ਦੇਸ਼ ਦਾ ਪਹਿਲਾ 3-ਡੀ ਸਮਾਰਟ ਟ੍ਰੈਫ਼ਿਕ ਸਿਗਨਲ ਪਾਇਲਟ ਪ੍ਰਾਜੈਕਟ ਸਫ਼ਲ, ਮੋਹਾਲੀ ਪ੍ਰਸ਼ਾਸਨ ਚਾਰ ਹੋਰ ਜੰਕਸ਼ਨਾਂ ’ਤੇ ਲਾਏਗਾ ਸਮਾਰਟ ਟ੍ਰੈਫ਼ਿਕ ਲਾਈਟਾਂ
ਮਹੀਨਾਵਾਰ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਨਗਰ ਨਿਗਮ ਅਧਿਕਾਰੀਆਂ ਨੂੰ ਸਮਾਰਟ ਟ੍ਰੈਫ਼ਿਕ ਲਾਈਟਾਂ ਦਾ ਟੈਂਡਰ ਕੱਢਣ ਦੀ ਕੀਤੀ ਹਦਾਇਤ
ਫ਼ੇਜ਼ 8-ਬੀ ਜੰਕਸ਼ਨ ’ਤੇ ਲੱਗੀਆਂ ਸਮਾਰਟ ਲਾਈਟਾਂ ਰਾਹੀਂ ਤਿੰਨ ਮਹੀਨੇ ’ਚ ਵਾਹਨਾਂ ਦਾ ਕਰੀਬ 11 ਲੱਖ ਰੁਪਏ ਮੁੱਲ ਦਾ 15,528 ਲੀਟਰ ਤੇਲ ਬਚਾਇਆ
ਵਾਹਨਾਂ ਦਾ ਲਾਈਟਾਂ ’ਤੇ ਖੜਨ ਦਾ ਸਮਾਂ 720 ਘੰਟੇ ਘਟਿਆ
ਆਸ਼ਿਕਾ ਜੈਨ ਨੇ ਵੱਖ-ਵੱਖ ਵਿਭਾਗਾਂ ਦੀਆਂ ਸਕੀਮਾਂ ਦੀ ਕੀਤੀਆਂ ਸਮੀਖਿਆ
ਐਸ.ਏ.ਐਸ. ਨਗਰ, 19 ਨਵੰਬਰ, 2019
ਮੋਹਾਲੀ ਸ਼ਹਿਰ ਦੇ ਫ਼ੇਜ਼ 8-ਬੀ ਜੰਕਸ਼ਨ ’ਤੇ ਲਾਈਆਂ ਸਮਾਰਟ ਟ੍ਰੈਫ਼ਿਕ ਸਿਗਨਲ ਲਾਈਟਾਂ ਦਾ ਪਾਇਲਟ ਪ੍ਰਾਜੈਕਟ ਸਫ਼ਲ ਹੋਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਨਗਰ ਨਿਗਮ ਨੂੰ ਚਾਰ ਹੋਰ ਜੰਕਸ਼ਨਾਂ ’ਤੇ ਇਹ ਸਮਾਰਟ ਲਾਈਟਾਂ ਲਾਉਣ ਲਈ ਟੈਂਡਰ ਮੰਗਣ ਦੀ ਹਦਾਇਤ ਕੀਤੀ ਹੈ।
ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮਹੀਨਵਾਰ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਅਗਸਤ ਮਹੀਨੇ ਦੀ ਸ਼ੁਰੂਆਤ ਵਿੱਚ ਫ਼ੇਜ਼ 8-ਬੀ ਕੁਆਰਕ ਸਿਟੀ ਜੰਕਸ਼ਨ ’ਤੇ ਪਾਇਲਟ ਪ੍ਰਾਜੈਕਟ ਤਹਿਤ ਦੇਸ਼ ਦਾ ਪਹਿਲਾ 3-ਡੀ ਸਮਾਰਟ ਟਰੈਫ਼ਿਕ ਸਿਗਨਲ ਸਿਸਟਮ ਲਾਇਆ ਗਿਆ ਸੀ। ਉਨਾਂ ਦੱਸਿਆ ਕਿ ਪੂਰਨ ਤੌਰ ’ਤੇ ਕੰਪਿਊਟਰੀਿਤ ਇਨਾਂ ਲਾਈਟਾਂ ਰਾਹੀਂ ਕਰੀਬ ਸਾਢੇ ਤਿੰਨ ਮਹੀਨਿਆਂ ਦੇ ਸਮੇਂ ਦੌਰਾਨ ਵਾਹਨਾਂ ਦਾ 10 ਲੱਖ 80 ਹਜ਼ਾਰ ਤੋਂ ਵੱਧ ਦਾ 15 ਹਜ਼ਾਰ 528 ਲੀਟਰ ਤੇਲ ਬਚਾਇਆ ਗਿਆ ਹੈ। ਇਸੇ ਤਰਾਂ ਵਾਹਨਾਂ ਦਾ ਲਾਈਟਾਂ ’ਤੇ ਖੜਨ ਦਾ ਸਮਾਂ ਵੀ 720 ਘੰਟੇ ਘਟਿਆ ਹੈ। ਉਨਾਂ ਦੱਸਿਆ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨਾਂ ਸਾਢੇ ਤਿੰਨ ਮਹੀਨਿਆਂ ਦੌਰਾਨ ਬਲੈਕ ਸਪਾਟ (ਹਾਦਸਿਆਂ ਲਈ ਬਦਨਾਮ) ਵਜੋਂ ਜਾਣੀਆਂ ਜਾਂਦੀਆਂ ਇਨਾਂ ਲਾਈਟਾਂ ’ਤੇ ਕੋਈ ਵੀ ਹਾਦਸਾ ਨਹੀਂ ਵਾਪਰਿਆ। ਸ਼੍ਰੀਮਤੀ ਜੈਨ ਨੇ ਸੜਕ ਸੁਰੱਖਿਆ ਦੀ ਮੀਟਿੰਗ ਦੌਰਾਨ ਨਗਰ ਨਿਗਮ ਦੇ ਸੁਪਰਿੰਟੈਂਡਿੰਗ ਇੰਜੀਨੀਅਰ ਸ਼੍ਰੀ ਅਸ਼ਵਨੀ ਚੌਧਰੀ ਨੂੰ ਹਦਾਇਤ ਕੀਤੀ ਕਿ ਇਸ ਪ੍ਰਾਜੈਕਟ ਨੂੰ ਅੱਗੇ ਵਧਾਉਂਦਿਆਂ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਸਰ) ਸੈਕਟਰ-81 ਤੋਂ ਲੈ ਕੇ ਸੈਕਟਰ-68/69 ਦੀਆਂ ਲਾਈਟਾਂ ਤੱਕ ਚਾਰ ਜੰਕਸ਼ਨਾਂ ’ਤੇ ਇਹ ਸਮਾਰਟ ਲਾਈਟਾਂ ਲਾਉਣ ਲਈ ਟੈਂਡਰ ਮੰਗਿਆ ਜਾਵੇ।
ਸਮਾਰਟ ਸਿਗਨਲ ਲਾਈਟਾਂ ਦੀਆਂ ਹੋਰ ਵਿਸ਼ੇਸ਼ਤਾਵਾਂ ਗਿਣਾਉਂਦਿਆਂ ਉਨਾਂ ਦੱਸਿਆ ਕਿ ਇਹ ਲਾਈਟਾਂ ਜਿੱਥੇ ਆਪਸ ਵਿੱਚ ਸਿੰਕ੍ਰੋਨਾਈਜ਼ ਹੋਣਗੀਆਂ ਅਤੇ ਇਕ ਲਾਈਟ ਤੋਂ ਬਾਅਦ ਦੂਜੀ ਲਾਈਟ ਤੱਕ ਪਹੁੰਚਦਿਆਂ ਵਾਹਨ ਨੂੰ ਅੱਗੇ ਵੀ ਲਾਈਟ ਹਰੀ ਹੀ ਮਿਲੇਗੀ, ਉਥੇ ਸੈਂਸਰ ਲੱਗੇ ਕੈਮਰਿਆਂ ਨਾਲ ਸੁਰੱਖਿਆ ਪੱਖੋਂ ਵੀ ਕਾਰਗਰ ਸਿੱਧ ਹੋਣਗੀਆਂ। ਇਸ ਦੇ ਨਾਲ ਹੀ ਲਾਈਟਾਂ ’ਤੇ ਵਾਹਨਾਂ ਦੇ ਘੱਟ ਖੜੇ ਹੋਣ ਕਾਰਨ ਪ੍ਰਦੂਸ਼ਣ ਘਟੇਗਾ, ਲੋਕਾਂ ਦਾ ਪੈਸਾ ਬਚੇਗਾ ਅਤੇ ਨਾਲ-ਨਾਲ ਚਲਾਨ ਪ੍ਰਣਾਲੀ ਵੀ ਮਜ਼ਬੂਤ ਹੋਵੇਗੀੇ। ਉਨਾਂ ਦੱਸਿਆ ਕਿ ਇਨਾਂ ਲਾਈਟਾਂ ਨੂੰ ਸੈਂਸਰ ਵਾਲੇ ਕੈਮਰੇ ਚਲਾਉਂਦੇ ਹਨ ਅਤੇ ਕੈਮਰੇ ਵਾਹਨਾਂ ਦੀ ਘਣਤਾ ਮੁਤਾਬਕ ਸਮਾਂ ਵਧਾ ਅਤੇ ਘਟਾ ਦਿੰਦਾ ਹੈ, ਜਿਸ ਨਾਲ ਟ੍ਰੈਫ਼ਿਕ ਦਾ ਫ਼ਲੋਅ ਬਣਿਆ ਰਹਿੰਦਾ ਹੈ ਅਤੇ ਵਾਹਨਾਂ ਦੀ ਭੀੜ ਜਮਾਂ ਨਹੀਂ ਹੁੰਦੀ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਲਾਈਟਾਂ ’ਤੇ ਐਂਬੂਲੈਂਸ ਫਸੇ ਹੋਣ ਦੀ ਸੂਰਤ ਵਿੱਚ ਕੰਟਰੋਲ ਰੂਮ ਤੋਂ ਉਸ ਪਾਸੇ ਦੇ ਵਾਹਨਾਂ ਨੂੰ ਚਲਣ ਲਈ ਹਰੀ ਲਾਈਟਾਂ ਵੀ ਵਿਖਾਈ ਜਾ ਸਕੇਗੀ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਰਵਾਇਤੀ ਟ੍ਰੈਫ਼ਿਕ ਸਿਗਨਲ ਪ੍ਰਣਾਲੀ ਦੀ ਥਾਂ ਆਧੁਨਿਕ ਸੈਂਸਰ ਆਧਾਰਤ ਟ੍ਰੈਫ਼ਿਕ ਸਿਗਨਲ ਪ੍ਰਣਾਲੀ ਵਿਕਸਤ ਇਹ ਸਿਗਨਲ ਸੜਕ ਦੇ ਹਰੇਕ ਪਾਸੇ ਤੋਂ ਆ ਰਹੇ ਵਾਹਨਾਂ ਦੀ ਗਿਣਤੀ ਦੇ ਹਿਸਾਬ ਨਾਲ ਚੱਲੇਗਾ। ਉਨਾਂ ਦੱਸਿਆ ਕਿ ਰਵਾਇਤੀ ਤਰੀਕਿਆਂ ਵਿੱਚ ਟ੍ਰੈਫ਼ਿਕ ਪੁਲਿਸ ਨੂੰ ਚੌਕਾਂ ਉਤੇ ਖੜ ਕੇ ਟਰੈਫਿਕ ਲੰਘਾਉਣਾ ਪੈਂਦਾ ਹੈ, ਜਿਸ ਲਈ ਬਹੁਤ ਜ਼ਿਆਦਾ ਮੁਲਾਜ਼ਮਾਂ ਦੀ ਲੋੜ ਪੈਂਦੀ ਹੈ, ਜਦੋਂ ਕਿ ਇਸ ਨਵੀਂ 3-ਡੀ ਤਕਨੀਕ ਰਾਹੀਂ ਟ੍ਰੈਫ਼ਿਕ ਸਿਗਨਲ ਪੂਰੀ ਤਰਾਂ ਆਟੋਮੈਟਿਕ ਹੋ ਜਾਣਗੇ ਅਤੇ ਸੈਂਸਰਾਂ ਨਾਲ ਜਿਸ ਪਾਸਿਉਂ ਜਿੰਨਾ ਟਰੈਫਿਕ ਆਏਗਾ, ਉਸ ਦੇ ਲੰਘਣ ਤੋਂ ਬਾਅਦ ਸਿਗਨਲ ਲਾਲ ਹੋ ਜਾਵੇਗਾ। ਉਨਾਂ ਕਿਹਾ ਕਿ ਟਰੈਫਿਕ ਮੈਨੇਜਮੈਂਟ ਨੂੰ ਬਿਹਤਰ ਅਤੇ ਆਰਥਿਕ ਪੱਖੋਂ ਲਾਹੇਵੰਦ ਬਣਾਉਣ ਦੀ ਦਿਸ਼ਾ ਵਿੱਚ ਇਹ ਵੱਡਾ ਮਾਅਰਕਾ ਹੈ। ਉਨਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਪੈਸੇ ਦੀ ਵੱਡੇ ਪੱਧਰ ਉਤੇ ਬਚਤ ਹੋਵੇਗੀ, ਸਗੋਂ ਟਰੈਫਿਕ ਲਾਈਟਾਂ ਦੀ ਉਲੰਘਣਾ ਵਿੱਚ ਕਮੀ ਆਵੇਗੀ ਅਤੇ ਸਫ਼ਰ ਵਿੱਚ ਲੱਗਣ ਵਾਲਾ ਸਮਾਂ ਵੀ ਘਟੇਗਾ।
ਮੀਟਿੰਗ ਦੌਰਾਨ ਉਨਾਂ ਫ਼ੂਡ ਸਪਲਾਈ ਕਰਨ ਵਾਲੇ ਕਰਿੰਦਿਆਂ ਅਤੇ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਸਬੰਧੀ ਜਾਣੂ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਵਿੱਢਣ ਲਈ ਵੀ ਕਿਹਾ। ਇਸੇ ਤਰਾਂ ਧੁੰਦ ਦੇ ਸੀਜ਼ਨ ਦੌਰਾਨ ਪੰਜਾਬ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਨੂੰ ਵੀ ਹੂ-ਬਹੂ ਲਾਗੂ ਕਰਨ ਦੀ ਹਦਾਇਤ ਕੀਤੀ ਗਈ।
ਇਸ ਮੌਕੇ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਸ੍ਰੀ ਸੁਖਵਿੰਦਰ ਕੁਮਾਰ, ਡੀ.ਐਸ.ਪੀ. (ਟ੍ਰੈਫਿਕ) ਗੁਰਇਕਬਾਲ ਸਿੰਘ ਅਤੇ ਰੋਡ ਸੇਫ਼ਟੀ ਇੰਜਨੀਅਰ ਮਿਸ਼ਨ ਤੰਦਰੁਸਤ ਪੰਜਾਬ ਚਰਨਜੀਤ ਸਿੰਘ ਹਾਜ਼ਰ ਸਨ।
ਸਕੂਲਾਂ ’ਚ ਰਸੋਈ ਗਾਰਡਨ ਵਿਕਸਿਤ ਕਰਨ ’ਤੇ ਜ਼ੋਰ
ਜ਼ਿਲਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ ਸ੍ਰੀਮਤੀ ਜੈਨ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲੇ ਦੇ ਸਮੂਹ ਸਕੂਲਾਂ ਵਿੱਚ ਪੋਸ਼ਣ ਗਾਰਡਨ (ਰਸੋਈ ਗਾਰਡਨ) ਤਿਆਰ ਕਰਵਾਉਣੇ ਯਕੀਨੀ ਬਣਾਏ ਜਾਣ। ਅਧਿਕਾਰੀਆਂ ਨੇ ਦੱਸਿਆ ਕਿ ਪੋਸ਼ਣ ਗਾਰਡਨ ਮੁਹਿੰਮ ਤਹਿਤ ਸਮੂਹ ਸਕੂਲਾਂ ਵਿੱਚ ਬੀਜ ਕਿੱਟਾਂ ਪਹੁੰਚਾ ਦਿੱਤੀਆਂ ਗਈਆਂ ਸਨ। ਇਸ ’ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕਿਹਾ ਕਿ ਸਕੂਲ ਮੁਖੀਆਂ ਤੋਂ ਇਹ ਰਿਪੋਰਟ ਲਈ ਜਾਵੇ ਕਿ ਕਿਚਨ ਗਾਰਡਨ ਤੋਂ ਕਿੰਨੀ ਸਬਜ਼ੀ ਮਿਡ-ਡੇਅ-ਮੀਲ ਲਈ ਵਰਤੀ ਗਈ ਹੈ ਤਾਂ ਜੋ ਬੀਜ ਕਿੱਟਾਂ ਦੀ ਸਹੀ ਵਰਤੋਂ ਦਾ ਅੰਦਾਜ਼ਾ ਲਾਇਆ ਜਾ ਸਕੇ। ਉਨਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਮੂਹ ਸਕੂਲਾਂ ਵਿੱਚ ਦਰੱਖ਼ਤਾਂ ਦੇ ਪੱਤਿਆਂ ਨੂੰ ਅੱਗ ਨਾ ਲਾਉਣੀ ਯਕੀਨੀ ਬਣਾਈ ਜਾਵੇ ਅਤੇ ਪੱਤਿਆਂ ਦੇ ਨਿਪਟਾਰੇ ਲਈ ਜ਼ਮੀਨਦੋਜ਼ ਖੱਡੇ ਬਣਾਏ ਜਾਣ।
ਇਸ ਤੋਂ ਪਹਿਲਾਂ ਜ਼ਿਲਾ ਸਿਹਤ ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਯਸ਼ਪਾਲ ਸ਼ਰਮਾ ਸਿਵਲ ਸਰਜਨ ਡਾ. ਮਨਜੀਤ ਸਿੰਘ ਸਮੇਤ ਸਮੂਹ ਜ਼ਿਲਾ ਅਧਿਕਾਰੀਆਂ ਤੋਂ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਜਿਵੇਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਪ੍ਰੋਗਰਾਮ, ਆਰ.ਐਨ.ਟੀ.ਸੀ.ਪੀ. ਪ੍ਰੋਗਰਾਮ, ਤੰਬਾਕੂ ਕੰਟਰੋਲ ਪ੍ਰੋਗਰਾਮ, ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ, ਨੈਸ਼ਨਲ ਵਾਇਰਲ ਹੈਪੇਟਾਈਟਿਸ ਕੰਟਰੋਲ ਪ੍ਰੋਗਰਾਮ, ਵੈਟਕਰ ਬੌਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ ਅਤੇ ਸਵੱਛਤਾ ਹੀ ਸੇਵਾ ਅਭਿਆਨ ਦਾ ਜਾਇਜ਼ਾ ਲਿਆ