ਸਰਬੱਤ ਸਿਹਤ ਬੀਮਾ ਯੋਜਨਾ ਦਾ ਘੇਰਾ ਹੋਰ ਵਧਾਇਆ 5 ਹੋਰ ਵਰਗ ਸ਼ਾਮਲ
ਜੀ ਐਸ ਪੰਨੂ
ਪਟਿਆਲਾ, 19 ਨਵੰਬਰ 2019 : ਪੰਜਾਬ ਸਰਕਾਰ ਦੀ ਫ਼ਲੈਗ਼ਸ਼ਿਪ ਸਕੀਮ ਸਰਬੱਤ ਸਿਹਤ ਬੀਮਾ ਯੋਜਨਾ ਸਰਕਾਰੀ ਅਤੇ ਸਰਕਾਰ ਦੇ ਇੰਪੈਨਲਡ ਹਸਪਤਾਲਾਂ ਵਿੱਚ ਲੋੜਵੰਦ ਲੋਕਾਂ ਦੇ ਇਲਾਜ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ । ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 5475 ਮਰੀਜ਼ਾਂ ਦੇ ਇਲਾਜ ਦੌਰਾਨ 53 ਮਰੀਜ਼ਾਂ ਦੇ ਦਿਲ ਦੇ ਓਪਰੇਸ਼ਨ ਕੀਤੇ ਗਏ ਅਤੇ 24 ਜਣਿਆਂ ਨੇ ਗੋਡੇ ਬਦਲਵਾਏ। ਇਸ ਤਰ੍ਹਾਂ 2.49 ਕਰੋੜ ਰੁਪਏ ਦਾ ਲਾਭ ਜ਼ਿਲ੍ਹੇ ਦੇ ਲਾਭਪਾਤਰੀ ਮਰੀਜ਼ਾਂ ਨੂੰ ਹੁਣ ਤੱਕ ਉਪਲਬਧ ਕਰਵਾਇਆ ਗਿਆ ਹੈ ਸੋ ਇਸ ਤਰਾਂ ਹੁਣ ਤੱਕ ਸਰਬੱਤ ਸਿਹਤ ਬੀਮਾ ਯੋਜਨਾ ਦੇ ਇਲਾਜ ਤਹਿਤ ਪਟਿਆਲਾ ਜ਼ਿਲ੍ਹਾ ਪੰਜਾਬ ਭਰ 'ਚੋਂ ਮੋਹਰੀ ਜ਼ਿਲ੍ਹਾ ਬਣ ਗਿਆ ਹੈ।
ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿੱਤ ਨੇ ਦੱਸਿਆ ਕਿ ਲਾਭਪਾਤਰੀ ਈ ਕਾਰਡ ਹਾਸਲ ਕਰਨ ਉਪਰੰਤ ਹੀ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਦਾ ਹੱਕਦਾਰ ਹੋਵੇਗਾ ਅਤੇ ਇਸ ਪ੍ਰਤੀ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਜਾਗਰੂਕਤਾ ਲਈ ਕੈਂਪ ਵੀ ਲਗਾਏ ਜਾ ਰਹੇ ਹਨ ਤਾਂ ਕਿ ਲੋਕ ਕਾਮਨ ਸੇਵਾ ਕੇਂਦਰਾਂ ਅਤੇ ਹਸਪਤਾਲਾਂ ਵਿੱਚ ਜਾ ਕੇ ਆਪਣੇ ਈ ਕਾਰਡ ਬਣਵਾ ਸਕਣ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਸਿਹਤ ਬੀਮਾ ਯੋਜਨਾਂ ਦਾ ਲਾਭ ਹਾਸਲ ਕਰ ਸਕਣ।
ਡਿਪਟੀ ਕਮਿਸ਼ਨਰ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਫਲੈਗਸ਼ਿਪ ਸਕੀਮ ਦੀ ਸ਼ੁਰੂਆਤ 20 ਅਗਸਤ 2019 ਨੂੰ ਕੀਤੀ ਸੀ। ਕੇਂਦਰ ਸਰਕਾਰ ਨੇ ਐੱਸ.ਈ.ਸੀ.ਸੀ. ਜਨਗਣਨਾ 2011 ਦੇ ਅੰਕੜਿਆਂ ਦੇ ਅਧਾਰ 'ਤੇ ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਸੀ ਜਦੋਂਕਿ ਮੁੱਖ ਮੰਤਰੀ ਨੇ ਇਸ ਭਲਾਈ ਸਕੀਮ ਦੇ ਲਾਭ ਦਾ ਘੇਰਾ ਵਧਾਉਂਦਿਆਂ 5 ਹੋਰ ਵਰਗਾਂ ਨੂੰ ਸ਼ਾਮਲ ਕਰਨ ਦੀ ਪ੍ਰਵਾਨਗੀ ਦਿੱਤੀ, ਜਿਨ੍ਹਾਂ 'ਚ ਸਮਾਰਟ ਰਾਸ਼ਨ ਕਾਰਡ ਧਾਰਕ, ਛੋਟੇ ਵਪਾਰੀ, ਜੇ ਫਾਰਮ ਧਾਰਕ ਕਿਸਾਨ, ਛੋਟੇ ਤੇ ਸੀਮਾਂਤ ਕਿਸਾਨ ਅਤੇ ਐਕਰੀਡੀਏਟਡ ਅਤੇ ਪੀਲਾ ਕਾਰਡ ਧਾਰਕ ਪੱਤਰਕਾਰ ਵੀ ਸ਼ਾਮਲ ਹਨ।