏ ਗਏ ਨਾਇਬ ਤਹਿਸੀਲਦਾਰ ਅਤੇ ਥਾਣਾ ਮਮਦੋਟ ਦੇ ਥਾਣੇਦਾਰ ਚੁੱਪ ਵੱਟ ਕੇ ਬੈਠੇ ਹਨ। ਇਸ ਸਬੰਧੀ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦਾ ਇਕ ਵਫਦ ਵੀਰਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਹੁੰਚਿਆ ਅਤੇ ਏਡੀਸੀ ਫਿਰੋਜ਼ਪੁਰ ਨੂੰ ਇਕ ਮੰਗ ਪੱਤਰ ਦਿੱਤਾ। ਸੰਘਰਸ਼ ਕਮੇਟੀ ਆਗੂ ਗੁਰਦੀਪ ਸਿੰਘ ਨੇ ਦੱਸਿਆ ਕਿ ਬਾਰਡਰ 'ਤੇ ਵੱਸਦੇ ਗਰੀਬ ਕਿਸਾਨ ਦਾ ਹੱਕ ਮਾਰ ਕੇ ਭੂਮਾਫੀਆ ਨਾਲ ਸਬੰਧਤ ਲੋਕ ਇਥੋਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਕੇਂਦਰ ਸਰਕਾਰ ਦੀ ਮਾਲਕੀ ਵਾਲੀਆਂ ਇੰਨ੍ਹਾਂ ਜ਼ਮੀਨਾਂ ਵਿਚੋਂ ਕਈ ਜ਼ਮੀਨਾਂ ਅਜਿਹੀਆਂ ਹਨ ਜੋ ਸਥਾਨਕ ਲੋਕਾਂ ਨੇ ਟਿੱਬੇ ਵਾਹ ਕੇ ਅਤੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਪੱਧਰ ਅਤੇ ਵਾਹੀਯੋਗ ਕੀਤੀਆਂ ਸਨ। ਜਦੋਂ ਇਹ ਜ਼ਮੀਨਾਂ ਵਾਹੀਯੋਗ ਹੋ ਗਈਆਂ ਤਾਂ ਸਿਆਸੀ ਸ਼ਹਿ 'ਤੇ ਭੂ-ਮਾਫੀਆ ਇਸ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਏਡੀਸੀ ਨੂੰ ਦਿੱਤੇ ਮੰਗ ਪੱਤਰ ਵਿਚ ਸੰਘਰਸ਼ ਕਮੇਟੀ ਨੇ ਦੋਸ਼ ਲਾਇਆ ਕਿ 3 ਜੂਨ 2019 ਨੂੰ ਰਕਬਾ ਦੋਨਾ ਤੇਲੂ ਮੱਲ, ਗੰਦੂ ਕਿਲਚਾ ਉਤਾੜ, ਹਿਠਾੜ, ਗੱਟੀ ਮਹਿ ਟੁੱਕੜਾ ਦੀ ਨਿਸ਼ਾਨਦੇਹੀ ਕਰਕੇ ਸਰਕਾਰ ਵੱਲੋਂ ਮਿਤੀ 19 ਜੁਲਾਈ 2019 ਨੂੰ ਕਬਜ਼ਾ ਲੈ ਲਿਆ ਗਿਆ ਸੀ। ਜ਼ਮੀਨ ਬਚਾਓ ਸੰਘਰਸ਼ ਕਮੇਟੀ ਵੱਲੋਂ ਇਸ ਸਰਕਾਰੀ ਜ਼ਮੀਨ ਦੀ ਆਪਣੇ ਖਰਚੇ 'ਤੇ ਤਾਰ ਲਿਆ ਕੇ ਲਗਾ ਦਿੱਤੀ ਗਈ ਸੀ। ਭੂ ਮਾਫੀਆ ਸਰਕਾਰੀ ਜ਼ਮੀਨ ਹੜੱਪਣਾ ਚਾਹੁੰਦੇ ਹਨ। ਇਹ ਕਿ ਭੂ ਮਾਫੀਆ ਵੱਲੋਂ ਉਕਤ ਲਗਾਈ ਗਈ ਤਾਰ ਨੂੰ ਤੋੜ ਦਿੱਤਾ ਗਿਆ ਹੈ ਅਤੇ ਧਾਰਾ 145 ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਜ਼ਮੀਨ ਬਚਾਓ ਸੰਘਰਸ਼ ਕਮੇਟੀ ਅਤੇ ਬਾਰਡਰ ਸੰਘਰਸ਼ ਕਮੇਟੀ ਵੱਲੋਂ ਮੰਗ ਕੀਤੀ ਗਈ ਕਿ ਬੀਐੱਸਐੱਫ ਦੇ ਸੀਈਓ ਮਮਦੋਟ, 129 ਬਟਾਲੀਅਨ ਚੋਂਕੀ ਡੀਟੀ ਮੱਲ ਦੇ ਇੰਚਾਰਜ਼ ਸਮੇਤ ਪਟਵਾਰੀ ਹਲਕਾ , ਕਾਨੂੰਗੋ, ਕਮਿਸ਼ਨਰ ਫਿਰੋਜ਼ਪੁਰ ਰੇਂਜ ਫਿਰੋਜ਼ਪੁਰ, ਆਈਜੀ ਪੁਲਿਸ ਵਿਭਾਗ, ਉਪ ਮੰਡਲ ਮੈਜਿਸਟਰੇਟ, ਫਿਰੋਜ਼ਪੁਰ ਤੇ ਸਬੰਧਤ ਮਾਲ ਮਹਿਕਮਾ ਅਤੇ ਬੀਐੱਸਐੱਫ ਅਤੇ ਐੱਸਐੱਸਪੀ ਫਿਰੋਜ਼ਪੁਰ ਅਤੇ ਡੀਐੱਸਪੀ ਦਿਹਾਤੀ ਫਿਰੋਜ਼ਪੁਰ, ਰਸੀਵਰ ਐੱਸਐੱਚਓ ਮਮਦੋਟ ਅਤੇ ਨਾਇਬ ਤਹਿਸੀਲਦਾਰ ਮਮਦੋਟ ਨਾਲ ਇਸ ਸਬੰਧੀ ਮੀਟਿੰਗ ਤੁਰੰਤ ਕਰਵਾ ਕੇ ਭੂ ਮਾਫੀਆ ਨੂੰ ਰੋਕਿਆ ਜਾਵੇ। ਇਸ ਮੌਕੇ ਮੋਹਣ ਸਿੰਘ, ਅਨੋਖ ਸਿੰਘ, ਬਲਜਿੰਦਰ ਸਿੰਘ, ਹੰਸਾ ਸਿੰਘ, ਮੱਖ ਣ ਸਿੰਘ, ਗੁਲਜ਼ਾਰ ਸਿੰਘ, ਚੰਨਣ ਸਿੰਘ, ਛਿੰਦਾ ਸਿੰਘ, ਬਲਵੀਰ ਸਿੰਘ, ਜੱਜ ਸਿੰਘ ਆਦਿ ਵੀ ਹਾਜ਼ਰ ਸਨ।
........................................................................
ਜੁੰਮੇਵਾਰ ਅਧਿਕਾਰੀ ਨਹੀਂ ਨਿਭਾਉਂਦੇ ਬਣਦੀ ਡਿਊਟੀ
--ਗੁਰਦੀਪ ਸਿੰਘ ਨੇ ਦੋਸ਼ ਲਗਾਇਆ ਕਿ ਧਾਰਾ 145 ਵਾਲੀ 1100 ਏਕੜ ਜ਼ਮੀਨ 'ਤੇ ਸਰਕਾਰ ਵੱਲੋਂ ਇਸ ਵਿਚ ਨਾਇਬ ਤਹਿਸੀਲਦਾਰ ਮਮਦੋਟ ਤੇ ਐੱਸਐੱਚਓ ਮਮਦੋਟ ਰਸੀਵਰ ਨਿਯੁੱਕਤ ਕੀਤੇ ਗਏ ਸੀ, ਪਰ ਅਫਸੋਸ ਉਕਤ ਅਧਿਕਾਰੀ ਅੱਜ ਸਰਕਾਰੀ ਜ਼ਮੀਨ ਦੀ ਕੋਈ ਵੀ ਰਖਵਾਲੀ ਨਹੀਂ ਕਰ ਰਹੇ ਹਨ। ਇਥੋਂ ਤੱਕ ਸਰਹੱਦੀ ਸੁਰੱਖਿਆ ਬਲ ਦੇ ਅਧਿਕਾਰੀ ਵੀ ਇੰਨ੍ਹਾਂ ਲੋਕਾਂ 'ਤੇ ਕੋਈ ਵੀ ਰੋਕ ਨਹੀਂ ਲਗਾ ਰਹੇ ਹਨ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ 18 ਨਵੰਬਰ 2019 ਤੱਕ ਭੂ ਮਾਫੀਆ 'ਤੇ ਰੋਕ ਨਾ ਲਗਾਈ ਗਈ ਤਾਂ ਰੋਸ ਪ੍ਰਦਰਸ਼ਨ ਵਜੋਂ ਡੀਸੀ ਦਫਤਰ ਦੇ ਗੇਟ ਅੱਗੇ ਪੱਕੇ ਤੌਰ 'ਤੇ ਅਣਮਿੱਥੇ ਸਮੇਂ ਲਈ ਸੰਘਰਸ਼ ਕੀਤਾ ਜਾਵੇਗਾ । ਇਸ ਸੰਘਰਸ਼ ਵਿਚ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਦਾ ਸਹਿਯੋਗ ਵੀ ਲਿਆ ਜਾਵੇਗਾ।
.......................................................................
ਇਸ ਜ਼ਮੀਨ ਨੂੰ ਲੈ ਕੇ ਪਹਿਲੋਂ ਵੀ ਹੋ ਚੁੱਕੇ ਹਨ ਖੂਨੀ ਸੰਘਰਸ਼
--ਕੌਮਾਂਤਰੀ ਸਰਹੱਦ ਦੇ ਨਾਲ ਨਾਲ ਸਥਿੱਤ ਇਹ ਸਰਕਾਰੀ ਜ਼ਮੀਨ ਬੀਤੇ ਲੰਮੇਂ ਸਮੇਂ ਤੋਂ ਭੂ-ਮਾਫੀਆ ਦੀਆਂ ਨਜ਼ਰਾਂ'ਚ ਚੜੀ ਹੋਈ ਹੈ। ਇਸ ਨੂੰ ਲੈ ਕੇ ਸਰਹੱਦੀ ਪਿੰਡਾਂ ਦੇ ਸਥਾਨਕ ਵਸਨੀਕਾਂ ਅਤੇ ਬਾਹਰੋਂ ਆਏ ਡਾਢ੍ਹਿਆਂ ਵਿਚਾਲੇ ਕਈ ਵਾਰੀ ਖੂਨੀ ਸੰਘਰਸ਼ ਵੀ ਹੋ ਚੁੱਕੇ ਹਨ, ਜਿਸ ਵਿਚ ਸਥਾਨਕ ਲੋਕ ਅਤੇ ਪੁਲਿਸ ਮੁਲਾਜ਼ਮ ਗੰਭੀਰ ਜਖ਼ਮੀਂ ਹੋ ਚੁੱਕੇ ਹਨ ਅਤੇ ਭੂ-ਮਾਫੀਆ ਦੀ ਮਸ਼ਨੀਰੀ ਦੀ ਸਾੜ ਫੂਕ ਵੀ ਕੀਤੀ ਜਾ ਚੁੱਕੀ ਹੈ। ਇਸੇ ਦੇ ਚੱਲਦਿਆਂ ਪ੍ਰਸ਼ਾਸਨ ਨੂੰ ਕਈ ਥਾਈਂ ਅਜਿਹੀ ਜ਼ਮੀਨ 'ਤੇ 145 ਵੀ ਲਾਉਣੀ ਪਈ ਹੈ।
ਓਧਰ ਅਸ਼ੋਕ ਕੁਮਾਰ ਡੀ ਸੀ ਜੀ (ਬੀ ਐੱਸ ਐੱਫ) ਨੇ ਫੋਨ 'ਤੇ ਦੱਸਿਆ ਕਿਹਾ ਜੋ ਵੀ ਦੋਸ਼ ਲਗਾਏ ਜਾ ਰਹੇ ਹਨ ਸਰਾਸਰ ਝੂਠ ਹਨ ਅਤੇ ਅਜਿਹਾ ਕੁਝ ਵੀ ਨਹੀਂ। ਬੀ ਐੱਸ ਐੱਫ ਵਲੋਂ ਕਿਸੇ ਪ੍ਰਕਾਰ ਦੀ ਵੀ ਕੁਤਾਹੀ ਨਹੀਂ ਵਰਤੀ ਜਾਵੇਗੀ।