ਗੁਰਨਾਮ ਸਿੱਧੂ
ਫਿਰੋਜ਼ਪੁਰ 17 ਨਵੰਬਰ 2019 : ਫਿਰੋਜ਼ਪੁਰ ਬਾਰਡਰ ਰੋਡ 'ਤੇ ਸਥਿਤ ਐੱਮਐੱਮ ਰਾਈਸ ਮਿੱਲ ਕੋਲ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ, ਜਦੋਂਕਿ ਇਕ ਵਿਅਕਤੀ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਸਬੰਧ ਵਿਚ ਪੁਲਿਸ ਥਾਣਾ ਸਿਟੀ ਫਿਰੋਜ਼ਪੁਰ ਦੇ ਵਲੋਂ ਅਣਪਛਾਤੇ ਵਾਹਨ ਚਾਲਕ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਿਸ ਥਾਣਾ ਸਿਟੀ ਫਿਰੋਜ਼ਪੁਰ ਨੂੰ ਦਿੱਤੇ ਬਿਆਨਾਂ ਵਿਚ ਸਾਜਨ ਪੁੱਤਰ ਬੋਹੜ ਵਾਸੀ ਪਿੰਡ ਕੁੰਡੇ ਨੇ ਦੋਸ਼ ਲਗਾਇਆ ਕਿ ਉਸ ਦਾ ਪਿਤਾ ਅਤੇ ਸਜਵਾਰ ਸਿੰਘ ਜੋ ਬੀਤੇ ਦਿਨ ਸਮਾਨ ਖ਼ਰੀਦਣ ਲਈ ਮੋਟਰਸਾਈਕਲ 'ਤੇ ਪਿੰਡੋਂ ਸ਼ਹਿਰ ਫਿਰੋਜ਼ਪੁਰ ਆਏ ਸੀ ਅਤੇ ਉਹ ਸਮਾਨ ਖ਼ਰੀਦ ਕੇ ਬੀਤੀ ਦੁਪਹਿਰ ਵਾਪਸ ਪਿੰਡ ਆਪਣੇ ਮੋਟਰਸਾਈਕਲ 'ਤੇ ਜਾ ਰਹੇ ਸੀ। ਸਾਜਨ ਮੁਤਾਬਿਕ ਜਦੋਂ ਉਸ ਦਾ ਪਿਤਾ ਅਤੇ ਸਜਵਾਰ ਸਿੰਘ ਐੱਮਐੱਮ ਰਾਈਸ ਮਿੱਲ ਫਿਰੋਜ਼ਪੁਰ ਬਾਰਡਰ ਰੋਡ ਕੋਲ ਪਹੁੰਚੇ ਤਾਂ, ਇਸੇ ਦੌਰਾਨ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮੁੱਦਈ ਦਾ ਪਿਤਾ ਅਤੇ ਸਜਵਾਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਮੁੱਦਈ ਦੇ ਪਿਤਾ ਦੀ ਮੌਤ ਹੋ ਗਈ, ਜਦਕਿ ਸਜਵਾਰ ਸਿੰਘ ਜੇਰੇ ਇਲਾਜ ਹੈ। ਇਯ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਜੰਗੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸਾਜਨ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਦੇ ਵਿਰੁੱਧ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।