ਸਖਤ ਕਾਨੂੰਨ ਦੇ ਬਾਵਜੂਦ ਵਧ ਰਹੀ ਹੈ ਤੇਜ਼ ਰਫਤਾਰ ਵਾਹਨਾਂ ਦੀ ਗਿਣਤੀ ਬੀ.ਸੀ. ਕੈਨੇਡਾ 'ਚ
ਹਰਦਮ ਮਾਨ
ਸਰੀ, 16 ਨਵੰਬਰ- ਬ੍ਰਿਟਿਸ਼ ਕੋਲੰਬੀਆ ਵਿੱਚ ਨਿਸ਼ਚਤ ਕੀਤੀ ਰਫਤਾਰ ਤੋਂ ਜ਼ਿਆਦਾ ਰਫਤਾਰ ਨਾਲ ਵਾਹਨ ਚਲਾਉਣ ਸਬੰਧੀ ਸਖ਼ਤ ਨਿਯਮ ਅਤੇ ਜੁਰਮਾਨੇ ਹੋਣ ਦੇ ਬਾਵਜੂਦ ਤੇਜ਼ ਰਫਤਾਰ ਡਰਾਈਵਿੰਗ ਕਰਨ ਵਾਲਿਆਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ।
ਬੀ.ਸੀ. ਸਾਲਿਸਿਟਰ ਜਨਰਲ ਮਾਈਕ ਫਰਨਵਰਥ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 2017 ਵਿੱਚ ਲਾਗੂ ਕੀਤੇ ਨਵੇਂ ਸਖ਼ਤ ਕਾਨੂੰਨ ਅਨੁਸਾਰ ਜੇਕਰ ਕੋਈ ਡਰਾਈਵਰ ਤੇਜ਼ ਰਫਤਾਰ ਵਾਹਨ ਚਲਾਉਂਦਾ ਹੋਇਆ ਪਹਿਲੀ ਵਾਰ ਫੜਿਆ ਜਾਂਦਾ ਹੈ ਤਾਂ ਉਸ ਦਾ ਵਾਹਨ 7 ਦਿਨਾਂ ਲਈ ਕਬਜ਼ੇ ਵਿਚ ਕਰ ਲਿਆ ਜਾਂਦਾ ਹੈ, ਦੂਜੀ ਵਾਰ ਅਜਿਹੀ ਗਲਤੀ ਕਰਨ ਵਾਲੇ ਨੂੰ 30 ਦਿਨ ਉਸ ਦਾ ਵਾਹਨ ਨਹੀਂ ਮਿਲਦਾ ਅਤੇ ਤੀਜੀ ਵਾਰ ਅਜਿਹਾ ਕਰਨ ਵਾਲੇ ਨੂੰ 60 ਦਿਨ ਲਈ ਆਪਣੇ ਵਾਹਨ ਤੋਂ ਹੱਥ ਧੋਣੇ ਪੈਂਦੇ ਹਨ । ਇਸ ਤੋਂ ਇਲਾਵਾ ਵਾਹਨ ਸਟੋਰ ਕਰਨ ਦਾ ਖਰਚਾ ਵੀ ਅਦਾ ਕਰਨਾ ਪੈਂਦਾ ਹੈ, ਜੋ ਕ੍ਰਮਵਾਰ 200 ਡਾਲਰ, 700 ਡਾਲਰ ਅਤੇ 1600ਡਾਲਰ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਫੇਰ ਵੀ ਕੁਝ ਲੋਕ ਨਿਸ਼ਚਤ ਸਪੀਡ ਦੀ ਪ੍ਰਵਾਹ ਨਹੀਂ ਕਰਦੇ ਅਤੇ ਲਿਮਟ ਤੋਂ 40 ਕਿਲੋਮੀਟਰ ਵੱਧ ਰਫਤਾਰ ਤੱਕ ਵੀ ਗੱਡੀਆਂ ਚਲਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਾਲ 2016 ਵਿਚ ਅਜਿਹੇ 8,422 ਕੇਸ ਸਾਹਮਣੇ ਆਏ, 2017 ਵਿਚ 7,184, 2018 ਵਿਚ 7,648 ਅਤੇ 2019 (31 ਅਕਤੂਬਰ ਤੱਕ) ਵਿਚ 7,261 ਡਰਾਈਵਰਾਂ ਨੂੰ ਵੱਧ ਰਫਤਾਰ ਤਹਿਤ ਫੜਿਆ ਗਿਆ ਹੈ।
ਫਰਨਵਰਥ ਨੇ ਇਹ ਇਸ਼ਾਰਾ ਵੀ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਅਜਿਹਾ ਕਾਨੂੰਨ ਵੀ ਬਣਾਇਆ ਜਾ ਸਕਦਾ ਹੈ ਜਿਸ ਤਹਿਤ ਜੁਰਮਾਨਾ ਵੀ ਵਧ ਸਕਦਾ ਹੈ ਅਤੇ ਬਹੁਤ ਜ਼ਿਆਦਾ ਸਪੀਡ ਵਾਲਿਆਂ ਦੀਆਂ ਕਾਰਾਂ ਨੂੰ ਪੱਕੇ ਤੌਰ ਤੇ ਜ਼ਬਤ ਕੀਤਾ ਜਾ ਸਕਦਾ ਹੈ।