ਨਿਰਵੈਰ ਸਿੰਘ ਸਿੰਧੀ
ਮਮਦੋਟ, 17 ਨਵੰਬਰ 2019 - ਸਬ ਡਵੀਜਨ ਮਮਦੋਟ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਅਤੇ ਸਥਾਨਕ ਕਸਬੇ ਵਿੱਚ ਖੁੱਲੇ ਮੀਟਰ ਬਕਸਿਆਂ ਅਤੇ ਨੰਗੇ ਜੋੜਾਂ ਕਾਰਨ ਲੱਖਾਂ ਰੁਪਏ ਦੀ ਬਿਜਲੀ ਚੋਰੀ ਹੋਣ ਦਾ ਖਦਸ਼ਾ ਹੈ ਪਰ ਵਿਭਾਗੀ ਅਧਿਕਾਰੀ ਦਫਤਰਾਂ ਵਿੱਚ ਬੈਠ ਕਿ ਆਪਣੀ ਡਿਊਟੀ ਨਿਭਾ ਘਰਾਂ ਨੁੰ ਚਲੇ ਜਾਂਦੇ ਹਨ । ਜਾਣਕਾਰੀ ਅਨੁਸਾਰ ਪਿਛਲੇ ਕਰੀਬ ਇੱਕ ਸਾਲ ਤੋਂ ਕਸਬਾ ਮਮਦੋਟ ਦੇ ਮੇਨ ਬਜਾਰ ਅਤੇ ਨਾਲ ਲੱਗਦੇ ਬਾਰਡਰ ਪੱਟੀ ਦੇ ਬਹੁਤੇ ਪਿੰਡਾਂ ਵਿੱਚ ਮੀਟਰ ਬਕਸੇ ਖੁੱਲੇ ਪਏ ਹਨ।
ਪਿੰਡਾਂ ਅੰਦਰ ਕਈ ਥਾਵਾਂ ਤੇ ਮੀਟਰ ਬਕਸਿਆਂ ਤੋਂ ਬਾਹਰ ਤਾਰਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਨਾਲ ਖੁੱਲੇ ਛੱਡੇ ਗਏ ਹਨ ਜਿਸ ਕਾਰਨ ਬਿਜਲੀ ਚੋਰੀ ਕਰਨ ਵਾਲੇ ਲੋਕਾਂ ਨੂੰ ਮੌਜਾਂ ਬਣੀਆਂ ਹੋਈਆਂ ਹਨ ਪਰ ਇਸ ਵੱਲ ਕਿਸੇ ਵੀ ਅਧਿਕਾਰੀ ਦਾ ਧਿਆਨ ਨਹੀਂ ਹੈ ਜਿਸ ਕਾਰਨ ਪਾਵਰਕਾਮ ਨੂੰ ਰੋਜਾਨਾਂ ਵੱਡੀ ਪੱਧਰ ਤੇ ਬਿਜਲੀ ਚੋਰੀ ਹੋਣ ਕਾਰਨ ਲੱਖਾਂ ਰੁਪਏ ਦਾ ਚੂਨਾਂ ਲੱਗ ਰਿਹਾ ਹੈ।
ਬਹੁਤ ਸਾਰੇ ਪਿੰਡਾਂ ਵਿੱਚ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਕੁਝ ਅਧਿਕਾਰੀ ਕਥਿਤ ਤੌਰ ਤੇ ਬਿਜਲੀ ਚੋਰੀ ਕਰਵਾਉਣ ਬਦਲੇ ਬਿਜਲੀ ਚੋਰਾਂ ਤੋਂ ਹਜਾਰਾਂ ਰੁਪਏ ਮਹੀਨਾਂ ਲੈ ਰਹੇ ਹਨ ਜਿਸ ਕਾਰਨ ਸਰ੍ਹੇਆਮ ਬਿਜਲੀ ਚੋਰੀ ਹੋ ਰਹੀ ਹੈ ਜਦਕਿ ਇਮਾਨਦਾਰੀ ਨਾਲ ਬਿਜਲੀ ਵਰਤਣ ਵਾਲੇ ਲੋਕਾਂ ਤੇ ਸ਼ਿਕੰਜਾ ਕੱਸਿਆ ਜਾਂਦਾ ਹੈ।
ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਿਜਲੀ ਵਿਭਾਗ ਦੇ ਚੈਅਰਮੈਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਬਿਜਲੀ ਚੋਰੀ ਕਰਵਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਕਿਸੇ ਉੱਚ ਅਧਿਕਾਰੀ ਤੋਂ ਤੁਰੰਤ ਸਬ ਡਵੀਜਨ ਅਧੀਨ ਪੈਂਦੇ ਪਿੰਡਾਂ ਅਤੇ ਸਥਾਨਕ ਕਸਬੇ ਦੀ ਚੈਕਿੰਗ ਕਰਵਾਈ ਜਾਵੇ ਤਾਂ ਕਿ ਖੁੱਲੇ ਮੀਟਰ ਬਕਸਿਆਂ ਤੋਂ ਕਰਵਾਈ ਜਾ ਰਹੀ ਬਿਜਲੀ ਚੋਰੀ ਨੂੰ ਰੋਕਿਆ ਜਾ ਸਕੇ । ਜਦੋਂ ਇਸ ਸਬੰਧੀ ਐਸ.ਡੀ.ਓ ਮਮਦੋਟ ਵਨੀਤ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਉਹ ਜੁਆਬ ਨਹੀਂ ਦੇ ਸਕਦਾ । ਜਦੋਂ ਇਸ ਸਬੰਧੀ ਐਕਸੀਅਨ ਮਨਜੀਤ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ ਵਾਰ ਮੋਬਾਈਲ ਤੇ ਸੰਪਰਕ ਕਰਨ ਤੇ ਉਹਨਾਂ ਆਪਣਾ ਫੋਨ ਨਹੀਂ ਚੁੱਕਿਆ।