ਗੁਰਨਾਮ ਸਿੱਧੂ
ਮਮਦੋਟ, 17 ਨਵੰਬਰ 2019 - ਮਮਦੋਟ ਦੇ ਪਿੰਡ ਹਾਮਦ 'ਚ ਫਿਰੋਜ਼ਪੁਰ ਤੋਂ ਡਿਊਟੀ ਕਰਕੇ ਪਿੰਡ ਬੋਦਲਾਂ ਵਿਖੇ ਪਰਤ ਰਹੇ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ 'ਚ ਮੌਤ ਹੋਣ ਦੀ ਖਬਰ ਮਿਲ ਰਹੀ ਹੈ। ਦੱਸਿਆ ਜਾ ਰਿਹਾ ਹੈ ਜਿਸ ਸਮੇਂ ਇਹ ਹਾਦਸਾ ਹੋਇਆ ਮੁਲਾਜ਼ਮ ਵਰਦੀ 'ਚ ਸੀ। ਮ੍ਰਿਤਕ ਮੁਲਾਜ਼ਮ ਦੀ ਪਹਿਚਾਣ ਹਰਦੀਪ ਸਿੰਘ ਵਜੋਂ ਹੋਈ ਹੈ ਅਤੇ ਉਹ ਫਿਰੋਜ਼ਪੁਰ 'ਚ ਟ੍ਰੈਫਿਕ ਪੁਲਿਸ ਵਿੱਚ ਤੈਨਾਤ ਸੀ।
ਮਿਲੀ ਜਾਣਕਾਰੀ ਅਨੁਸਾਰ ਜਦੋਂ ਮ੍ਰਿਤਕ ਮੁਲਾਜ਼ਮ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਅਤੇ ਜਿਵੇਂ ਹੀ ਆਪਣੇ ਪਿੰਡ ਬੋਦਲਾਂ ਲਈ ਹਾਮਦ ਦੇ ਲਾਗੇ ਆਇਆ ਤਾਂ ਪਿੱਛੋਂ ਆ ਰਹੀ ਇੱਕ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਉੱਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਵੀ ਮੌਕੇ ਤੇ ਪੁੱਜ ਗਈ ਸੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।