ਪੰਜਾਬੀਆਂ ਦਾ ਮਾਣ-
ਟੀਮ ਕੈਨੇਡਾ ਲਈ ਚੁਣ ਗਈ ਸਰੀ ਦੀ ਗੌਲਫ ਖਿਡਾਰਣ ਐਂਜੇਲਾ ਅਰੋੜਾ
ਹਰਦਮ ਮਾਨ
ਸਰੀ, 19 ਨਵੰਬਰ , 2019 :
ਗੋਲਫ ਕੈਨੇਡਾ ਨੇ ਅੱਜ ਓਕਵਿਲ, ਓਨਟਾਰੀਓ ਵਿੱਚ 18 ਅਥਲੀਟਾਂ (ਪੁਰਸ਼ ਅਤੇ ਔਰਤਾਂ) ਦੇ ਨਾਵਾਂ ਦਾ ਐਲਾਨ ਕੀਤਾ ਜੋ ਅਗਲੇ ਸਾਲ 2020 ਵਿਚ ਰਾਸ਼ਟਰੀ ਅਮੇਚਿਓਰ ਅਤੇ ਜੂਨੀਅਰ ਸਕੁਐਡਜ਼ ਲਈ ਟੀਮ ਕੈਨੇਡਾ ਦੀ ਨੁਮਾਇੰਦਗੀ ਕਰਨਗੇ। ਪੰਜਾਬੀ ਭਾਈਚਾਰੇ ਲਈ ਇਹ ਬਹੱਦ ਮਾਣ ਵਾਲੀ ਗੱਲ ਹੈ ਕਿ ਜੂਨੀਅਰ ਗਰਲਜ਼ ਸਕੁਐਡ ਲਈ ਜੋ ਚਾਰ ਖਿਡਾਰੀ ਚੁਣੇ ਗਏ ਹਨ, ਉਨ੍ਹਾਂ ਵਿਚ ਸਰੀ ਸ਼ਹਿਰ ਦੀ ਗੌਲਫ ਖਿਡਾਰਣ ਐਂਜੇਲਾ ਅਰੋੜਾ ਨੂੰ ਇਹ ਮਾਣ ਹਾਸਲ ਹੋਇਆ ਹੈ।
ਗੌਲਫ ਕਨੇਡਾ ਅਨੁਸਾਰ, ਐਂਜੇਲਾ ਅਰੋੜਾ ਨੇ ਜੂਨੀਅਰ ਲੜਕੀਆਂ ਦੇ ਸਕੁਐਡ ਵਿੱਚ ਆਪਣੀ ਸ਼ੁਰੂਆਤ ਹਾਲ ਹੀ ਵਿੱਚ ਵਰਲਡ ਜੂਨੀਅਰ (ਗਰਲਜ਼) ਦੀ ਹੋਈ ਚੈਂਪੀਅਨਸ਼ਿਪ ਵਿੱਚ ਕੈਨੇਡਾ ਦੀ ਨੁਮਾਇੰਦਗੀ ਕਰਨ ਤੋਂ ਬਾਅਦ ਕੀਤੀ ਸੀ। ਇਸ ਚੈਂਪੀਅਨਸ਼ਿਪ ਵਿਚ ਉਸਨੇ ਟੀ -20 ਖਤਮ ਕੀਤੀ ਸੀ ਅਤੇ ਅਕੂਰਾ ਓਨਟਾਰੀਓ ਚੈਂਪੀਅਨਸ਼ਿਪ ਵੱਲੋਂ 2019 ਵਿਚ ਕਰਵਾਈ ਗਈ ਕੈਨੇਡੀਅਨ ਜੂਨੀਅਰ ਚੈਂਪੀਅਨਸ਼ਿਪ ਅਤੇ ਬੀ.ਸੀ. ਮਹਿਲਾ ਚੈਂਪੀਅਨਸ਼ਿਪ ਵਿਚ ਉਸ ਨੇ ਚੋਟੀ ਦੇ -15 ਫਾਈਨਲ ਜਿੱਤੇ ਸਨ।